ਹੜ੍ਹਾਂ ਕਾਰਨ ਮੁਸੀਬਤਾਂ ਨਹੀਂ ਹੋਈਆਂ ਘੱਟ
ਪੌਂਗ ਡੈਮ ਤੋਂ ਪਾਣੀ ਛੱਡੇ ਜਾਣ ਨਾਲ ਬਿਆਸ ਦਰਿਆ ਸਮੁੰਦਰ ਵਾਂਗ ਠਾਠਾਂ ਮਾਰ ਰਿਹਾ ਹੈ। ਮੰਡ ਖੇਤਰ ਵਿੱਚ ਪਾਣੀ ਨੇ ਘਰ, ਖੇਤ ਤੇ ਪਸ਼ੂ ਸਭ ਕੁਝ ਆਪਣੀ ਲਪੇਟ ਵਿੱਚ ਲੈ ਲਿਆ ਹੈ। ਫੌਜ ਰਾਹਤ ਕਾਰਜਾਂ ਵਿੱਚ ਲੱਗੀ ਹੋਈ ਹੈ, ਪਰ ਬਹੁਤ ਲੋਕ ਆਪਣੀ ਜਾਨ ਬਚਾਉਣ ਲਈ ਆਪ ਹੀ ਕਿਸ਼ਤੀਆਂ ਰਾਹੀਂ ਸੁਰੱਖਿਅਤ ਥਾਵਾਂ ’ਤੇ ਜਾ ਰਹੇ ਹਨ। ਕਿਸਾਨ ਆਗੂਆਂ ਨੇ 25 ਦਿਨਾਂ ਤੋਂ ਵੱਧ ਸਮੇਂ ਤੋਂ ਲੋਕਾਂ ਅਤੇ ਪਸ਼ੂਆਂ ਨੂੰ ਸੁਰੱਖਿਅਤ ਥਾਵਾਂ ਤੱਕ ਪਹੁੰਚਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਰਾਹਤ ਕੈਂਪਾਂ ਦੀ ਹਕੀਕਤ ਬਹੁਤ ਦੁਖਦਾਈ ਹੈ। ਲੋਕਾਂ ਅਨੁਸਾਰ ਉੱਥੇ ਸਿਰਫ ਮੰਜੇ ਮਿਲੇ ਹਨ ਪਰ ਬਿਸਤਰਾ, ਚਾਦਰ, ਤਕੀਏ ਦੀ ਘਾਟ ਹੈ। ਬੱਚੇ ਘਾਹ-ਫੂਸ ’ਤੇ ਸੌਣ ਲਈ ਮਜਬੂਰ ਹਨ। ਖਾਣ-ਪੀਣ ਦੀ ਵੀ ਕਮੀ ਹੈ, ਕਈ ਪਰਿਵਾਰਾਂ ਨੂੰ ਰੋਟੀ, ਦੁੱਧ ਜਾਂ ਚਾਹ ਤੱਕ ਨਹੀਂ ਮਿਲੀ। ਔਰਤਾਂ ਦੀ ਰਾਤ ਸਮੇਂ ਸੁਰੱਖਿਆ ਨੂੰ ਲੈ ਕੇ ਵੀ ਵੱਡੀ ਚਿੰਤਾ ਹੈ। 103 ਸਾਲਾ ਬਚਨ ਸਿੰਘ ਨੂੰ ਲੈ ਕੇ ਪ੍ਰਸ਼ਾਸਨ ਨੇ ਬਚਾਉਂਦੇ ਹੋਏ ਦਾਅਵਾ ਕੀਤਾ ਸੀ ਪਰ ਵੀਡੀਓ ਵਿੱਚ ਸਾਫ਼ ਹੈ ਕਿ ਉਹ ਪਰਿਵਾਰ ਦੇ ਸਹਾਰੇ ਪੈਦਲ ਹੀ ਕੈਂਪ ਤੱਕ ਪਹੁੰਚੇ। ਪਰਿਵਾਰ ਨੇ ਦੱਸਿਆ ਕਿ ਪ੍ਰਸ਼ਾਸਨ ਨੇ ਕੁਝ ਵੀ ਨਹੀਂ ਕੀਤਾ, ਸਿਰਫ ਕੈਮਰੇ ਅੱਗੇ ਦਿਖਾਵਾ ਕੀਤਾ। ਲੋਕਾਂ ਨੇ ਇਹ ਵੀ ਕਿਹਾ ਕਿ ਦਾਨੀ ਸੱਜਣਾਂ ਵੱਲੋਂ ਲਿਆਂਦੀ ਰਾਹਤ ਸਮੱਗਰੀ ਨੂੰ ਵੀ ਪ੍ਰਸ਼ਾਸਨ ਆਪਣੇ ਕੈਂਪਾਂ ਵਿੱਚ ਲੈ ਜਾਣ ਲਈ ਮਜਬੂਰ ਕਰਦਾ ਹੈ ਤਾਂ ਜੋ ਆਪਣੀ ਚੰਗੀ ਤਸਵੀਰ ਪੇਸ਼ ਕਰ ਸਕੇ। ਇਸ ਕਾਰਨ ਅਸਲ ਪੀੜਤ ਅਕਸਰ ਸਮੱਗਰੀ ਤੋਂ ਵਾਂਝੇ ਰਹਿ ਜਾਂਦੇ ਹਨ। ਬਜ਼ੁਰਗਾਂ ਨੇ ਦੱਸਿਆ ਕਿ 1988 ਤੋਂ ਬਾਅਦ ਦੁਬਾਰਾ ਉਨ੍ਹਾਂ ਨੂੰ ਸਾਰੀ ਜ਼ਿੰਦਗੀ ਦੀ ਕਮਾਈ ਖੋਣੀ ਪਈ ਹੈ। ਉਨ੍ਹਾਂ ਇਸ ਲਈ ਸਰਕਾਰ ਅਤੇ ਪ੍ਰਸ਼ਾਸਨ ਦੀ ਨਾਕਾਮੀ ਨੂੰ ਜ਼ਿੰਮੇਵਾਰ ਠਹਿਰਾਇਆ।