ਬੈਰਾਜ ਗੇਟਾਂ ਹੇਠਲੇ ਨਾਜਾਇਜ਼ ਕਰੱਸ਼ਰ ਦਾ ਮੁੱਦਾ ਹਿਮਾਚਲ ਅਸੈਂਬਲੀ ’ਚ ਗੂੰਜਿਆ
ਮਾਈਨਿੰਗ ਵਿਭਾਗ ਵੱਲੋਂ ਸੀਲ ਕੀਤੇ ਜਾਣ ਦੇ ਬਾਵਜੂਦ ਸ਼ਾਹ ਨਹਿਰ ਬੈਰਾਜ ਦੇ 52 ਗੇਟਾਂ ਤੋਂ ਹੇਠਾਂ ਚੱਲਦੇਨਾਜਾਇਜ਼ ਕਰੱਸ਼ਰ ਵਲੋਂ ਕੀਤੀ ਜਾ ਰਹੀ ਨਾਜਾਇਜ਼ ਮਾਈਨਿੰਗ ਦਾ ਮੁੱਦਾ ਹਿਮਾਚਲ ਪ੍ਰਦੇਸ਼ ਦੀ ਵਿਧਾਨ ਸਭਾ ਵਿੱਚ ਗੂੰਜਿਆ ਹੈ। ਹਿਮਾਚਲ ਦੇ ਫਤਹਿਪੁਰ ਤੋਂ ਵਿਧਾਇਕ ਭਿਵਾਨੀ ਸਿੰਘ ਪਠਾਨੀਆ ਨੇ ਹਿਮਾਚਲ ਪ੍ਰਦੇਸ਼ ਸਰਕਾਰ ਤੋਂ ਕਰੱਸ਼ਰ ਖਿਲਾਫ਼ ਤੁਰੰਤ ਕਾਰਵਾਈ ਦੀ ਮੰਗ ਕੀਤੀ ਹੈ।
ਦੱਸਣਯੋਗ ਹੈ ਕਿ ਇਹ ਕਰੱਸ਼ਰ ਤਲਵਾੜਾ ਦੇ ਇੱਕ ਵਸਨੀਕ ਵਲੋਂ ਪਿਛਲੀ ਕਾਂਗਰਸ ਸਰਕਾਰ ਵਿੱਚ ਹਿਮਾਚਲ ਪ੍ਰਦੇਸ਼ ਦੀ ਹੱਦ ਵਿੱਚ ਲੱਗਾ ਹੋਣ ਬਾਰੇ ਗੁਮਰਾਹ ਕਰਕੇ ਚਲਾਇਆ ਜਾ ਰਿਹਾ ਸੀ ਤੇ ਹਿਮਾਚਲ ਦੇ ਅਧਿਕਾਰੀਆਂ ਨੂੰ ਇਹ ਕਰੱਸ਼ਰ ਪੰਜਾਬ ’ਚ ਚੱਲਦਾ ਹੋਣ ਬਾਰੇ ਆਖਿਆ ਜਾਂਦਾ ਸੀ। ‘ਪੰਜਾਬੀ ਟ੍ਰਿਬਿਊਨ’ ਵਲੋਂ ਇਹ ਕਰੱਸ਼ਰ ਪੰਜਾਬ ਦੇ ਤਲਵਾੜਾ ਦੀ ਹੱਦਬਸਤ ਨੰਬਰ 604 ਦੇ ਖਸਰਾ ਨੰਬਰ ਵਿੱਚ ਨਾਜਾਇਜ਼ ਲੱਗਾ ਹੋਣ ਕੀਤੇ ਖੁਲਾਸੇ ਤੋਂ ਮਗਰੋਂ ਜੁਲਾਈ 2022 ਵਿੱਚ ਸਰਕਾਰ ਵਲੋਂ ਇਹ ਕਰੱਸ਼ਰ ਸੀਲ ਕਰ ਦਿੱਤਾ ਗਿਆ ਸੀ। ਪਰ ਕੁਝ ਸਮੇਂ ਬਾਅਦ ਕਥਿਤ ਸਿਆਸੀ ਸ਼ਹਿ ‘ਤੇ ਇਹ ਕਰੱਸ਼ਰ ਮੁੜ ਧੂੜਾ ਪੱਟਣ ਲੱਗਾ। ਫ਼ਤਹਿਪੁਰ ਤੋਂ ਵਿਧਾਇਕ ਨੇ ਇਸ ਦੇ ਚੱਲਦਾ ਹੋਣ ਦਾ ਖੁਲਾਸਾ ਕੀਤਾ ਹੈ।
ਵਿਧਾਇਕ ਪਠਾਨੀਆ ਨੇ ਹਿਮਾਚਲ ਵਿਧਾਨ ਸਭਾ ’ਚ ਦੱਸਿਆ ਕਿ ਨਿਯਮਾਂ ਅਨੁਸਾਰ ਪੌਂਗ ਡੈਮ ਦੇ ਬੈਰਾਜ ਗੇਟਾ ਤੋਂ ਹੇਠਾਂ 5 ਕਿਲੋਮੀਟਰ ਤੱਕ ਕੋਈ ਕਰੱਸ਼ਰ ਨਹੀਂ ਲੱਗ ਸਕਦਾ। ਪਰ ਸ਼ਾਹ ਨਹਿਰ ਦੇ 52 ਗੇਟਾ ਦੇ ਹੇਠਾਂ ਕੇਵਲ 750 ਮੀਟਰ ’ਤੇ ਬਿਨ੍ਹਾਂ ਕਿਸੇ ਇਜਾਜ਼ਤ ਇੱਕ ਨਾਜਾਇਜ਼ ਕਰੱਸ਼ਰ ਧੜੱਲੇ ਨਾਲ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਇਹ ਕਰੱਸ਼ਰ ਇੱਥੋਂ ਜਲਦ ਨਹੀਂ ਹਟਾਇਆ ਗਿਆ ਤਾਂ ਸਮੁੱਚਾ ਸ਼ਾਹ ਨਹਿਰ ਪ੍ਰਾਜੈਕਟ ਤਬਾਹ ਹੋ ਜਾਵੇਗਾ। ਇਸ ਨਾਲ ਹਿਮਾਚਲ ਦੇ ਜ਼ਿਲ੍ਹਾ ਇੰਦੋਰਾ ਸਮੇਤ ਪੰਜਾਬ ਦੇ ਹੁਸ਼ਿਆਰਪੁਰ, ਗੁਰਦਾਸਪੁਰ, ਪਠਾਨਕੋਟ, ਤਰਨ ਤਾਰਨ ਅਤੇ ਪੱਟੀ ਸਮੇਤ ਅੰਮ੍ਰਿਤਸਰ ਨੂੰ ਵੀ ਇਸਦੀ ਮਾਰ ਝੱਲਣੀ ਪਵੇਗੀ। ਪੰਜਾਬ ਦੇ ਪਿੰਡ ਚੰਗੜਵਾਂ ਵਿੱਚ ਲੱਗੇ ਇਸ ਨਾਜਾਇਜ਼ ਕਰੱਸ਼ਰ ਤੋਂ ਅੱਗੇ ਪਿੰਡ ਚੱਕਮੀਰ ਵਿੱਚ 7 ਕਰੱਸ਼ਰ ਲੱਗੇ ਹੋਏ ਹਨ।
ਕਾਰਵਾਈ ਕੀਤੀ ਜਾਵੇਗੀ: ਉਦਯੋਗ ਮੰਤਰੀ
ਹਿਮਾਚਲ ਪ੍ਰਦੇਸ਼ ਦੇ ਉਦਯੋਗ ਮੰਤਰੀ ਹਰਸ਼ ਵਰਧਨ ਨੇ ਵਿਧਾਇਕ ਪਠਾਨੀਆਂ ਦੇ ਸਵਾਲ ਦੇ ਜਵਾਬ ਵਿੱਚ ਸਦਨ ਨੂੰ ਦੱਸਿਆ ਕਿ ਦੋਹਾਂ ਸੂਬਿਆਂ ਦੀ ਹੱਦ ‘ਤੇ ਪੰਜਾਬ ਦੇ ਨਾਜਾਇਜ਼ ਕਰੱਸ਼ਰ ਚੱਲ ਰਹੇ ਹਨ ਅਤੇ ਉਹ ਹਿਮਾਚਲ ਦੇ ਕੁਝ ਲੋਕਾਂ ਦੀ ਮਿਲੀਭੁਗਤ ਨਾਲ ਸੂਬੇ ਦੀ ਹੱਦ ਵਿੱਚ ਆ ਕੇ ਗੈਰ ਕਨੂੰਨੀ ਮਾਈਨਿੰਗ ਕਰਦੇ ਹਨ। ਹਿਮਾਚਲ ਪੁਲੀਸ ਨੇ ਅਜਿਹੇ ਲੋਕਾਂ ਖਿਲਾਫ਼ ਕਾਰਵਾਈ ਕੀਤੀ ਹੈ। ਉਨ੍ਹਾਂ ਸਦਨ ਨੂੰ ਭਰੋਸਾ ਦੁਆਇਆ ਕਿ ਪੰਜਾਬ ਦੇ ਨਾਜਾਇਜ਼ ਲੱਗੇ ਕਰੱਸ਼ਰਾਂ ਤੇ ਕੀਤੀ ਜਾ ਰਹੀ ਗੈਰਕਨੂੰਨੀ ਮਾਈਨਿੰਗ ਖਿਲਾਫ਼ ਸਖਤ ਰੁੱਖ ਅਪਣਾਇਆ ਜਾਵੇਗਾ ਤੇ ਪੰਜਾਬ ਸਰਕਾਰ ਨਾਲ ਮਸਲਾ ਸਾਂਝਾ ਕਰਨ ਤੋਂ ਬਾਅਦ ਹਾਈ ਕੋਰਟ ਵਿੱਚ ਵੀ ਉਠਾਇਆ ਜਾਵੇਗਾ।