ਬਲਾਚੌਰ ਵਿੱਚੋਂ ਭੀਖ ਮੰਗਣ ਵਾਲੇ ਤਿੰਨ ਬੱਚਿਆਂ ਨੂੰ ਛੁਡਵਾਇਆ
ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਪ੍ਰਾਜੈਕਟ ਜੀਵਨਜੋਤ ਤਹਿਤ ਜ਼ਿਲ੍ਹੇ ਵਿੱਚ ਬਾਲ ਭਿਖਿਆ ਨੂੰ ਰੋਕਣ ਲਈ ਚਲਾਈ ਮੁਹਿੰਮ ਹੇਠ ਅੱਜ ਬਲਾਕ ਬਲਾਚੌਰ ਵਿੱਚ ਬਾਲ ਭਿੱਖਿਆ ਵਿੱਚ ਲੱਗੇ ਤਿੰਨ ਬੱਚਿਆਂ ਨੂੰ ਰੈਸਕਿਊ ਕੀਤਾ ਗਿਆ। ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਜ਼ਿਲ੍ਹਾ ਦਫ਼ਤਰ ਦੀ ਟੀਮ ਵੱਲੋਂ ਬਲਾਕ ਬਲਾਚੌਰ ਵਿੱਚ ਭੱਦੀ ਰੋਡ, ਬੱਸ ਸਟੈਂਡ, ਮੇਨ ਚੌਕ, ਗਹੂਣ ਰੋਡ ’ਤੇ ਚੈਕਿੰਗ ਦੌਰਾਨ ਇਨ੍ਹਾਂ ਤਿੰਨ ਬੱਚਿਆਂ ਨੂੰ ਰੈਸਕਿਊ ਕੀਤਾ ਗਿਆ, ਜਿਨ੍ਹਾਂ ਨੂੰ ਅਗਲੇਰੇ ਹੁਕਮਾਂ ਲਈ ਬਾਲ ਭਲਾਈ ਕਮੇਟੀ ਕੋਲ ਪੇਸ਼ ਕੀਤਾ ਗਿਆ ਹੈ। ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਵੱਲੋਂ ਬੱਚਿਆਂ ਦੀ ਸੋਸ਼ਲ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਜਾ ਚੁੱਕੀ ਹੈ ਤਾਂ ਜੋ ਬੱਚਿਆਂ ਨੂੰ ਉਮਰ ਅਨੁਸਾਰ ਸਕੂਲ ਵਿਚ ਦਾਖ਼ਲ ਕਰਵਾਇਆ ਜਾ ਸਕੇ ਅਤੇ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਦਾ ਲਾਭ ਵੀ ਦਿੱਤਾ ਜਾ ਸਕੇ। ਜ਼ਿਲ੍ਹਾ ਪ੍ਰੋਗਰਾਮ ਅਫਸਰ ਜਗਰੂਪ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਜ਼ਿਲ੍ਹੇ ਵਿੱਚ ਬਾਲ ਭਿੱਖਿਆ ਦੀ ਰੋਕਥਾਮ ਅਤੇ ਬੱਚਿਆਂ ਦੇ ਨਾਲ ਨਾਲ ਉਨ੍ਹਾਂ ਦੇ ਮਾਪਿਆਂ ਦੇ ਡੀ.ਐਨ.ਏ. ਟੈਸਟਿੰਗ ਕਰਵਾਉਣ ਲਈ ਪ੍ਰਾਜੈਕਟ ਜੀਵਨ ਜੋਤ-2 ਸ਼ੁਰੂ ਕੀਤਾ ਗਿਆ ਹੈ ਤਾਂ ਜੋ ਕੋਈ ਵੀ ਬੱਚਾ ਕਿਸੇ ਵੀ ਤਰੀਕੇ ਸੋਸ਼ਣ ਜਾਂ ਟਰੈਫਿਕਿੰਗ ਦਾ ਸ਼ਿਕਾਰ ਨਾ ਹੋਵੇ। ਜ਼ਿਲਾ ਪ੍ਰੋਗਰਾਮ ਅਧਿਕਾਰੀ ਨੇ ਦੱਸਿਆ ਕਿ ਇਸ ਸਬੰਧੀ ਜਾਂਚ ਕਰਵਾਉਣ ਲਈ ਡੀਐੱਨਏ ਟੈਸਟ ਕਰਵਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਜਿਲੇ ਵਿੱਚ ਬੱਚਿਆਂ ਦੀ ਸੁਰੱਖਿਆ ਲਈ ਕਾਰਜਸ਼ੀਲ ਜਿਲਾ ਬਾਲ ਸੁਰੱਖਿਆ ਯੂਨਿਟ ਨੂੰ ਸਬ-ਡਿਵੀਜ਼ਨਲ ਪੱਧਰੀ ਕਮੇਟੀਆਂ ਨਾਲ ਮਿਲ ਕੇ ਜਿਲੇ ਵਿੱਚ ਬਾਲ ਭਖਿਆ ਵਿੱਚ ਲੱਗੇ ਹੋਏ ਬੱਚਿਆਂ ਦੀ ਚੈਕਿੰਗ ਕਰਨ ਦੀ ਹਦਾਇਤ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਕੋਈ ਵੀ ਸ਼ਿਕਾਇਤ ਦਰਜ ਕਰਵਾਉਣ ਲਈ ਚਾਈਲਡ ਹੈਲਪਲਾਈਨ ਨੰਬਰ 1098 ’ਤੇ ਸੰਪਰਕ ਕੀਤਾ ਜਾ ਸਕਦਾ ਹੈ।