ਤਿੰਨ ਹਜ਼ਾਰ ਕਿਲੋ ਲਾਹਣ ਬਰਾਮਦ
ਸ੍ਰੀ ਗੋਇੰਦਵਾਲ ਸਾਹਿਬ: ਆਬਕਾਰੀ ਵਿਭਾਗ ਵੱਲੋਂ ਇੰਸਪੈਕਟਰ ਰਾਮ ਮੂਰਤੀ ਦੀ ਅਗਵਾਈ ਹੇਠ ਪਿੰਡ ਗਗੜੇਵਾਲ ਦੇ ਮੰਡ ਖੇਤਰ ਵਿੱਚ ਚੈਕਿੰਗ ਦੌਰਾਨ ਲਾਹਣ ਬਰਾਮਦ ਕੀਤਾ ਹੈ। ਐਕਸਾਈਜ਼ ਇੰਸਪੈਕਟਰ ਰਾਮ ਮੂਰਤੀ ਅਤੇ ਮਿੱਤਲ ਵਾਈਨ ਦੇ ਇੰਚਾਰਜ ਗੁਰਮੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ...
ਸ੍ਰੀ ਗੋਇੰਦਵਾਲ ਸਾਹਿਬ: ਆਬਕਾਰੀ ਵਿਭਾਗ ਵੱਲੋਂ ਇੰਸਪੈਕਟਰ ਰਾਮ ਮੂਰਤੀ ਦੀ ਅਗਵਾਈ ਹੇਠ ਪਿੰਡ ਗਗੜੇਵਾਲ ਦੇ ਮੰਡ ਖੇਤਰ ਵਿੱਚ ਚੈਕਿੰਗ ਦੌਰਾਨ ਲਾਹਣ ਬਰਾਮਦ ਕੀਤਾ ਹੈ। ਐਕਸਾਈਜ਼ ਇੰਸਪੈਕਟਰ ਰਾਮ ਮੂਰਤੀ ਅਤੇ ਮਿੱਤਲ ਵਾਈਨ ਦੇ ਇੰਚਾਰਜ ਗੁਰਮੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਗਗੜੇਵਾਲ ਦੇ ਮੰਡ ਖੇਤਰ ਵਿੱਚ ਦੀਵਾਲੀ ਦੇ ਮੱਦੇਨਜ਼ਰ ਵੱਡੇ ਪੱਧਰ ’ਤੇ ਦੇਸੀ ਸ਼ਰਾਬ ਤਿਆਰ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਜਦ ਮੰਡ ਖੇਤਰ ਦੀ ਛਾਣਬੀਣ ਕੀਤੀ ਗਈ ਤਾਂ ਤਿੰਨ ਹਜ਼ਾਰ ਕਿਲੋ ਲਾਹਣ ਬਰਾਮਦ ਹੋਇਆ। ਇਸ ਦੇ ਨਾਲ ਦੇਸੀ ਸ਼ਰਾਬ ਤਿਆਰ ਕਰਨ ਲਈ ਵਰਤੇ ਜਾਣ ਵਾਲੇ ਭਾਂਡੇ ਬਰਾਮਦ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਕਾਰਵਾਈ ਲਈ ਥਾਣਾ ਵੈਰੋਵਾਲ ਵਿਖੇ ਇਤਲਾਹ ਦੇ ਦਿੱਤੀ ਗਈ ਹੈ। ਇਸ ਮੌਕੇ ਏ ਐੱਸ ਆਈ ਗੁਰਸਾਹਿਬ ਸਿੰਘ, ਹੈੱਡ ਕਾਂਸਟੇਬਲ ਜਗਜੀਤ ਸਿੰਘ ਅਤੇ ਆਬਕਾਰੀ ਵਿਭਾਗ ਦੀ ਟੀਮ ਮੌਜੂਦ ਸੀ। -ਪੱਤਰ ਪ੍ਰੇਰਕ
ਲੁੱਟ-ਖੋਹ ਮਾਮਲੇ ਵਿੱਚ ਤਿੰਨ ਗ੍ਰਿਫ਼ਤਾਰ
ਅੰਮ੍ਰਿਤਸਰ: ਅੰਮ੍ਰਿਤਸਰ ਕਮਿਸ਼ਨਰੇਟ ਪੁਲੀਸ ਨੇ ਰਣਜੀਤ ਐਵਨਿਊ ਇਲਾਕੇ ਵਿੱਚ ਹੋਈ ਲੁੱਟ ਦੇ ਮਾਮਲੇ ਵਿੱਚ ਤਿੰਨ ਮੁਲਜ਼ਮਾਂ ਨੂੰ ਹਥਿਆਰਾਂ ਸਮੇਤ ਕਾਬੂ ਕੀਤਾ ਹੈ। ਇਸ ਸਬੰਧ ਵਿੱਚ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਦੀ ਸ਼ਨਾਖਤ ਜਤਿੰਦਰ ਸਿੰਘ ਉਰਫ ਸਿਮੂ ਵਾਸੀ ਪਿੰਡ ਪਲਾਸੌਰ ਤੇ ਵਿਕਰਮਜੀਤ ਸਿੰਘ ਉਰਫ ਵਿੱਕੀ ਵਾਸੀ ਮਹੱਲਾ ਨਾਨਕਸਰ ਦੋਵੇਂ ਵਾਸੀ ਤਰਨ ਤਾਰਨ ਅਤੇ ਮਨਦੀਪ ਸਿੰਘ ਉਰਫ ਬੁੱਧੂ ਵਾਸੀ ਪਿੰਡ ਤਾਰਾਗੜ੍ਹ ਵਜੋਂ ਹੋਈ ਹੈ। ਪੁਲੀਸ ਨੇ ਇਹਨਾਂ ਦੇ ਕੋਲੋਂ ਤਿੰਨ ਪਿਸਤੌਲ, ਜਿਨਾਂ ਵਿੱਚ ਦੋ ਪਿਸਤੌਲ ਪੁਆਇੰਟ 32 ਬੋਰ ਅਤੇ ਇੱਕ ਪਿਸਤੌਲ.30 ਬੋਰ ਦਾ ਸ਼ਾਮਲ ਹੈ, ਬਰਾਮਦ ਕੀਤੇ ਹਨ। ਇਸ ਤੋਂ ਇਲਾਵਾ ਦੋ ਕਾਰਾਂ ਵੀ ਜਬਤ ਕੀਤੀਆਂ ਹਨ। -ਟਨਸ
ਧਾਲੀਵਾਲ ਵੱਲੋਂ ਮੁੱਖ ਮੰਤਰੀ ਦੀ ਲੰਮੀ ਉਮਰ ਲਈ ਅਰਦਾਸ
ਅੰਮ੍ਰਿਤਸਰ: ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਸੰਗਰਾਂਦ ਮੌਕੇ ਮਹਾਨ ਤਪਸਵੀ ਬਾਬਾ ਜਵੰਦ ਸਿੰਘ ਜੀ ਦੇ ਤਪ ਅਸਥਾਨ ਗੁਰਦੁਆਰਾ ਸੰਤਸਰ ਸਾਹਿਬ ਹਵਾਈ ਅੱਡਾ ਰਾਜਾਸਾਂਸੀ ਵਿਖੇ ਸਰਬੱਤ ਦੇ ਭਲੇ ਤੇ ਇਲਾਕੇ ਦੀ ਚੜ੍ਹਦੀ ਕਲਾ ਲਈ ਰਖਵਾਏ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤਯਾਬ ਤੇ ਲੰਮੀ ਉਮਰ ਅਤੇ ਪਾਰਟੀ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ। ਇਹ ਸਮਾਗਮ ਸਰਗਰਮ ਵਾਲੰਟੀਅਰ ਲਵਕਰਨ ਸਿੰਘ ਭੱਖਾ ਵਲੋਂ ਕਰਵਾਇਆ ਗਿਆ ਸੀ। ਉਨ੍ਹਾਂ ਦਾਅਵਾ ਕੀਤਾ ਕਿ ਮੁੱਖ ਮੰਤਰੀ ਨੇ ਹੜ੍ਹ ਪੀੜਤ ਕਿਸਾਨਾਂ ਨੂੰ ਨੁਕਸਾਨੀਆਂ ਫਸਲਾਂ ਦਾ ਵਾਅਦੇ ਅਨੁਸਾਰ ਨਿਰਧਾਰਿਤ ਸਮੇਂ ਤੋਂ ਵੀ ਪਹਿਲਾਂ 20 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇ ਦਿੱਤਾ ਹੈ। ਹਰੇਕ ਖਪਤਕਾਰ ਨੂੰ 600 ਯੂਨਿਟ ਮੁਫ਼ਤ ਬਿਜਲੀ, ਆਮ ਆਦਮੀ ਕਲੀਨਿਕ, 10 ਲੱਖ ਰੁਪਏ ਮੁਫ਼ਤ ਸਿਹਤ ਬੀਮਾ ਸੇਵਾਵਾਂ ਦੇਣ, ਮਿਆਰੀ ਸਿੱਖਿਆ, 56 ਹਜ਼ਾਰ ਬੇਰੁਜ਼ਗਾਰਾਂ ਨੂੰ ਮੈਰਿਟ ਦੇ ਅਧਾਰ ’ਤੇ ਨੌਕਰੀਆਂ ਦੇਣ, ਯੁੱਧ ਨਸ਼ਿਆਂ ਵਿਰੁੱਧ, ਗੈਂਗਸਟਰਵਾਦ ਤੇ ਭ੍ਰਿਸ਼ਟਾਚਾਰ ਨੂੰ ਨਕੇਲ ਪਾਈ ਹੈ। -ਟਨਸ
ਟਿੱਪਰ ਪਲਟਣ ਕਾਰਨ ਪੰਜ ਕਾਰਾਂ ਨੁਕਸਾਨੀਆਂ
ਸ਼ਾਹਕੋਟ: ਮਲਸੀਆਂ ਦੇ ਕਾਰ ਬਾਜ਼ਾਰ ਦੇ ਨਜ਼ਦੀਕ ਰੇਤਾ ਨਾਲ ਭਰਿਆ ਟਿੱਪਰ ਦੇ ਪਲਟਣ ਕਾਰਨ ਪੰਜ ਕਾਰਾਂ ਨੁਕਸਾਨੀਆਂ ਗਈਆਂ। ਜਾਣਕਾਰੀ ਮੁਤਾਬਕ ਜਗਦੀਪ ਸਿੰਘ ਪੁੱਤਰ ਤਰਸੇਮ ਸਿੰਘ ਵਾਸੀ ਕਾਲਾ ਸੰਘਿਆਂ ਰੇਤਾ ਨਾਲ ਭਰਿਆ ਟਿੱਪਰ ਜਲੰਧਰ ਲੈ ਕੇ ਜਾ ਰਿਹਾ ਸੀ। ਜਦੋਂ ਉਹ ਮਲਸੀਆਂ ਦੇ ਨਜ਼ਦੀਕ ਇੱਕ ਕਾਰ ਬਾਜ਼ਾਰ ਦੇ ਨਜ਼ਦੀਕ ਪੁੱਜਾ ਤਾਂ ਅਚਾਨਕ ਸੰਤੁਲਨ ਵਿਗੜਨ ਕਾਰਨ ਟਿੱਪਰ ਪਲਟ ਗਿਆ। ਟਿੱਪਰ ਦੇ ਪਲਟਣ ਨਾਲ ਕਾਰ ਬਜ਼ਾਰ ਦੀਆਂ ਪੰਜ ਕਾਰਾਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ। ਪੁਲੀਸ ਚੌਕੀ ਮਲਸੀਆਂ ਦੇ ਏ ਐੱਸ ਆਈ ਜਗਦੇਵ ਸਿੰਘ ਨੇ ਕਿਹਾ ਕਿ ਉਹ ਘਟਨਾ ਦੀ ਜਾਂਚ ਕਰ ਰਹੇ ਹਨ। --ਪੱਤਰ ਪ੍ਰੇਰਕ
ਨਸ਼ੀਲੇ ਪਦਾਰਥਾਂ ਸਣੇ ਤਿੰਨ ਕਾਬੂ
ਦਸੂਹਾ: ‘ਯੁੱਧ ਨਸ਼ਿਆਂ ਵਿਰੁਧ’ ਮੁਹਿੰਮ ਤਹਿਤ ਪੁਲੀਸ ਨੇ ਵੱਖ-ਵੱਖ ਥਾਵਾਂ ਤੋਂ ਤਿੰਨ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਥਾਣਾ ਮੁਖੀ ਬਲਜਿੰਦਰ ਸਿੰਘ ਮੱਲੀ ਨੇ ਦੱਸਿਆ ਕਿ ਏ ਐੱਸ ਆਈ ਰਵਿੰਦਰ ਸਿੰਘ ਦੀ ਅਗਵਾਈ ਹੇਠ ਪੁਲੀਸ ਟੀਮ ਨੇ ਗਸ਼ਤ ਦੌਰਾਨ ਸ਼ੁਭਮ ਉਰਫ ਬੱਲੂ ਵਾਸੀ ਮਹਾਜਨਾ ਮੁਹੱਲਾ ਨੂੰ 11 ਟੀਕਿਆਂ ਸਮੇਤ ਗ੍ਰਿਫਤਾਰ ਕੀਤਾ ਹੈ। ਇਸੇ ਤਰ੍ਹਾਂ ਏ ਐੱਸ ਆਈ ਦਿਲਦਾਰ ਸਿੰਘ ਦੀ ਅਗਵਾਈ ਹੇਠ ਪੁਲੀਸ ਪਾਰਟੀ ਵੱਲੋਂ ਗਸ਼ਤ ਦੌਰਾਨ ਗੁਰਪ੍ਰੀਤ ਸਿੰਘ ਵਾਸੀ ਪਿੰਡ ਛਾਂਗਲਾ ਤੋਂ 46 ਨਸ਼ੀਲੀਆਂ ਗੋਲੀਆਂ ਅਤੇ ਰਵੀ ਵਾਸੀ ਪਿੰਡ ਛਾਂਗਲਾ ਨੂੰ 40 ਨਸ਼ੀਲੀਆਂ ਗੋਲੀਆਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਤਿੰਨਾਂ ਮੁਲਜ਼ਮਾਂ ਖ਼ਿਲਾਫ਼ ਐੱਨ ਡੀ ਪੀ ਐੱੱਸ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਅਤੇ ਅਦਾਲਤ ਵਿੱਚ ਪੇਸ਼ ਕਰਕੇ ਪੁੱਛ ਪੜਤਾਲ ਲਈ ਰਿਮਾਂਡ ਹਾਸਲ ਕੀਤਾ ਜਾਵੇਗਾ। -ਪੱਤਰ ਪ੍ਰੇਰਕ
ਵਿਸ਼ੇਸ਼ ਪ੍ਰਦਰਸ਼ਨੀ ਅੱਜ ਤੋਂ
ਅੰਮ੍ਰਿਤਸਰ: 1947 ਵਿਚ ਦੇਸ਼ ਦੀ ਹੋਈ ਵੰਡ ਮਗਰੋਂ ਇੱਕ ਸਾਂਝੀ ਸੱਭਿਆਚਾਰਕ ਵਿਰਾਸਤ ਵਿਸ਼ੇ ’ਤੇ ਚਿੱਤਰ ਪ੍ਰਦਰਸ਼ਨੀ ਐਸੈਕਸ ਕਲਚਰਲ ਡਾਇਵਰਸਿਟੀ ਪ੍ਰਾਜੈਕਟ ਯੂ ਕੇ ਵੱਲੋਂ 18 ਅਕਤੂਬਰ ਤੋਂ ਪਾਰਟੀਸ਼ਨ ਮਿਊਜ਼ੀਅਮ ਅੰਮ੍ਰਿਤਸਰ ਵਿਖੇ ਲਗਾਈ ਜਾ ਰਹੀ ਹੈ। ਸੂਚਨਾ ਕਮਿਸ਼ਨਰ ਹਰਪ੍ਰੀਤ ਸਿੰਘ ਸੰਧੂ ਇਸ ਪ੍ਰਦਰਸ਼ਨੀ ਦਾ ਉਦਘਾਟਨ ਕਰਨਗੇ। ਇਹ ਪ੍ਰਦਰਸ਼ਨੀ ਵੰਡ ਦੇ ਬਾਅਦ ਯੂਕੇ ਆਏ ਭਾਰਤੀ ਮੂਲ ਦੇ ਲੋਕਾਂ, ਜਿਸ ਵਿੱਚ ਸਿੱਖ, ਹਿੰਦੂ ਅਤੇ ਮੁਸਲਮਾਨ ਭਾਈਚਾਰੇ ਦੇ ਲੋਕ ਸ਼ਾਮਿਲ ਸਨ, ਦੀਆਂ ਯਾਦਾਂ, ਤਜ਼ਰਬਿਆਂ ਅਤੇ ਵਿਰਾਸਤ ਨੂੰ ਸੰਜੋਣ ਦੀ ਕੋਸ਼ਿਸ਼ ਹੈ। ਇੰਗਲੈਂਡ ਦੇ ਪੂਰਬੀ ਇਲਾਕਿਆਂ (ਨੌਰਫੋਕ, ਸਫੋਲਕ ਅਤੇ ਐਸੈਕਸ) ਵਿੱਚ ਵੱਸਦੇ ਲੋਕਾਂ ਦੀਆਂ ਤਿੰਨ ਪੀੜ੍ਹੀਆਂ ਦੀਆਂ ਗੱਲਾਂ, ਚੁਣੌਤੀਆਂ, ਅਤੇ ਸਫਲਤਾਵਾਂ ਨੂੰ ਇੱਕ ਸਾਂਝੇ ਪਲੇਟਫਾਰਮ ਰਾਹੀਂ ਇਸ ਪ੍ਰਦਰਸ਼ਨੀ ਵਿੱਚ ਪ੍ਰਦਰਸ਼ਿਤ ਕੀਤਾ ਜਾਵੇਗਾ। ਇਹ ਪ੍ਰਦਰਸ਼ਨੀ 18 ਅਕਤੂਬਰ ਤੋਂ ਸ਼ੁਰੂ ਹੋ ਕੇ ਇੱਕ ਮਹੀਨੇ ਤੱਕ ਚੱਲੇਗੀ। -ਟਨਸ
ਅਸਲੇ ਸਣੇ ਕਾਬੂ
ਜਲੰਧਰ: ਜਲੰਧਰ ਕਮਿਸ਼ਨਰੇਟ ਪੁਲੀਸ ਵਲੋਂ ਮਾੜੇ ਅਨਸਰਾਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਤਹਿਤ ਪੁਲੀਸ ਕਮਿਸ਼ਨਰ ਧੰਨਪ੍ਰੀਤ ਕੌਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਡੀ ਸੀ ਪੀ (ਇਨਵੈਸਟੀਗੇਸ਼ਨ) ਮਨਪ੍ਰੀਤ ਸਿੰਘ ਢਿੱਲੋਂ, ਏ ਡੀ ਸੀ ਪੀ (ਇਨਵੈਸਟੀਗੇਸ਼ਨ) ਜੇਯੰਤ ਪੁਰੀ ਅਤੇ ਏ ਸੀ ਪੀ (ਡੀ) ਅਮਰਬੀਰ ਸਿੰਘ ਦੀ ਨਿਗਰਾਨੀ ਹੇਠ ਇੰਸਪੈਕਟਰ ਸੁਰਿੰਦਰ ਕੁਮਾਰ ਇੰਚਾਰਜ ਸੀ ਆਈ ਏ ਸਟਾਫ ਜਲੰਧਰ ਦੀ ਪੁਲੀਸ ਟੀਮ ਨੇ ਕਾਰਵਾਈ ਕਰਦਿਆਂ ਇੱਕ ਮੁਲਜ਼ਮ ਨੂੰ ਗ਼ੈਰ-ਕਾਨੂੰਨੀ ਹਥਿਆਰ ਸਮੇਤ ਕਾਬੂ ਕਰਨ ਵਿੱਚ ਸਫ਼ਲਤਾ ਪ੍ਰਾਪਤ ਕੀਤੀ ਹੈ। ਪੁਲੀਸ ਕਮਿਸ਼ਨਰ ਜਲੰਧਰ ਨੇ ਦੱਸਿਆ ਕਿ ਸੀ ਆਈ ਏ ਸਟਾਫ਼ ਦੀ ਟੀਮ ਨੇ ਜਲੰਧਰ ਵਿੱਚ ਟਰਾਂਸਪੋਰਟ ਨਗਰ ਪੁਲ ਹੇਠਾਂ ਨਾਕਾ ਲਾਇਆ ਹੋਇਆ ਸੀ। ਇਸ ਦੌਰਾਨ ਸ਼ੱਕ ਦੇ ਆਧਾਰ ’ਤੇ ਇੱਕ ਵਿਅਕਤੀ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਉਸ ਕੋਲੋਂ ਇਕ ਪਿਸਤੌਲ .32 ਬੋਰ ਅਤੇ ਚਾਰ ਕਾਰਤੂਸ ਬਰਾਮਦ ਹੋਏ। ਮੁਲਜ਼ਮ ਦੀ ਪਛਾਣ ਸਾਗਰ ਮਸੀਹ ਉਰਫ਼ ਬਾਗੀ ਵਾਸੀ ਕ੍ਰਿਸਚਨ ਮੁਹੱਲਾ ਨੇੜੇ ਟਾਂਗੇ ਵਾਲਾ ਅੱਡਾ ਕਾਹਨੂੰਵਾਨ ਜ਼ਿਲ੍ਹਾ ਗੁਰਦਾਸਪੁਰ ਵਜੋਂ ਹੋਈ। -ਪੱਤਰ ਪ੍ਰੇਰਕ
ਸੜਕ ਹਾਦਸੇ ’ਚ ਜ਼ਖ਼ਮੀ
ਪਠਾਨਕੋਟ: ਧਾਰ ਕਲਾਂ ਚੌਕ ਨੇੜੇ ਇੱਕ ਟਰੈਕਟਰ-ਟਰਾਲੀ ਹਾਦਸਾਗ੍ਰਸਤ ਹੋ ਗਈ ਜਿਸ ਕਾਰਨ ਇੱਕ ਮੋਟਰਸਾਈਕਲ ਅਤੇ ਇੱਕ ਸਕੂਟਰ ਨੂੰ ਨੁਕਸਾਨ ਪਹੁੰਚਿਆ। ਚਸ਼ਮਦੀਦਾਂ ਅਨੁਸਾਰ ਟਰੈਕਟਰ ਜੁਗਿਆਲ ਵਾਲੇ ਪਾਸੇ ਤੋਂ ਦੁਨੇਰਾ ਵੱਲ ਟਾਈਲਾਂ ਲੈ ਕੇ ਜਾ ਰਿਹਾ ਸੀ। ਜਿਵੇਂ ਹੀ ਟਰੈਕਟਰ ਧਾਰ ਚੌਕ ਕੋਲ ਪਹੁੰਚਿਆ ਤਾਂ ਬਰੇਕ ਫੇਲ੍ਹ ਹੋ ਜਾਣ ਕਾਰਨ ਡਰਾਈਵਰ ਕੋਲੋਂ ਬੇਕਾਬੂ ਹੋ ਕੇ ਇੱਕ ਦੁਕਾਨ ਵੱਲ ਪਲਟ ਗਿਆ। ਖੁਸ਼ਕਿਸਮਤੀ ਨਾਲ, ਉੱਥੇ ਮੌਜੂਦ ਕਿਸੇ ਵੀ ਵਿਅਕਤੀ ਨੂੰ ਸੱਟ ਨਹੀਂ ਲੱਗੀ। ਪਲਟਣ ਕਾਰਨ ਟਰੈਕਟਰ ਦੋ ਹਿੱਸਿਆਂ ਵਿੱਚ ਟੁੱਟ ਗਿਆ। ਲੋਕਾਂ ਨੇ ਦੱਸਿਆ ਕਿ ਇਸ ਹਾਦਸੇ ਵਿੱਚ ਟਰੈਕਟਰ ਚਾਲਕ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਉਸ ਨੂੰ ਇਲਾਜ ਲਈ ਹਸਪਤਾਲ ਭੇਜਿਆ ਗਿਆ ਹੈ। -ਪੱਤਰ ਪ੍ਰੇਰਕ