ਅੱਠ ਲੱਖ ਬੂਟੇ ਲਾਉਣ ਦੇ ਟੀਚੇ ਦੀ ਸ਼ੁਰੂਆਤ
ਜੰਡਿਆਲਾ ਗੁਰੂ: ਸਥਾਨਕ ਇੰਟਰਨੈਸ਼ਨਲ ਫਤਹਿ ਅਕੈਡਮੀ ਵੱਲੋਂ ਵਾਤਾਵਰਨ ਸੰਭਾਲ ਵੱਲ ਇਕ ਵੱਡੇ ਉਪਰਾਲੇ ਵਜੋਂ, ਅਪਣਾ ਪੰਜਾਬ ਫਾਊਡੇਸ਼ਨ ਅਤੇ ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲ ਵੱਲੋਂ ਸ਼ੁਰੂ ਕੀਤੇ ਗਏ ਮਿਸ਼ਨ ਹਰਿਆਲੀ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਪ੍ਰਿੰਸੀਪਲ ਪਰਮਜੀਤ ਕੌਰ ਸੰਧੂ ਨੇ ਦੱਸਿਆ ਅਕੈਡਮੀ ਵੱਲੋਂ ਮਿਸ਼ਨ ਹਰਿਆਲੀ ਤਹਿਤ ਅੱਠ ਲੱਖ ਪੌਦੇ ਲਗਾਉਣ ਦੇ ਟੀਚੇ ਦੀ ਸ਼ੁਰੂਆਤ ਕੀਤੀ ਗਈ ਹੈ। ਡਾ. ਜਗਜੀਤ ਸਿੰਘ ਧੂਰੀ ਪ੍ਰਧਾਨ ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲਜ਼ ਨੇ ਪ੍ਰਸ਼ੰਸਾ ਕੀਤੀ। ਇਸ ਮੁਹਿੰਮ ਦੀ ਅਗਵਾਈ ਇੰਟਰਨੈਸ਼ਨਲ ਫਤਹਿ ਅਕੈਡਮੀ ਦੇ ਚੇਅਰਮੈਨ ਜਗਬੀਰ ਸਿੰਘ ਵੱਲੋਂ ਕੀਤੀ ਜਾ ਰਹੀ ਹੈ। -ਪੱਤਰ ਪ੍ਰੇਰਕ
ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਦਾ ਪ੍ਰਕਾਸ਼ ਪੁਰਬ ਮਨਾਇਆ
ਅੰਮ੍ਰਿਤਸਰ: ਖਾਲਸਾ ਕਾਲਜ ਗਵਰਨਿੰਗ ਕੌਂਸਲ ਵੱਲੋਂ ਅੱਠਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਦਾ ਪ੍ਰਕਾਸ਼ ਪੁਰਬ ਕਾਲਜ ਕੈਂਪਸ ਸਥਿਤ ਗੁਰਦੁਆਰਾ ਸਾਹਿਬ ਵਿਖੇ ਬੜੇ ਹੀ ਉਤਸ਼ਾਹ ਤੇ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਕੌਂਸਲ ਦੇ ਜੁਆਇੰਟ ਸਕੱਤਰ ਲਖਵਿੰਦਰ ਸਿੰਘ ਢਿੱਲੋਂ ਨੇ ਇਸ ਪਵਿੱਤਰ ਦਿਹਾੜੇ ਦੀ ਵਧਾਈ ਦਿੱਤੀ। ਇਸ ਤੋਂ ਪਹਿਲਾਂ ਖ਼ਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ ਨੇ ਇਲਾਹੀ ਬਾਣੀ ਦਾ ਕੀਰਤਨ ਗਾਇਨ ਕਰਕੇ ਸੰਗਤ ਨੂੰ ਨਿਹਾਲ ਕੀਤਾ। ਪ੍ਰਿੰਸੀਪਲ ਡਾ. ਇੰਦਰਜੀਤ ਸਿੰਘ ਗੋਗੋਆਣੀ ਨੇ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਦੇ ਜੀਵਨ ਬਾਰੇ ਚਾਨਣਾ ਪਾਇਆ। ਖ਼ਾਲਸਾ ਯੂਨੀਵਰਸਿਟੀ ਦੇ ਅਕਾਦਮਿਕ ਡੀਨ ਡਾ. ਸੁਰਿੰਦਰ ਕੌਰ, ਅੰਡਰ ਸੈਕਟਰੀ ਡੀ. ਐੱਸ. ਰਟੌਲ, ਭਾਈ ਹਰਪ੍ਰੀਤ ਸਿੰਘ ਆਦਿ ਹਾਜ਼ਰ ਸਨ। -ਪੱਤਰ ਪ੍ਰੇਰਕ
ਤੇੜਾ ਖੁਰਦ ਵਿੱਚ ਅੰਮ੍ਰਿਤ ਸੰਚਾਰ
ਚੇਤਨਪੁਰਾ: ਸਿੱਖੀ ਦੇ ਪ੍ਰਚਾਰ ਤੇ ਪਸਾਰ ਅਤੇ ਸਮਾਜਿਕ ਬੁਰਾਈਆਂ ਨੂੰ ਜੜ੍ਹ ਤੋਂ ਖਤਮ ਕਰਨ ਲਈ ਪਿਛਲੇ ਲੰਮੇ ਸਮੇਂ ਤੋਂ ਯਤਨਸ਼ੀਲ ‘ਗੁਰਫਤਹਿ ਵੈੱਲਫੇਅਰ ਸੁਸਾਇਟੀ’ ਦੇ ਮੁਖੀ ਜਥੇਦਾਰ ਗੁਰਿੰਦਰ ਸਿੰਘ ਰਾਜਾ ਵਲੋਂ ਗੁਰਮਤਿ ਤੇ ਅੰਮ੍ਰਿਤ ਸੰਚਾਰ ਸਮਾਗਮ ਗੁ, ਬਾਬਾ ਜੀਵਨ ਸਿੰਘ ਪਿੰਡ ਤੇੜਾ ਖੁਰਦ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਸਦਕਾ ਕਰਵਾਇਆ ਗਿਆ। ਇਸ ਮੌਕੇ ਅੰਮ੍ਰਿਤ ਵੇਲੇ ਪ੍ਰਭਾਤ ਫੇਰੀ ਕੱਢੀ ਗਈ। ਇਸ ਮੌਕੇ ਜਥੇ. ਰਾਜਾ ਨੇ ਨਸ਼ਾ ਛੱਡਣ ’ਤੇ ਕੇਸ ਰੱਖਣ ਦਾ ਪ੍ਰਣ ਕਰਨ ਵਾਲੇ ਨੌਜਵਾਨਾਂ ਨੂੰ ਸਿਰਪਾਓ ਦੇ ਕੇ ਸਨਮਾਨਿਤ ਵੀ ਕੀਤਾ। ਇਸ ਮੌਕੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਪਹੁੰਚੇ ਪੰਜ ਪਿਆਰੇ ਸਾਹਿਬਾਨ ਨੇ ਅੰਮ੍ਰਿਤ ਸੰਚਾਰ ਕਰਕੇ 56 ਪ੍ਰਾਣੀਆਂ ਨੂੰ ਅੰਮ੍ਰਿਤ ਛਕਾਇਆ। -ਪੱਤਰ ਪ੍ਰੇਰਕ
ਮੈਰਿਟ ’ਚ ਆਏ ਬੱਚਿਆਂ ਨੂੰ ਵਜ਼ੀਫੇ ਵੰਡੇ
ਬਟਾਲਾ: ਲੀਲਾਵੰਤੀ ਮੈਮੋਰੀਅਲ ਬਾਬਾ ਗੁਰੀਆ ਜੀ ਬਲਾਜ਼ਮ ਸਕੂਲ ਭਾਗੋਵਾਲ ਦੇ ਬੱਚਿਆਂ ਨੂੰ ਧਾਰਮਿਕ ਪ੍ਰੀਖਿਆ ’ਚ ਮਾਣਮੱਤਾ ਪ੍ਰਦਰਸ਼ਨ ਕੀਤੇ ਜਾਣ ’ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 25 ਹਜ਼ਾਰ 300 ਰੁਪਏ ਦੇ ਵਜ਼ੀਫੇ ਵੰਡੇ ਗਏ। ਪ੍ਰਿੰਸੀਪਲ ਸੋਨੀਆ ਰਾਜਪੂਤ ਨੇ ਦੱਸਿਆ ਕਿ ਐੱਸਜੀਪੀਸੀ ਅੰਮ੍ਰਿਤਸਰ ਵੱਲੋਂ ਸਕੂਲ ਵਿਦਿਆਰਥੀਆਂ ਦੀ ਧਾਰਮਿਕ ਪ੍ਰੀਖਿਆ ਲਈ ਗਈ ਸੀ। ਅੱਜ ਸ਼੍ਰੋਮਣੀ ਕਮੇਟੀ ਦੇ ਪ੍ਰਚਾਰਕ ਭਾਈ ਰਣਜੀਤ ਸਿੰਘ ਭਾਈ ਬਲਜੋਧ ਸਿੰਘ ਨੇ ਸਕੂਲ ਪਹੁੰਚ ਕੇ ਇਸ ਰਾਸ਼ੀ ਦਿੱਤੀ ਗਈ। ਵਜ਼ੀਫਾ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ’ਚ ਹਰਨੂਰਜੋਤ ਕੌਰ, ਹਰਮਨਦੀਪ ਕੌਰ, ਰੁਪਿੰਦਰ ਕੌਰ, ਨਵਨੀਤ ਕੌਰ, ਨਵਨੀਤ ਕੌਰ, ਸੁਖਰਾਜ ਸਿੰਘ ਸ਼ਾਮਲ ਹਨ। -ਨਿੱਜੀ ਪੱਤਰ ਪ੍ਰੇਰਕ
ਜੀਟੀਬੀ ਕਾਲਜ ਦਾ ਨਤੀਜਾ ਸ਼ਾਨਦਾਰ
ਦਸੂਹਾ: ਇਥੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਬੀ.ਐਸ.ਸੀ ਮੈਡੀਕਲ ਤੇ ਨਾਨ ਮੈਡੀਕਲ ਸਿਮੈਸਟਰ ਛੇਵਾਂ ਦੇ ਨਤੀਜਿਆਂ ਵਿੱਚ ਗੁਰੂ ਤੇਗ ਬਹਾਦਰ (ਜੀਟੀਬੀ) ਖਾਲਸਾ ਕਾਲਜ ਫਾਰ ਵਿਮੈਨ ਦਸੂਹਾ ਦੀਆਂ ਵਿਦਿਆਰਥਣਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਪ੍ਰਿੰਸੀਪਲ ਡਾ. ਵਰਿੰਦਰ ਕੌਰ ਨੇ ਦੱਸਿਆ ਕਿ ਬੀਐਸਸੀ (ਮੈਡੀਕਲ) ਸਮੈਸਟਰ ਛੇਵੇਂ ਦੀਆਂ ਵਿਦਿਆਰਥਣਾਂ ਜਸਮੀਨ ਕੌਰ ਨੇ 78.45 ਫੀਸਦ, ਸਿਮਰਨਜੀਤ ਕੌਰ ਨੇ 77.3 ਫੀਸਦ ਅਤੇ ਰੁਪਿੰਦਰ ਕੌਰ ਨੇ 75.4 ਫੀਸਦ, ਬੀਐੱਸਸੀ (ਨਾਨ-ਮੈਡੀਕਲ) ਸਮੈਸਟਰ ਛੇਵੇਂ ਵਿੱਚ ਹਰਜੋਤ ਕੌਰ ਨੇ 75.1 ਫੀਸਦ, ਰਨਦੀਪ ਕੌਰ ਨੇ 74.5 ਫੀਸਦ ਅਤੇ ਸ਼ਾਇਨਾ ਨੇ 72.35 ਫੀਸਦ ਅੰਕਾਂ ਨਾਲ ਪਹਿਲੀਆਂ ਤਿੰਨ ਪੁਜ਼ੀਸ਼ਨਾਂ ਮੱਲੀਆਂ। ਕਾਲਜ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਸਵੀਰ ਸਿੰਘ ਰੰਧਾਵਾ, ਮੀਤ ਪ੍ਰਧਾਨ ਅਜਮੇਰਪਾਲ ਸਿੰਘ ਘੁੰਮਣ, ਮੈਨੇਜਰ ਗੁਰਪ੍ਰੀਤ ਸਿੰਘ ਚੀਮਾ, ਉਪ ਮੈਨੇਜਰ ਦੀਪ ਗਗਨ ਸਿੰਘ ਗਿੱਲ, ਸੈਕਟਰੀ ਭੁਪਿੰਦਰ ਸਿੰਘ ਰੰਧਾਵਾ, ਜੁਆਇੰਟ ਸੈਕਟਰੀ ਮਹਿੰਦਰ ਸਿੰਘ, ਪ੍ਰਿੰਸੀਪਲ ਡਾ. ਵਰਿੰਦਰ ਕੌਰ, ਡੀਨ ਡਾ. ਰੁਪਿੰਦਰ ਕੌਰ ਰੰਧਾਵਾ, ਵਾਈਸ ਪ੍ਰਿੰਸੀਪਲ ਜੋਤੀ ਸੈਣੀ ਨੇ ਵਧਾਈ ਦਿੱਤੀ। -ਪੱਤਰ ਪ੍ਰੇਰਕ
ਦਸਮੇਸ਼ ਸਕੂਲ ਦਾ ਸ਼ਾਨਦਾਰ ਪ੍ਰਦਰਸ਼ਨ
ਮੁਕੇਰੀਆਂ: ਜ਼ਿਲ੍ਹਾ ਪ੍ਰਸਾਸ਼ਨ ਵਲੋਂ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਦੀ ਅਗਵਾਈ ਵਿੱਚ ਸ਼ੁਰੂ ਕੀਤੀ ਗਈ ‘ਚੜ੍ਹਦਾ ਸੂਰਜ’ ਮੁਹਿੰਮ ’ਚ ਸ੍ਰੀ ਗੁਰੂ ਗੋਬਿੰਦ ਸਿੰਘ ਐਜੂਕੇਸ਼ਨਲ ਟਰੱਸਟ ਅਧੀਨ ਚੱਲ ਰਹੇ ਅਦਾਰੇ ਦਸਮੇਸ਼ ਪਬਲਿਕ ਸਕੂਲ ਮੁਕੇਰੀਆਂ ਦੇ ਬੱਚਿਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਪ੍ਰਿੰਸੀਪਲ ਸ੍ਰੀਮਤੀ ਸੁਮਨ ਸ਼ੁਕਲਾ ਨੇ ਦੱਸਿਆ ਕਿ ਇਸੇ ਮੁਹਿੰਮ ਅਧੀਨ ‘ਰਾਈਜ਼ਿੰਗ ਰੇਜ਼ ਦ ਯੰਗ ਚੇਂਜ ਮੇਕਰ’ ਪ੍ਰੋਗਰਾਮ ਜੈਮਜ਼ ਕੈਂਬਰਿਜ ਇੰਟਰਨੈਸ਼ਨਲ ਸਕੂਲ ਵਿੱਚ ਕਰਵਾਇਆ ਗਿਆ। ਇਸ ਦੌਰਾਨ ਹੋਏ ਮੁਕਾਬਲਿਆਂ ਵਿੱਚ ਸਕੂਲ ਦੀ ਦੂਸਰੀ ‘ਸੀ’ ਜਮਾਤ ਦੀ ਵਿਦਿਆਰਥਣ ਇਸ਼ਾਨਵੀ ਨੂੰ ‘ਕਲੀਨੀਲੈਸ ਕੈਟਾਗਰੀ’ ’ਚ ਜੇਤੂ ਕਰਾਰ ਦਿੱਤਾ ਗਿਆ। ‘ਹੈਲਪਿੰਗ ਅਦਰਜ਼’ ਵਿੱਚ ਇੰਦਰਜੀਤ ਸਿੰਘ ਅਤੇ ਰੁਹਾਨੀ ਨੂੰ ਅਤੇ ‘ਐਜੂਕੇਸ਼ਨ ਕੈਟਾਗਰੀ’ ਵਿੱਚ ਪ੍ਰਨਵੀ ਅਤੇ ਗੁਰਪ੍ਰਭਲੀਨ ਕੌਰ ਨੂੰ ਜੇਤੂ ਐਲਾਨਿਆ ਗਿਆ। ਇਸ ਮੌਕੇ ਟਰੱਸਟ ਦੇ ਚੇਅਰਮੈਨ ਰਵਿੰਦਰ ਸਿੰਘ ਚੱਕ ਅਤੇ ਟਰੱਸਟ ਮੈਂਬਰ ਸਹਿਬਾਨ ਕੁਲਦੀਪ ਸਿੰਘ ਬਰਿਆਣਾ, ਸੱਤਪਾਲ ਸਿੰਘ, ਹਰਪਾਲ ਸਿੰਘ, ਬਿਕਰਮਜੀਤ ਸਿੰਘ ਆਦਿ ਹਾਜ਼ਰ ਸਨ। -ਪੱਤਰ ਪ੍ਰੇਰਕ