ਚਾਹੜਕੇ ’ਚ ਪਾਣੀ ਦੀ ਨਿਕਾਸੀ ਦਾ ਮੁੱਦਾ ਹੋਰ ਉਲਝਿਆ
ਬੁੱਟਰਾਂ ਲਿੰਕ ਸਡ਼ਕ ’ਤੇ ਪਾਈਪਾਂ ਪਾੳੁਣ ਤੋਂ ਰੋਕਿਆ; ਮੌਕੇ ’ਤੇ ਪੁੱਜੀ ਪੁਲੀਸ
ਪਿੰਡ ਚਾਹੜਕੇ ਵਿੱਚ ਗੁਰਦੁਆਰਾ ਸ਼ਹੀਦ ਬਾਬਾ ਦਿੱਤ ਦੇ ਸਾਹਮਣੇ ਨਿਕਾਸੀ ਪਾਣੀ ਵਾਲਾ ਛੱਪੜ ਵਾਰ-ਵਾਰ ਦੂਸ਼ਿਤ ਨਿਕਾਸੀ ਪਾਣੀ ਨਾਲ ਨੱਕੋ-ਨੱਕ ਭਰ ਜਾਣ ਕਰਕੇ ਪਿੰਡ ਦੀ ਫਿਰਨੀ, ਜਮਾਲਪੁਰ-ਮੁਕੰਦਪੁਰ ਵਾਲੀ ਸੜਕ ਅਤੇ ਨੇੜਲੇ ਘਰਾਂ ਅੰਦਰ ਜਾਣ ਕਰਕੇ ਰਾਹਗੀਰਾਂ ਨੂੰ ਜਾਣਾ ਔਖਾ ਹੀ ਨਹੀਂ ਸਗੋਂ ਮੁਸ਼ਕਿਲ ਹੋ ਜਾਂਦਾ ਹੈ। ਇਸੇ ਤਰ੍ਹਾਂ ਸੰਗਤ ਨੂੰ ਗੁਰਦੁਆਰਾ ਸਾਹਿਬ ਅਤੇ ਭਗਵਾਨ ਵਾਲਮੀਕਿ ਮੰਦਰ ਨਤਮਸਤਕ ਹੋਣਾ ਮੁਸ਼ਕਲ ਹੀ ਨਹੀਂ ਸਗੋਂ ਅਸੰਭਵ ਹੋ ਜਾਂਦਾ। ਗੰਦਗੀ ਨਾਲ ਸੱਪ ਅਤੇ ਕੀੜੇ-ਮਕੌੜੇ ਵੀ ਸੜਕਾਂ ਅਤੇ ਘਰਾਂ ਵਿੱਚ ਆ ਜਾਂਦੇ ਹਨ ਅਤੇ ਗੰਭੀਰ ਬਿਮਾਰੀਆਂ ਦਾ ਖਦਸ਼ਾ ਬਣਿਆ ਹੋਇਆ ਹੈ। ਇਸ ਸਮੱਸਿਆ ਦੇ ਹੱਲ ਲਈ ਹਲਕਾ ਵਿਧਾਇਕ ਬਲਕਾਰ ਸਿੰਘ ਨੇ ਵਿਸ਼ੇਸ਼ ਗ੍ਰਾਂਟ ਪਿੰਡ ਨੂੰ ਦਿੱਤੀ। ਪੰਚਾਇਤ ਨੇ ਪਿੰਡ ਵਾਸੀਆਂ ਦਾ ਇਕੱਠ ਕਰਕੇ ਲਿਖਤੀ ਰੂਪ ਵਿੱਚ ਇਹ ਸਹਿਮਤੀ ਬਣਾਈ ਕਿ ਇਸ ਛੱਪੜ ਦਾ ਵਾਧੂ ਪਾਣੀ ਬੁੱਟਰਾਂ ਨੂੰ ਜਾਂਦੀ ਪੱਕੀ ਲਿੰਕ ਸੜਕ ’ਤੇ ਸਥਿਤ ਖਾਲੀ ਪਏ ਛੱਪੜ ਵਿੱਚ ਅੰਡਰ ਗਰਾਊਂਡ ਪਾਈਪਾਂ ਰਾਹੀਂ ਪਾਇਆ ਜਾਵੇ।
ਜਦ ਪੰਚਾਇਤ ਨੇ ਜੇਸੀਬੀ ਨਾਲ ਪਾਈਪ ਪਾਉਣ ਲਈ ਕੰਮ ਸ਼ੁਰੂ ਕੀਤਾ ਤਾਂ ਸਰੂਪ ਸਿੰਘ ਅਤੇ ਉਸ ਦੇ ਹਮਾਇਤੀਆਂ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਅਤੇ ਕੁਝ ਵਿਰੋਧ ਕਰਨ ਵਾਲਿਆਂ ਦੀ ਕੁੱਟਮਾਰ ਹੋਈ। ਸੂਚਨਾ ਮਿਲਣ ’ਤੇ ਏਐੱਸਆਈ ਸੁਰਿੰਦਰ ਸਿੰਘ ਦੀ ਅਗਵਾਈ ਵਿੱਚ ਵੱਡੀ ਗਿਣਤੀ ’ਚ ਪੁਲੀਸ ਮੌਕੇ ’ਤੇ ਪਹੁੰਚੀ। ਏਐੱਸਆਈ ਸੁਰਿੰਦਰ ਸਿੰਘ ਨੇ ਕਿਹਾ ਕਿ ਪੰਚਾਇਤ ਨੇ ਵੱਖ ਵੱਖ ਸਰਕਾਰੀ ਵਿਭਾਗਾਂ ਤੋਂ ਮਨਜ਼ੂਰੀ ਲੈ ਕੇ ਕੰਮ ਸ਼ੁਰੂ ਕੀਤਾ ਪਰ ਦੂਜੀ ਧਿਰ ਕੋਲ ਕੰਮ ਰੋਕਣ ਦਾ ਕੋਈ ਕਾਗਜ਼ਾਤ ਨਹੀਂ ਹੈ। ਕਿਸਾਨ ਜਥੇਬੰਦੀਆਂ ਦੇ ਆਗੂ ਗੁਰਦੀਪ ਸਿੰਘ ਚੱਕ ਝੱਡੂ ਅਤੇ ਅਮਰਜੀਤ ਸਿੰਘ ਚੋਲਾਂਗ ਦੋਵਾਂ ਧਿਰਾਂ ਨੂੰ ਲੜਾਈ ਨਾ ਕਰਨ ਲਈ ਸਮਝਾ ਕੇ ਚਲੇ ਗਏ। ਸੂਤਰਾਂ ਮੁਤਾਬਕ ਵਿਰੋਧ ਕਰਨ ਵਾਲੀ ਧਿਰ ਨੇ ਅਦਾਲਤੀ ਕਾਰਵਾਈ ਦਾ ਸਹਾਰਾ ਲੈਣ ਦਾ ਫ਼ੈਸਲਾ ਲਿਆ ਹੈ। ਪਿੰਡ ਚਾਹੜਕੇ ਦਾ ਇਹ ਮਸਲਾ ਹੱਲ ਹੋਣ ਦੀ ਬਜਾਏ ਉਲਝਦਾ ਨਜ਼ਰ ਆ ਰਿਹਾ ਹੈ।