DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਹਾਕੀ ਦੇ ਮੈਦਾਨ ’ਚ ਗੋਲ ਦਾਗ਼ਣ ਵਾਲੇ ਹੱਥਾਂ ਨੇ ਹੜ੍ਹ ਪੀੜਤਾਂ ਦੀ ਬਾਂਹ ਫੜ੍ਹੀ

ਬੀਐੱਸਐੱਫ, ਫ਼ੌਜ, ਪੁਲੀਸ, ਸਥਾਨਕ ਪ੍ਰਸ਼ਾਸਨ ਅਤੇ ਐੱਨਡੀਆਰਐੱਫ ਮਿਲ ਕੇ ਕੰਮ ਕਰ ਰਹੇ ਹਨ ਖਿਡਾਰੀ
  • fb
  • twitter
  • whatsapp
  • whatsapp
featured-img featured-img
ਹੜ੍ਹ ਪੀੜਤਾਂ ਲਈ ਰਾਸ਼ਨ ਵੰਡਦਾ ਹੋਇਆ ਰੁਪਿੰਦਰ ਪਾਲ ਸਿੰਘ।
Advertisement
ਕਦੇ ਦਿੱਲੀ ਦੇ ਮੈਦਾਨ ’ਤੇ ਉਨ੍ਹਾਂ ਦੀ ਤੂਤੀ ਬੋਲਦੀ ਸੀ ਤੇ ਭਾਰਤ ਦੀਆਂ ਕਈ ਯਾਦਗਾਰ ਜਿੱਤਾਂ ਦੇ ਉਹ ਸੂਤਰਧਾਰ ਰਹੇ ਪਰ ਪੰਜਾਬ ਵਿੱਚ ਤਬਾਹੀ ਮਚਾਉਣ ਵਾਲੇ ਹੜ੍ਹ ’ਚ ਹੁਣ ਉਹੀ ਚੈਂਪੀਅਨ ਖਿਡਾਰੀ ਦਿਨ-ਰਾਤ ਇੱਕ ਕਰਕੇ ਵੱਖ-ਵੱਖ ‘ਫੀਲਡ ਵਰਕ’ ਵਿੱਚ ਜੁੱਟੇ ਹੋਏ ਹਨ।

ਭਾਰਤੀ ਹਾਕੀ ਟੀਮ ਦੇ ਮਹਾਨ ਡਰੈਗ ਫਲਿੱਕਰ ਜੁਗਰਾਜ ਸਿੰਘ (ਐੱਸਪੀ ਹੈੱਡਕੁਆਰਟਰ), ਰੁਪਿੰਦਰਪਾਲ ਸਿੰਘ (ਸਹਾਇਕ ਕਮਿਸ਼ਨਰ ਸਿਖਲਾਈ ਅਧੀਨ), ਮਿੱਡਫੀਲਡਰ ਗੁਰਵਿੰਦਰ ਸਿੰਘ (ਡੀਐੱਸਪੀ ਕਲਾਨੌਰ) ਹੜ੍ਹ ਕਾਰਨ ਸਭ ਤੋਂ ਵੱਧ ਪ੍ਰਭਾਵਿਤ ਜ਼ਿਲ੍ਹਿਆਂ ਵਿੱਚ ਸ਼ਾਮਲ ਗੁਰਦਾਸਪੁਰ ’ਚ ਤਾਇਨਾਤ ਹਨ ਅਤੇ ਰਾਹਤ ਮੁਹਿੰਮ ਦਾ ਹਿੱਸਾ ਵੀ ਹਨ।

Advertisement

ਪੰਜਾਬ 1988 ਮਗਰੋਂ ਸਭ ਤੋਂ ਤਬਾਹਕੁੰਨ ਹੜ੍ਹ ਨਾਲ ਜੂਝ ਰਿਹਾ ਹੈ ਅਤੇ 23 ਜ਼ਿਲ੍ਹਿਆਂ ਵਿੱਚ 1400 ਪਿੰਡ ਹੜ੍ਹ ਦੀ ਮਾਰ ਹੇਠ ਹਨ। ਹੁਣ ਤੱਕ ਇਨ੍ਹਾਂ ਵਿੱਚੋਂ 37 ਜਣਿਆਂ ਦੀ ਮੌਤ ਹੋ ਗਈ ਹੈ ਅਤੇ ਸਾਢੇ ਤਿੰਨ ਲੱਖ ਤੋਂ ਵੱਧ ਲੋਕ ਪ੍ਰਭਾਵਿਤ ਹੋਏ ਹਨ।

ਜੁਗਰਾਗ ਸਿੰਘ ਨੇ ਕਿਹਾ ਕਿ ਬੀਐੱਸਐੱਫ, ਫ਼ੌਜ, ਪੁਲੀਸ, ਸਥਾਨਕ ਪ੍ਰਸ਼ਾਸਨ ਅਤੇ ਐੱਨਡੀਆਰਐੱਫ ਮਿਲ ਕੇ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ, ‘‘ਲੋਕਾਂ ਨੂੰ ਸੁਰੱਖਿਅਤ ਸਥਾਨ ’ਤੇ ਪਹੁੰਚਾਉਣ, ਰਾਸ਼ਨ, ਦਵਾਈਆਂ ਅਤੇ ਮੁੱਢਲੀਆਂ ਲੋੜਾਂ ਦੀਆਂ ਵਸਤਾਂ ਪਹੁੰਚਾਉਣ ਮਗਰੋਂ ਬਿਮਾਰੀਆਂ ਫ਼ੈਲਣ ਦੇ ਖ਼ਤਰੇ ਨਾਲ ਨਜਿੱਠਣ ਲਈ ਮੈਡੀਕਲ ਕੈਂਪ ਲਗਾਏ ਜਾ ਰਹੇ ਹਨ, ਜਿਸ ਲਈ ਡਾਕਟਰਾਂ ਦੀ ਟੀਮਾਂ ਅਤੇ ਐੱਨਜੀਓ ਨਾਲ ਕੰਮ ਕਰ ਰਹੇ ਹਨ।’’

ਸਾਲ 2003 ਵਿੱਚ ਕਾਰ ਹਾਦਸੇ ਤੋਂ ਪਹਿਲਾਂ ਜੂਨੀਅਰ ਵਿਸ਼ਵ ਕੱਪ 2001 ਜੇਤੂ ਅਤੇ ਬੁਸਾਨ ਏਸ਼ਿਆਈ ਖੇਡਾਂ ’ਚ ਚਾਂਦੀ ਦਾ ਤਗ਼ਮਾ ਜਿੱਤਣ ਵਾਲੀ ਭਾਰਤੀ ਟੀਮ ਦੇ ਮੈਂਬਰ ਰਹੇ ਜੁਗਰਾਜ ਨੇ ਕਿਹਾ, ‘‘ਸਾਡਾ ਕੰਮ ਇਹ ਦੇਖਣਾ ਹੈ ਕਿ ਰਾਸ਼ਨ ਲਈ ਲੋਕਾਂ ਵਿੱਚ ਝਗੜਾ ਨਾ ਹੋਵੇ ਅਤੇ ਸਮੇਂ ਸਿਰ ਲੋੜਵੰਦਾਂ ਤੱਕ ਰਾਸ਼ਨ ਪਹੁੰਚ ਜਾਵੇ।’’

ਜੁਗਰਾਜ ਨੇ ਕਿਹਾ ਕਿ ਇੱਕ ਖਿਡਾਰੀ ਹੋਣ ਦੇ ਨਾਤੇ ਉਹ ਆਪਣੇ ਕੰਮ ਨੂੰ ਹੋਰ ਬਿਹਤਰ ਢੰਗ ਨਾਲ ਕਰ ਰਿਹਾ ਹੈ। ਉਨ੍ਹਾਂ ਕਿਹਾ, ‘‘ਮੈਦਾਨ ’ਤੇ ਫੁਰਤੀ ਨਾਲ ਫ਼ੈਸਲੇ ਲੈਣ ਦਾ ਹੁਨਰ ਇੱਥੇ ਕੰਮ ਆ ਰਿਹਾ ਹੈ। ਇਸ ਤੋਂ ਇਲਾਵਾ ਇੱਕ ਖਿਡਾਰੀ ਨੇ ਕਾਫ਼ੀ ਉਤਰਾਅ-ਚੜਾਅ ਦੇਖੇ ਹੁੰਦੇ ਹਨ ਅਤੇ ਉਹ ਮਾਨਸਿਕ ਤੇ ਸਰੀਰਕ ਤੌਰ ’ਤੇ ਕਾਫ਼ੀ ਮਜ਼ਬੂਤ ਹੁੰਦਾ ਹੈ, ਜੋ ਅਜਿਹੀ ਸਥਿਤੀ ਵਿੱਚ ਬਹੁਤ ਜ਼ਰੂਰੀ ਹੈ।’’

ਟੋਕੀਓ ਓਲੰਪਿਕ ਵਿੱਚ ਕਾਂਸੀ ਦਾ ਤਗ਼ਮਾ ਜੇਤੂ ਭਾਰਤੀ ਟੀਮ ਦੇ ਮੈਂਬਰ ਰਹੇ ਪੈਨਲਟੀ ਕਾਰਨਰ ਮਾਹਿਰ ਰੁਪਿੰਦਰ ਪਾਲ ਨੇ ਕਿਹਾ ਕਿ ਉਸ ਲਈ ਇਹ ਬਿਲਕੁਲ ਵੱਖਰਾ ਤਜਰਬਾ ਹੈ ਕਿਉਂਕਿ ਜ਼ਿੰਦਗੀ ਭਰ ਤਾਂ ਹਾਕੀ ਖੇਡੀ ਹੈ। ਰੁਪਿੰਦਰ ਦੀਨਾਨਗਰ ਸਬ-ਡਿਵੀਜ਼ਨ ਵਿੱਚ ਅੱਠ-ਨੌਂ ਪਿੰਡਾਂ ਦੀ ਰਾਹਤ ਟੀਮ ਦਾ ਹਿੱਸਾ ਹੈ ਅਤੇ 26 ਅਗਸਤ ਨੂੰ ਆਏ ਹੜ੍ਹ ਤੋਂ ਬਾਅਦ ਉੱਥੋਂ 1500 ਲੋਕਾਂ ਨੂੰ ਸੁਰੱਖਿਅਤ ਕੱਢਿਆ ਜਾ ਚੁੱਕਿਆ ਹੈ।

ਹੜ੍ਹ ਪ੍ਰਭਾਵਿਤ ਇਲਾਕੇ ਦਾ ਦੌਰਾ ਕਰਦੀ ਹੋਈ ਹਾਕੀ ਖਿਡਾਰਨ ਅਮਨਦੀਪ ਕੌਰ।

ਭਾਰਤ ਲਈ 2010 ਤੋਂ 2021 ਦਰਮਿਆਨ 223 ਮੈਚਾਂ ਵਿੱਚ 125 ਗੋਲ ਦਾਗ਼ਣ ਵਾਲੇ ਰੁਪਿੰਦਰ ਨੇ ਕਿਹਾ, ‘‘ਹੜ੍ਹ ਆਉਣ ਤੋਂ ਬਾਅਦ ਗੁਰਦਾਸਪੁਰ ਜ਼ਿਲ੍ਹਾ ਪ੍ਰਸ਼ਾਸਨ ਨੇ ਕਾਫ਼ੀ ਫੁਰਤੀ ਨਾਲ ਕਾਰਵਾਈ ਕੀਤੀ। ਮੇਰੇ ਹਿੱਸੇ ਮਕੌੜਾ, ਕਾਹਨਾ, ਆਬਾਦੀ ਚੰਡੀਗੜ੍ਹ, ਜਾਗੋ ਚੱਗ ਵਰਗੇ ਕਈ ਪਿੰਡ ਹਨ, ਜੋ ਰਾਵੀ ਦਰਿਆ ਦੇ ਕੰਢੇ ਹਨ। ਰਾਵੀ ਅਤੇ ਉੱਝ ਦਰਿਆ ਇੱਥੇ ਮਿਲਦੇ ਹਨ ਅਤੇ ਇੱਥੋਂ ਹੜ੍ਹ ਦਾ ਪਾਣੀ ਅੰਦਰ ਆਉਣਾ ਸ਼ੁਰੂ ਹੁੰਦਾ ਸੀ। ਕੁੱਝ ਪਿੰਡ ਪਾਕਿਸਤਾਨ ਸਰਹੱਦ ’ਤੇ ਹਨ।’’

ਉਨ੍ਹਾਂ ਕਿਹਾ, ‘‘ਪਹਿਲੇ ਤਿੰਨ ਦਿਨ ਤਾਂ ਟਰੈਕਟਰ-ਟਰਾਲੀ ਵੀ ਨਹੀਂ ਚੱਲ ਰਹੇ ਸੀ। ਪਹਿਲੇ ਦਿਨ ਐੱਸਡੀਐੱਮ, ਡੀਐੱਸਪੀ ਅਤੇ ਮੈਂ ਪਿੰਡ ਵਿੱਚ ਫਸ ਗਏ ਸੀ, ਜਿੱਥੇ ਚਾਰੇ ਪਾਸੇ ਪਾਣੀ ਸੀ। ਅਸਂੀਂ ਉਸੇ ਪਿੰਡ ਵਿੱਚ ਕਿਸੇ ਜਾਣਕਾਰ ਦੇ ਘਰ ਰੁਕੇ। ਪਿੰਡ ਦੇ ਨੌਜਵਾਨਾਂ ਨੇ ਬਹੁਤ ਸਹਿਯੋਗ ਦਿੱਤਾ। ਜਦੋਂ ਵੀ ਕਿਹਾ ਜਾਂਦਾ, ਟਰੈਕਟਰ-ਟਰਾਲੀ ਲੈ ਕੇ ਪਹੁੰਚ ਜਾਂਦੇ।’’

ਰੁਪਿੰਦਰ ਨੇ ਕਿਹਾ ਕਿ ਪਹਿਲਾਂ ਕਈਆਂ ਨੂੰ ਪਤਾ ਨਹੀਂ ਸੀ ਕਿ ਉਹ ਭਾਰਤ ਲਈ ਹਾਕੀ ਖੇਡ ਚੁੱਕੇ ਹਨ ਪਰ ਪਤਾ ਲੱਗਣ ’ਤੇ ਸਥਾਨਕ ਨੌਜਵਾਨ ਉਨ੍ਹਾਂ ਨਾਲ ਜੁੜਦੇ ਗਏ। ਉਨ੍ਹਾਂ ਕਿਹਾ, ‘‘ਅਸੀਂ ਦੀਨਾਨਗਰ ਸਬ-ਡਿਵੀਜ਼ਨ ਵਿੱਚੋਂ 1500 ਲੋਕਾਂ ਨੂੰ ਬਾਹਰ ਕੱਢਿਆ ਅਤੇ ਪੂਰੇ ਗੁਰਦਾਸਪੁਰ ਵਿੱਚ ਕਰੀਬ ਛੇ ਹਜ਼ਾਰ ਲੋਕਾਂ ਨੂੰ ਕੱਢਿਆ ਗਿਆ ਹੈ। ਇੱਥੇ ਇੱਕ ਵੀ ਮੌਤ ਨਹੀਂ ਹੋਈ ਪਰ ਪਸ਼ੂਆਂ ਦਾ ਬਹੁਤ ਨੁਕਸਾਨ ਹੋਇਆ ਹੈ।’’

ਰੁਪਿੰਦਰ ਨੇ ਕਿਹਾ ਕਿ ਇੱਕ ਘਟਨਾ ਨੇ ਉਨ੍ਹਾਂ ਨੂੰ ਝੰਜੋੜ ਦਿੱਤਾ, ਜਦੋਂ ਇੱਕ ਪਰਿਵਾਰ ਦੇ ਚਾਰ ਜੀਅ ਆਪਣੇ ਕੱਚੇ ਕੋਠੇ ਦੀ ਛੱਤ ’ਤੇ ਫਸੇ ਹੋਏ ਸੀ ਅਤੇ ਰਾਵੀ ਦਾ ਪਾਣੀ ਛੂਕਦਾ ਵਹਿ ਰਿਹਾ ਸੀ। ਉਨ੍ਹਾਂ ਕਿਹਾ, ‘‘ਗੰਨੇ ਦੀ ਲੰਬਾਈ ਤੋਂ ਤਿੰਨ-ਚਾਰ ਫੁੱਟ ਉੱਤੇ ਤੱਕ ਪਾਣੀ ਅਤੇ ਐੱਨਡੀਆਰਐੱਫ ਦੀ ਕਿਸ਼ਤੀ ਰਾਹੀਂ ਉੱਥੇ ਪਹੁੰਚਣਾ ਸੀ। ਉਸ ਦਿਨ ਡਰ ਲੱਗਿਆ ਪਰ ਐੱਨਡੀਆਰਐੱਫ ਦੀ ਟੀਮ ਕਾਫ਼ੀ ਹੌਸਲਾ-ਅਫ਼ਜ਼ਾਈ ਕਰਦੀ ਰਹਿੰਦੀ ਹੈ। ਪਾਣੀ ਦੇ ਵਹਾਅ ਤੋਂ ਉਲਟ ਜਾ ਕੇ ਉਨ੍ਹਾਂ ਲੋਕਾਂ ਤੱਕ ਪਹੁੰਚਿਆ ਗਿਆ।’’

ਭਾਰਤ ਲਈ ਲੰਡਨ ਓਲੰਪਿਕ, 2012 ਸਣੇ 97 ਮੈਚ ਖੇਡ ਚੁੱਕੇ ਫਾਰਵਰਡ ਅਤੇ ਹੁਣ ਗੁਰਦਾਸਪੁਰ ਦੇ ਕਲਾਨੌਰ ਵਿੱਚ ਡੀਐੱਸਪੀ ਗੁਰਵਿੰਦਰ ਸਿੰਘ ਨੇ ਕਿਹਾ ਕਿ ਇੱਥੇ ਵੀ ਟੀਮਵਰਕ ਨਾਲ ਕੰਮ ਚੰਗੇ ਢੰਗ ਨਾਲ ਹੋ ਰਿਹਾ ਹੈ ਅਤੇ ਮਦਦ ਲਈ ਕਈ ਹੱਥੇ ਅੱਗੇ ਆ ਰਹੇ ਹਨ। ਉਨ੍ਹਾਂ ਦੱਸਿਆ, ‘‘ਕੋਟਲਾ ਮੁਗਲਾ ਵਿੱਚ ਇੱਕ ਬਜ਼ੁਰਗ ਨੂੰ ਸੱਪ ਨੇ ਡੱਸ ਲਿਆ ਸੀ, ਜਿਨ੍ਹਾਂ ਨੂੰ ਡਾਕਟਰ ਤੱਕ ਪਹੁੰਚਾਇਆ ਗਿਆ। ਇਸ ਤੋਂ ਇੱਕ ਲੜਕੀ ਦਾ ਵਿਆਹ ਸੀ, ਜਿਸ ਨੂੰ ਕਲਾਨੌਰ ਦੇ ਇੱਕ ਪਿੰਡ ਤੋਂ ਵਿਆਹ ਸਥਾਨ ਤੱਕ ਪਹੁੰਚਾਇਆ ਗਿਆ। ਇਸੇ ਤਰ੍ਹਾਂ ਇੱਕ ਗਰਭਵਤੀ ਮਹਿਲਾ ਨੂੰ ਵੀ ਸੁਰੱਖਿਅਤ ਥਾਂ ’ਤੇ ਲਿਜਾਇਆ ਗਿਆ, ਜਿੱਥੇ ਅਗਲੇ ਦਿਨ ਉਸ ਦਾ ਜਣੇਪਾ ਹੋਇਆ।’’

ਗੁਰਵਿੰਦਰ ਸਿੰਘ ਨੇ ਦੱਸਿਆ, ‘‘ਇੱਕ ਗਊਸ਼ਾਲਾ ਵਿੱਚ ਪਾਣੀ ਭਰ ਗਿਆ ਸੀ, ਜਿੱਥੇ ਗਾਵਾਂ ਬੰਨ੍ਹੀਆਂ ਹੋਈਆਂ ਸਨ। ਉਨ੍ਹਾਂ ਨੂੰ ਕੱਢਿਆ ਗਿਆ। ਸਾਰੀਆਂ ਰਾਹਤ ਏਜੰਸੀਆਂ ਮਿਲੇ ਕੇ ਦਿਨ-ਰਾਤ ਲੱਗੀਆਂ ਹੋਈਆਂ ਹਨ ਪਰ ਤਬਾਹੀ ਬਹੁਤ ਹੋਈ ਹੈ।’’

ਰਾਹਤ ਕਾਰਜਾਂ ਦੀਆਂ ਚੁਣੌਤੀਆਂ ਬਾਰੇ ਪੁੱਛੇ ਜਾਣ ’ਤੇ ਜੁਗਰਾਜ ਸਿੰਘ ਨੇ ਕਿਹਾ ਕਿ ਦਿਨ ਭਰ ਫੋਨ ਖੜਕ ਰਿਹਾ ਹੈ ਅਤੇ ਦਿਮਾਗ ਨੂੰ ਇੱਕ ਮਿੰਟ ਵੀ ਆਰਮ ਨਹੀਂ ਮਿਲ ਰਿਹਾ ਹੈ ਪਰ ਅਸਲ ਚੁਣੌਤੀਆਂ ਪਾਣੀ ਉੱਤਰਣ ਤੋਂ ਬਾਅਦ ਸ਼ੁਰੂ ਹੋਣਗੀਆਂ।

ਉਨ੍ਹਾਂ ਕਿਹਾ, ‘‘ਅਸੀਂ ਸਵੇਰ ਤੋਂ ਹੜ੍ਹ ਪ੍ਰਭਾਵਿਤ ਇਲਾਕਿਆਂ ’ਚ ਚਲੇ ਜਾਂਦੇ ਹਾਂ। ਉੱਥੇ ਜਾ ਕੇ ਦੇਖਦੇ ਹਾਂ ਕਿ ਵੰਡਣ ਲਈ ਕਿੰਨਾ ਸਾਮਾਨ ਹੈ ਅਤੇ ਫਿਰ ਸੂਚੀਆਂ ਬਣਦੀਆਂ ਹਨ ਕਿ ਕਿੱਥੇ ਵੱਧ ਲੋੜ ਹੈ। ਪੰਜਾਬ ਭਰ ਤੋਂ ਇੰਨੀ ਮਦਦ ਸਮੱਗਰੀ ਆ ਰਹੀ ਹੈ ਪਰ ਅਸਲ ਚੁਣੌਤੀ ਲੋਕਾਂ ਤੱਕ ਪਹੁੰਚਾਉਣ ਦੀ ਹੈ।’’

ਉਨ੍ਹਾਂ ਕਿਹਾ, ‘‘ਇੰਨੀ ਫ਼ਸਲ ਬਰਬਾਦ ਹੋਈ ਹੈ ਪਰ ਗਰੀਬ ਕਿਸਾਨਾਂ ਦੀ ਜ਼ਮੀਨ ਨੂੰ ਮੁੜ ਤੋਂ ਵਾਹੀਯੋਗ ਬਣਾਉਣ ’ਚ ਡੇਢ-ਦੋ ਸਾਲ ਲੱਗ ਜਾਣਗੇ। ਇਸ ਤੋਂ ਇਲਾਵਾ ਬੇਘਰ ਹੋਏ ਲੋਕਾਂ ਨੂੰ ਮੁੜ ਵਸੇਬੇ ਲਈ ਵੀ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ।’’

Advertisement
×