ਧਮਕੀ ਦਾ ਮਾਮਲਾ: ਭਾਜਪਾ ਆਗੂ ਵੱਲੋਂ ਕਾਰੋਬਾਰੀ ਨਾਲ ਬੰਦ ਕਮਰਾ ਮੀਟਿੰਗ
ਨੇੜਲੇ ਪਿੰਡ ਹਿਆਤਪੁਰ ਦੇ ਟਰਾਲੀ ਕਾਰੋਬਾਰੀ ਨੂੰ ਗੈਂਗਸਟਰ ਵੱਲੋਂ ਕਥਿਤ ਧਮਕਾਉਣ ਦੇ ਮਾਮਲੇ ’ਚ ਇੱਕ ਸੱਤਾਧਾਰੀ ਆਗੂ ਦੇ ਪੁੱਤਰ ਦਾ ਨਾਮ ਉੱਛਲਣ ਤੋਂ ਬਾਅਦ ਹਲਕੇ ਵਿੱਚ ਸਿਆਸਤ ਭਖਣ ਲੱਗੀ ਹੈ। ਅੱਜ ਦੇਰ ਸ਼ਾਮ ਹੁਸ਼ਿਆਰਪੁਰ ਤੋਂ ਭਾਜਪਾ ਦੇ ਸਾਬਕਾ ਲੋਕ ਸਭਾ...
ਨੇੜਲੇ ਪਿੰਡ ਹਿਆਤਪੁਰ ਦੇ ਟਰਾਲੀ ਕਾਰੋਬਾਰੀ ਨੂੰ ਗੈਂਗਸਟਰ ਵੱਲੋਂ ਕਥਿਤ ਧਮਕਾਉਣ ਦੇ ਮਾਮਲੇ ’ਚ ਇੱਕ ਸੱਤਾਧਾਰੀ ਆਗੂ ਦੇ ਪੁੱਤਰ ਦਾ ਨਾਮ ਉੱਛਲਣ ਤੋਂ ਬਾਅਦ ਹਲਕੇ ਵਿੱਚ ਸਿਆਸਤ ਭਖਣ ਲੱਗੀ ਹੈ। ਅੱਜ ਦੇਰ ਸ਼ਾਮ ਹੁਸ਼ਿਆਰਪੁਰ ਤੋਂ ਭਾਜਪਾ ਦੇ ਸਾਬਕਾ ਲੋਕ ਸਭਾ ਮੈਂਬਰ ਸੋਮ ਪ੍ਰਕਾਸ਼ ਵਲੋਂ ਜੈਲਦਾਰ ਇਨੋਵੇਸ਼ਨ ਦੇ ਮਾਲਕ ਮਲਕੀਤ ਸਿੰਘ ਨਾਲ ਬੰਦ ਕਮਰਾ ਮੀਟਿੰਗ ਕੀਤੀ ਗਈ। ਇਸ ਦੌਰਾਨ ਉਨ੍ਹਾਂ ਐੱਸਐੱਸਪੀ ਹੁਸ਼ਿਆਰਪੁਰ ਨਾਲ ਗੱਲਬਾਤ ਕਰਕੇ ਕਾਰੋਬਾਰੀ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਆਖਿਆ। ਉੱਧਰ, ਕਾਰੋਬਾਰੀ ਨੇ ਹਲਕੇ ਦੇ ਪੁਲੀਸ ਅਧਿਕਾਰੀਆਂ ਦੀ ਥਾਣੇ ਦੇ ਮੁਨਸ਼ੀ ਪ੍ਰਤੀ ਢਿੱਲੀ ਨੀਤੀ ’ਤੇ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਮੁਨਸ਼ੀ ਵਲੋਂ ਹਲਕੇ ਦੇ ਪੁਲੀਸ ਅਧਿਕਾਰੀਆਂ ਦੀ ਜਾਣਕਾਰੀ ਤੋਂ ਬਿਨਾਂ ਕੀਤੇ ਜਾਂਦੇ ਅਜਿਹੇ ਸਿਫਾਰਸ਼ੀ ਫੋਨਾਂ ਦੀ ਜਾਂਚ ਹੋਣੀ ਚਾਹੀਦੀ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਇੱਕ ਗੈਂਗਸਟਰ ਵਲੋਂ ਪਿੰਡ ਹਿਆਤਪੁਰ ਦੇ ਕਾਰੋਬਾਰੀ ਨੂੰ ਧਮਕਾਉਣ ਮਾਮਲੇ ਵਿੱਚ ਸਾਈਬਰ ਕਰਾਈਮ ਨੇ ਕੇਸ ਦਰਜ ਕੀਤਾ ਸੀ। ਇਸ ਮਾਮਲੇ ਵਿੱਚ ਇੱਕ ਪੰਜਾਬੀ ਗਾਇਕ, ਹਲਕੇ ਦੇ ਸੱਤਾਧਾਰੀ ਆਗੂ ਦੇ ਪੁੱਤਰਾਂ ਅਤੇ ਮੁਕੇਰੀਆਂ ਥਾਣੇ ਦੇ ਤਤਕਾਲੀ ਮੁਨਸ਼ੀ ’ਤੇ ਦੋਸ਼ ਲੱਗੇ ਸਨ, ਜਦੋਂ ਕਿ ਸੱਤਾਧਾਰੀ ਆਗੂ ਨੇ ਇਸ ਮਾਮਲੇ ਵਿੱਚ ਆਪਣੇ ਪੁੱਤਰ ਦੀ ਕਿਸੇ ਸ਼ਮੂਲੀਅਤ ਤੋਂ ਇਨਕਾਰ ਕੀਤਾ ਸੀ। ਕਾਰੋਬਾਰੀ ਕੋਲ ਸੀਸੀਟੀਵੀ ਕੈਮਰਿਆਂ ਦੀ ਫੁਟੇਜ਼ ਅਨੁਸਾਰ ਜਿੰਨੀ ਵੇਰ ਵੀ ਗਾਇਕ ਟਰਾਲੀਆਂ ਘੱਟ ਰੇਟ ਅਤੇ ਜਲਦੀ ਲੈਣ ਲਈ ਦਬਾਅ ਬਣਾਉਣ ਆਇਆ ਸੀ, ਉਨੀ ਵਾਰ ਹੀ ਸੱਤਾਧਾਰੀ ਆਗੂ ਦਾ ਪੁੱਤਰ ਉਸ ਦੇ ਨਾਲ ਰਿਹਾ ਅਤੇ ਥਾਣੇ ਦਾ ਮੁਨਸ਼ੀ ਵੀ ਲਗਾਤਾਰ ਫੋਨ ਕਰਦਾ ਰਿਹਾ ਹੈ। ਬੀਤੀ 5 ਅਕਤੂਬਰ ਨੂੰ ਕਾਰੋਬਾਰੀ ਕੋਲ ਜਾਣ ਤੋਂ ਪਹਿਲਾਂ ਗਾਇਕ ਸੱਤਾਧਾਰੀ ਆਗੂ ਦੇ ਇੱਕ ਕਾਰੋਬਾਰ ਦੇ ਉਦਘਾਟਨੀ ਪ੍ਰੋਗਰਾਮ ਵਿੱਚ ਵੀ ਸ਼ਾਮਲ ਹੋਇਆ ਸੀ।
ਸੂਤਰਾਂ ਅਨੁਸਾਰ ਭਾਜਪਾ ਆਗੂ ਨੇ ਕਾਰੋਬਾਰੀ ਦੇ ਪੁਲੀਸ ਕੋਲ ਕਥਿਤ ਦੋਸ਼ੀਆਂ ਦੇ ਨਾਮ ਸਣੇ ਵੇਰਵੇ ਦਰਜ ਕਰਾਉਣ ਦੇ ਬਾਵਜੂਦ ਅਣਪਛਾਤਿਆਂ ਖਿਲਾਫ਼ ਕੇਸ ਦਰਜ ਕਰਨ ਨੂੰ ਮੰਦਭਾਗਾ ਦੱਸਿਆ ਹੈ। ਸੂਤਰਾਂ ਅਨੁਸਾਰ ਭਾਜਪਾ ਆਗੂ ਨੇ ਕਾਰੋਬਾਰੀ ਨੂੰ ਭਰੋਸਾ ਦੁਆਇਆ ਹੈ ਕਿ ਉਹ ਕਾਰੋਬਾਰੀ ਦੀ ਸੁਰੱਖਿਆ ਦਾ ਮਾਮਲਾ ਸਰਕਾਰ ਕੋਲ ਉਠਾਉਣਗੇ ਅਤੇ ਮਾਮਲੇ ਦੀ ਨਿਰਪੱਖ ਜਾਂਚ ਲਈ ਅਧਿਕਾਰੀਆਂ ਨੂੰ ਵੀ ਕਹਿਣਗੇ। ਦੱਸਦੇ ਹਨ ਕਿ ਭਾਜਪਾ ਆਗੂ ਨੇ ਉੱਚ ਪੁਲੀਸ ਅਧਿਕਾਰੀਆਂ ਦੀ ਜਾਣਕਾਰੀ ਤੋਂ ਬਿਨਾਂ ਕਥਿਤ ਗੈਂਗਸਟਰ ਦੇ ਚਹੇਤੇ ਗਾਇਕ ਦੇ ਪੱਖ ਵਿੱਚ ਫੋਨ ਕਰਨ ਵਾਲੇ ਮੁਨਸ਼ੀ ਖਿਲਾਫ਼ ਕੋਈ ਠੋਸ ਕਾਰਵਾਈ ਨਾ ਕਰਨ ਨੂੰ ਵੀ ਗੰਭੀਰਤਾ ਨਾਲ ਲਿਆ ਹੈ। ਇਸ ਦੀ ਪੁਸ਼ਟੀ ਕਰਦਿਆਂ ਕਾਰੋਬਾਰੀ ਮਲਕੀਤ ਸਿੰਘ ਨੇ ਕਿਹਾ ਕਿ ਭਾਜਪਾ ਆਗੂ ਕੋਲ ਉਨ੍ਹਾਂ ਆਪਣੇ ਕਾਰੋਬਾਰ ਅਤੇ ਸੁਰੱਖਿਆ ਦੇ ਮਸਲੇ ਵਿਚਾਰੇ ਹਨ। ਇਸ ’ਤੇ ਭਾਜਪਾ ਆਗੂ ਨੇ ਹਰ ਸੰਭਵ ਮੱਦਦ ਦਾ ਭਰੋਸਾ ਦੁਆਇਆ ਹੈ। ਮੀਟਿੰਗ ਦੀ ਪੁਸ਼ਟੀ ਭਾਜਪਾ ਆਗੂ ਸੋਮ ਪ੍ਰਕਾਸ਼ ਨੇ ਕਰਦਿਆਂ ਕਿਹਾ ਕਿ ਉਹ ਕਾਰੋਬਾਰੀ ਦੀ ਸੁਰੱਖਿਆ ਨੂੰ ਲੈ ਕੇ ਚਿੰਤਤ ਹਨ, ਜਿਸ ਪ੍ਰਤੀ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਹੈ।