ਮੁਹੱਲਾ ਕਸਬਾ ਵਿੱਚ ਗੰਦੇ ਪਾਣੀ ਦੀ ਸਮੱਸਿਆ ਹੋਈ ਗੰਭੀਰ
ਇਥੇ ਦਸੂਹਾ ਕੌਂਸਲ ਵੱਲੋਂ ਭਾਵੇਂ ਸ਼ਹਿਰ ਨੂੰ ਸਾਫ-ਸੁਥਰਾ ਬਣਾਉਣ ਲਈ ਸਫ਼ਾਈ ਮੁਹਿੰਮ ਚਲਾਈ ਜਾ ਰਹੀ ਹੈ, ਪਰ ਜ਼ਮੀਨੀ ਹਕੀਕਤ ਇਸ ਦੇ ਉਲਟ ਨਜ਼ਰ ਆ ਰਹੀ ਹੈ। ਵਾਰਡ ਨੰਬਰ-2 ਦੇ ਮੁਹੱਲਾ ਕਸਬਾ ਵਿੱਚ ਲੰਮੇ ਸਮੇਂ ਤੋਂ ਗੰਦੇ ਪਾਣੀ ਦੀ ਨਿਕਾਸੀ ਦੀ ਸਮੱਸਿਆ ਗੰਭੀਰ ਬਣੀ ਹੋਈ ਹੈ। ਜਾਣਕਾਰੀ ਮੁਤਾਬਕ ਮੁਹੱਲਾ ਕਸਬਾ ਤੋਂ ਪਿੰਡ ਉਸਮਾਨ ਸ਼ਹੀਦ ਵੱਲ ਜਾਂਦੀ ਸੜਕ ’ਤੇ ਸੀਵਰੇਜ ਸਿਸਟਮ ਫੇਲ੍ਹ ਹੋ ਚੁੱਕਿਆ ਹੈ। ਨਾਲੀਆਂ ਵਿੱਚੋਂ ਗੰਦਾ ਪਾਣੀ ੳਵਰ ਫਲੋਅ ਹੁੰਦਾ ਹੈ। ਰਾਹਗੀਰਾਂ ਨੂੰ ਮਜਬੂਰਨ ਸੜਕ ਵਿਚਕਾਰ ਗੰਦੇ ਪਾਣੀ ਦੇ ਛੱਪੜਾਂ ਵਿੱਚੋਂ ਨਿਕਲਣਾ ਪੈਂਦਾ ਹੈ। ਇਸ ਰੋਡ ’ਤੇ ਹੀ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਹੈ, ਜਿਸ ਦੇ ਮੁੱਖ ਗੇਟ ਦੇ ਸਾਹਮਣੇ ਲੱਗੇ ਗੰਦੇ ਪਾਣੀ ਦੇ ਛਪੱੜਾਂ ਦੀ ਬਦਬੂ ਨਾਲ ਜਿਥੇ ਮਹਾਮਾਰੀ ਫੈਲਣ ਦਾ ਖਦਸ਼ਾ ਹੈ, ਉਥੇ ਹੀ ਵਿਦਿਆਰਥੀਆਂ ਨੂੰ ਰੋਜ਼ਾਨਾ ਗੰਦੇ ਪਾਣੀ ਵਿੱਚੋਂ ਲੰਘਣਾ ਪੈਂਦਾ ਹੈ। ਨੇੜੇ ਹੀ ਰਾਧਾ ਸੁਆਮੀ ਸਤਿਸੰਗ ਘਰ ਸਥਿਤ ਹੈ, ਜਿੱਥੇ ਹਰ ਹਫ਼ਤੇ ’ਚ ਦੋ ਵਾਰ ਹੋਣ ਵਾਲੇ ਧਾਰਮਿਕ ਸਮਾਗਮਾਂ ਵਿੱਚ ਸ਼ਾਮਲ ਹੋਣ ਵਾਲੀਆਂ ਸੰਗਤਾਂ ਨੂੰ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ। ਇਸ ਤੋਂ ਇਲਾਵਾ ਇਸੇ ਰੋਡ ’ਤੇ ਨਗਰ ਕੌਂਸਲ ਵੱਲੋਂ ਬਣਾਇਆ ਕੂੜੇ ਦਾ ਡੰਪ ਸਥਾਨਕ ਪ੍ਰਸ਼ਾਸਨ ਦੀ ਸਫ਼ਾਈ ਮੁਹਿੰਮ ਨੂੰ ਮੂੰਹ ਚਿੜਾ ਰਿਹਾ ਹੈ। ਬਰਸਾਤੀ ਮੌਸਮ ਵਿੱਚ ਕੂੜੇ ਦੀ ਬਦਬੂ ਅਤੇ ਮੱਖੀਆਂ ਵਸਨੀਕਾਂ ਦੀ ਜ਼ਿੰਦਗੀ ਨੂੰ ਨਰਕ ਬਣਾ ਰਹੀਆਂ ਹਨ। ਇਸ ਸਬੰਧੀ ਵਾਰਡ ਨੰਬਰ 2 ਦੇ ਕੌਂਸਲਰ ਸੰਤੋਖ ਕੁਮਾਰ ਤੋਖੀ ਨੇ ਕਿਹਾ ਕਿ ਸਮੱਸਿਆ ਦੀ ਗੰਭੀਰਤਾ ਨੂੰ ਧਿਆਨ ਵਿੱਚ ਰੱਖਦਿਆ ਕਾਰਵਾਈ ਅਮਲ ਅਧੀਨ ਹੈ ਅਤੇ ਜਲਦੀ ਹੱਲ ਕਰਵਾਇਆ ਜਾਵੇਗਾ। ਹਾਲਾਂਕਿ, ਨਿਵਾਸੀਆਂ ਨੂੰ ਉਮੀਦ ਹੈ ਕਿ ਇਹ ਮਹਿਜ਼ ਦਿਲਾਸਾ ਨਾ ਹੋਵੇ, ਸਗੋਂ ਸਮੱਸਿਆ ਦੇ ਹੱਲ ਲਈ ਜਲਦੀ ਠੋਸ ਕਦਮ ਚੁੱਕੇ ਜਾਣਗੇ।