ਮੰਨੂ ਮਾਛੀ ਬੰਨ੍ਹ ਟੁੱਟਣ ਨਾਲ ਹਜ਼ਾਰਾਂ ਏਕੜ ਫ਼ਸਲ ਡੁੱਬੀ
ਇਸ ਇਲਾਕੇ ਬਿਆਸ ਦਰਿਆ ਦੇ ਹੜ੍ਹ ਦੇ ਪਾਣੀ ਕਾਰਨ ਹੋਏ ਨੁਕਸਾਨ ਮਗਰੋਂ ਹੁਣ ਸਤਲੁਜ ਦੇ ਪਾਣੀ ਕਾਰਨ ਵੀ ਨੁਕਸਾਨ ਦਾ ਖ਼ਤਰਾ ਖੜ੍ਹਾ ਹੋ ਗਿਆ ਹੈ। ਹਲਕਾ ਸੁਲਤਾਨਪੁਰ ਲੋਧੀ ਦੇ ਕਈ ਪਿੰਡ ਸਤਲੁਜ ਤੇ ਬਿਆਸ ਦੋਵੇਂ ਦਰਿਆਵਾਂ ਦੀ ਮਾਰ ਹੇਠਾਂ ਆ ਗਏ ਹਨ।
ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਮੰਨੂ ਮਾਛੀ ਦਾ ਐਡਵਾਂਸ ਬੰਨ੍ਹ ਟੁੱਟਣ ਨਾਲ ਕਪੂਰਥਲਾ ਜ਼ਿਲ੍ਹੇ ਦੇ ਵੀ ਕਈ ਪਿੰਡਾਂ ’ਚ ਹੜ੍ਹ ਦਾ ਖਤਰਾ ਵੱਧ ਗਿਆ ਹੈ। ਮੰਡ ਇੰਦਰਪੁਰ, ਸ਼ਾਹ ਵਾਲਾ ਨੱਕੀ, ਮੰਡ ਅੰਦਰੀਸਾ, ਨੱਕੀ ਰਾਮਪੁਰ, ਦਲੇਲੀ ਅੰਦਰੀਸਾ ਤੇ ਗੱਟਾ ਦਲੇਰ ਸਮੇਤ ਕਈ ਪਿੰਡਾਂ ’ਚ ਪਾਣੀ ਦਾਖ਼ਲ ਹੋ ਗਿਆ ਹੈ। ਕਰੀਬ 3 ਹਜ਼ਾਰ ਏਕੜ ਝੋਨੇ ਦੀ ਫਸਲ ਬਰਬਾਦ ਹੋਣ ਦੇ ਅਸਾਰ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਬਿਆਸ ਤੋਂ ਬਚੀਆਂ ਕੁਝ ਫ਼ਸਲਾਂ ਹੁਣ ਸਤਲੁਜ ਦੀ ਲਪੇਟ ’ਚ ਆ ਗਈਆਂ ਹਨ। ਕਿਸਾਨ ਗੁਰਨੇਕ ਸਿੰਘ, ਪ੍ਰਗਟ ਸਿੰਘ ਨੇ ਦੱਸਿਆ ਕਿ ਮੰਡ ਏਰੀਏ ’ਚ ਤਿੰਨ ਜ਼ਿਲ੍ਹੇ ਫਿਰੋਜ਼ਪੁਰ, ਕਪੂਰਥਲਾ ਤੇ ਜਲੰਧਰ ਹੜ੍ਹ ਦੀ ਮਾਰ ਹੇਠਾਂ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਬੰਨ੍ਹਾਂ ਨੂੰ ਪੱਕਾ ਕਰਨ ਦਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ। ਭਾਗੋ ਬੁੱਢਾ ਤੋਂ ਆਹਲੀ ਖੁਰਦ, ਭਰੋਆਣਾ ਤੇ ਧੁੱਸੀ ਖੇਤਰ ’ਚ ਵੀ ਲੋਕ ਆਪ ਮੁਹਾਰੇ ਹੋ ਕੇ ਬੰਨ੍ਹਾਂ ਨੂੰ ਮਿੱਟੀ ਪਾ ਕੇ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਕਿਸਾਨ ਆਗੂ ਰਸ਼ਪਾਲ ਸਿੰਘ ਸੰਧੂ ਤੇ ਸਰੂਪ ਸਿੰਘ ਭਰੋਆਣਾ ਅਨੁਸਾਰ ਧੁੱਸੀ ਬੰਨ੍ਹ ਬਾਰਿਸ਼ ਕਾਰਨ ਕਾਫ਼ੀ ਕਮਜ਼ੋਰ ਹੋ ਚੁੱਕਾ ਹੈ ਤੇ ਜੇ ਇਹ ਟੁੱਟਦਾ ਹੈ ਤਾਂ ਵੱਡੀ ਬਰਬਾਦੀ ਹੋ ਸਕਦੀ ਹੈ। ਕਿਸਾਨਾਂ ਨੇ ਸਰਕਾਰ ਤੋਂ ਖ਼ਾਸ ਤੌਰ ’ਤੇ ਬੰਨ੍ਹ ਪੱਕੇ ਕਰਨ ਤੇ ਹਰੇ ਚਾਰੇ ਦੀ ਸਹੂਲਤ ਮੁਹੱਈਆ ਕਰਵਾਉਣ ਦੀ ਮੰਗ ਕੀਤੀ ਹੈ।
ਡੀਸੀ ਤੇ ਐੱਸਐੱਸਪੀ ਵੱਲੋਂ ਮੁੰਡੀ ਸ਼ਹਿਰੀਆਂ ਬੰਨ੍ਹ ਦਾ ਨਿਰੀਖਣ
ਸ਼ਾਹਕੋਟ (ਪੱਤਰ ਪ੍ਰੇਰਕ): ਡਿਪਟੀ ਕਮਿਸ਼ਨਰ ਜਲੰਧਰ ਡਾ ਹਿਮਾਂਸ਼ੂ ਅਗਰਵਾਲ ਅਤੇ ਐਸ.ਐਸ.ਪੀ ਜਲੰਧਰ (ਦਿਹਾਤੀ) ਹਰਵਿੰਦਰ ਸਿੰਘ ਵਿਰਕ ਨੇ ਬਲਾਕ ਲੋਹੀਆਂ ਖਾਸ ਦੇ ਧੁੱਸੀ ਬੰਨ੍ਹ ਦਾ ਦੌਰਾ ਕੀਤਾ। ਉਨ੍ਹਾਂ ਨੇ ਬੇਹੱਦ ਚਿੰਤਾ ਦਾ ਬਣੇ ਸਥਾਨ ਮੁੰਡੀ ਸ਼ਹਿਰੀਆਂ ਦਾ ਵਿਸ਼ੇਸ਼ ਨਿਰੀਖਣ ਕਰਦਿਆ ਇੱਥੇ ਲੋਕਾਂ ਦੀਆਂ ਮੁਸ਼ਕਲਾਂ ਸੁਣਦਿਆ ਜ਼ਮੀਨੀ ਪੱਧਰ ਦੀਆਂ ਹਾਲਤਾਂ ਦਾ ਜਾਇਜ਼ਾ ਲਿਆ। ਡੀ.ਸੀ ਨੇ ਲੋਕਾਂ ਨੂੰ ਭਰੋਸਾ ਦਿਤਾ ਕਿ ਉਹ ਜ਼ਿਲ੍ਹਾ ਪ੍ਰਸ਼ਾਸਨ ਅਤੇ ਜ਼ਿਲ੍ਹੇ ਦੀ ਪੁਲੀਸ ਹਰ ਵੇਲੇ ਲੋਕਾਂ ਦੀ ਸਹਾਇਤਾ ਲਈ ਪੂਰੀ ਤਰਾਂ ਵਚਨਬੱਧ ਹੈ। ਐਮਰਜੈਂਸੀ ਹਾਲਤਾਂ ਵਿਚ ਰਾਹਤ ਟੀਮਾਂ ਨੂੰ ਅਲਰਟ ਕੀਤਾ ਹੋਇਆ ਹੈ। ਐਸ.ਐਸ.ਪੀ ਸ ਵਿਰਕ ਨੇ ਕਿਹਾ ਕਿ ਪੁਲੀਸ ਵੱਲੋਂ ਪਿੰਡਾਂ ਵਿਚ ਲਗਾਤਾਰ ਮੌਨੀਟਰਿੰਗ ਕੀਤੀ ਜਾ ਰਹੀ ਹੈ।