ਬਾਊਪੁਰ ਮੰਡ ’ਚ ਟੁੱਟਿਆ ਪਹਿਲਾ ਆਰਜ਼ੀ ਬੰਨ੍ਹ ਬੱਝਾ
ਬਾਊਪੁਰ ਮੰਡ ਇਲਾਕੇ ਵਿੱਚ ਆਏ ਹੜ੍ਹ ਦੌਰਾਨ ਜਿਹੜਾ ਪਹਿਲਾਂ ਆਰਜ਼ੀ ਬੰਨ੍ਹ ਟੁੱਟ ਗਿਆ ਸੀ, ਉਸ ਬੰਨ੍ਹ ਨੂੰ ਲੋਕਾਂ ਦੇ ਸਾਂਝੇ ਸਹਿਯੋਗ ਨਾਲ ਬੰਨ੍ਹ ਦਿੱਤਾ ਗਿਆ ਹੈ। ਇਸ ਆਰਜ਼ੀ ਬੰਨ੍ਹ ਵਿੱਚ ਲੰਘੀ 10 ਅਗਸਤ ਦੀ ਰਾਤ ਨੂੰ ਪਾੜ ਪੈ ਗਿਆ ਸੀ, ਜਿਸ ਨਾਲ ਦਰਿਆ ਬਿਆਸ ਦਾ ਪਾਣੀ ਬਾਊਪੁਰ ਮੰਡ ਇਲਾਕੇ ਵਿੱਚ ਭਰ ਗਿਆ ਸੀ, ਜਿਸ ਨੇ ਵੱਡੇ ਪੱਧਰ ’ਤੇ ਤਬਾਹੀ ਮਚਾਈ ਸੀ। ਇਸ ਬੰਨ੍ਹ ਨੂੰ ਮਜ਼ਬੂਤ ਕਰਨ ਲਈ ਅੱਜ ਵੀ ਸੇਵਾ ਦੇ ਕਾਰਜ ਜਾਰੀ ਰਹੇ। ਰਾਜ ਸਭਾ ਮੈਂਬਰ ਤੇ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਅਗਵਾਈ ਹੇਠ ਅੱਜ 15 ਤੋਂ ਵੱਧ ਟਰੈਕਟਰਾਂ ਨੇ ਇਸ ਬੰਨ੍ਹ ਨੂੰ ਮਜ਼ਬੂਤ ਕਰਨ ਲਈ ਆਲੇ-ਦੁਆਲੇ ਦੇ ਖੇਤਾਂ ਵਿੱਚੋ ਮਿੱਟੀ ਕਰਾਹਿਆਂ ਨਾਲ ਇੱਕਠੀ ਕਰਕੇ ਬੰਨ੍ਹ ਤੱਕ ਪਹੁੰਚਾਈ।
ਇੱਥੇ ਵੀ ਇੱਕ ਵੱਡੀ ਐਕਸਾਵੇਟਰ ਮਸ਼ੀਨ ਵੀ ਬੰਨ੍ਹ ਨੂੰ ਮਜ਼ਬੂਤ ਕਰਨ ਵਿੱਚ ਲੱਗੀ ਹੋਈ ਸੀ। ਬਾਊਪੁਰ ਮੰਡ ਇਲਾਕੇ ਵਿੱਚ ਪਿੰਡ ਰਾਮਗੜ੍ਹ ਤਹਿਸੀਲ ਨਾਭਾ ਜ਼ਿਲ੍ਹਾ ਪਟਿਆਲਾ ਤੋਂ 10 ਨੌਜਵਾਨ ਟਰੈਕਟਰ ਅਤੇ ਡੀਜ਼ਲ ਲੈਕੇ ਆਏ ਹਨ ਤਾਂ ਜੋ ਹੜ੍ਹ ਪੀੜਤਾਂ ਦੇ ਖੇਤ ਮੁੜ ਵਾਹੀਯੋਗ ਬਣਾਏ ਜਾ ਸਕਣ। ਇਨ੍ਹਾਂ ਨੌਜਵਾਨਾਂ ਵਿੱਚ ਸ਼ਾਮਿਲ ਮਨਜੀਤ ਸਿੰਘ ਤੇ ਗੁਰਕੀਰਤ ਸਿੰਘ ਨੇ ਦੱਸਿਆ ਕਿ ਉਹ ਦੋ ਟਰਾਲੀਆਂ ਪਸ਼ੂਆਂ ਦੇ ਲਈ ਅਚਾਰ ਦੀਆਂ ਵੀ ਨਾਲ ਲੈਕੇ ਆਏ ਹਨ। ਉਨ੍ਹਾਂ ਦੱਸਿਆ ਕਿ ਪਹਿਲੇ ਦਿਨ ਤੋਂ ਹੀ ਸੰਤ ਸੀਚੇਵਾਲ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਨਿਭਾਈਆਂ ਜਾ ਰਹੀਆਂ ਸੇਵਾਵਾਂ ਤੋਂ ਪ੍ਰੇਰਿਤ ਹੋ ਕੇ ਬਾਬਾ ਜੀ ਦੇ ਹੋਕੇ ਤੇ 10 ਜਣਿਆਂ ਦੀ ਟੀਮ ਪੂਰੀ ਇੱਕਜੁਟਤਾ ਨਾਲ ਹੜ੍ਹ ਪੀੜਤ ਇਲਾਕਿਆਂ ਵਿੱਚ ਕੰਮ ਕਰਨ ਲਈ ਆਈ ਹੋਈ ਹੈ। ਨੌਜਵਾਨਾਂ ਨੇ ਦੱਸਿਆ ਕਿ ਉਹ ਦੋ ਦਿਨ ਇੱਥੇ ਰੁਕਣਗੇ ਅਤੇ ਬਾਅਦ ਵਿੱਚ ਹੜ੍ਹ ਪੀੜਤ ਕਿਸਾਨਾਂ ਦੀ ਮਦਦ ਲਈ ਆਉਣਗੇ। ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਉਨ੍ਹਾਂ ਨੌਜਵਾਨਾਂ ਤੇ ਇਲਾਕੇ ਦੀ ਸੰਗਤ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਦਿਨ-ਰਾਤ ਇੱਕ ਕਰਕੇ ਇਸ ਬੰਨ੍ਹ ਨੂੰ ਬੰਨਿਆ। ਉਨ੍ਹਾਂ ਕਿਹਾ ਕਿ ਨੌਜਵਾਨਾਂ ਵਿੱਚ ਅਥਾਹ ਤਾਕਤ ਹੁੰਦੀ ਹੈ, ਜਿਸ ਨੂੰ ਸਿਰਫ ਸਹੀ ਸੇਧ ਦੇਣ ਦੀ ਲੋੜ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਸਾਲ 2019 ਤੇ 2023 ਦੌਰਾਨ ਆਏ ਹੜ੍ਹਾਂ ਦੌਰਾਨ ਵੀ ਰਿਕਾਰਡ ਸਮੇਂ ਵਿੱਚ ਬੰਨ੍ਹੇ ਗਏ ਬੰਨ੍ਹ ਵਿੱਚ ਵੀ ਵੱਡਾ ਯੋਗਦਾਨ ਨੌਜਵਾਨੀ ਦਾ ਸੀ। ਉਨ੍ਹਾਂ ਕਿਹਾ ਕਿ ਨੌਜਵਾਨੀ ਤਾਕਤ ਹੜ੍ਹਾਂ ਨਾਲ ਤਬਾਹ ਹੋ ਚੁੱਕੇ ਪੰਜਾਬ ਨੂੰ ਮੁੜ ਪੈਰਾ ਸਿਰ ਖੜਾ ਕਰਨ ਦੇ ਸਮਰੱਥ ਹੈ।
ਘੋਨੇਵਾਲ ’ਚ ਰਾਵੀ ਦੇ ਧੁੱਸੀ ਬੰਨ੍ਹ ਦਾ ਪਾੜ ਪੂਰਿਆ
ਅੰਮ੍ਰਿਤਸਰ (ਜਗਤਾਰ ਸਿੰਘ ਲਾਂਬਾ): ਜ਼ਿਲ੍ਹਾ ਅੰਮ੍ਰਿਤਸਰ ਦੇ ਹਲਕਾ ਅਜਲਾਲਾ ਵਿਖੇ ਕਸਬਾ ਰਮਦਾਸ ਨੇੜੇ ਪਿੰਡ ਘੋਨੇਵਾਲ ਅਤੇ ਮਾਛੀਵਾਲ ਨਾਲ ਲਗਦੇ ਰਾਵੀ ਦਰਿਆ ਦਾ ਧੁੱਸੀ ਬੰਨ੍ਹ 27 ਅਗਸਤ ਨੂੰ ਟੁੱਟ ਗਿਆ ਸੀ, ਜਿਸ ਨਾਲ ਤਹਿਸੀਲ ਅਜਨਾਲਾ ਅਤੇ ਡੇਰਾ ਬਾਬਾ ਨਾਨਕ ਇਲਾਕੇ ਦੇ ਪਿੰਡ ਹੜ੍ਹ ਦੇ ਪਾਣੀ ਦੀ ਮਾਰ ਹੇਠ ਆਏ ਸਨ। ਸੰਪਰਦਾਇ ਕਾਰ ਸੇਵਾ ਸੰਤ ਬਾਬਾ ਤਾਰਾ ਸਿੰਘ ਸਰਹਾਲੀ ਸਾਹਿਬ ਦੇ ਮੁਖੀ ਸੰਤ ਸੁੱਖਾ ਸਿੰਘ ਅਤੇ ਬਾਬਾ ਹਾਕਮ ਸਿੰਘ ਦੀ ਅਗਵਾਈ ਵਿਚ 7 ਸਤੰਬਰ ਨੂੰ ਅਰਦਾਸ ਕਰਕੇ ਸਮੂਹ ਪ੍ਰਸ਼ਾਸਨ ਦੇ ਸਹਿਯੋਗ ਨਾਲ ਧੁੱਸੀ ਬੰਨ੍ਹ ਦਾ ਪਾੜ ਪੂਰਨ ਲਈ ਕਾਰ ਸੇਵਾ ਆਰੰਭ ਕੀਤੀ ਗਈ ਸੀ। 15 ਦਿਨ ਦੇ ਲਗਾਤਾਰ ਸੇਵਾ ਕਾਰਜ ਨਾਲ ਬੀਤੀ ਰਾਤ 8 ਵਜੇ ਇਸ ਬੰਨ੍ਹ ਦਾ ਪਾੜ ਪੂਰ ਕੇ ਸੇਵਾ ਸੰਪੂਰਨ ਕੀਤੀ ਗਈ। ਅੱਜ ਇਸ ਬੰਨ੍ਹ ’ਤੇ ਸੇਵਾ ਕਰਨ ਲਈ ਸੰਤ ਸੁੱਖਾ ਸਿੰਘ ਨਾਲ ਵਿਦੇਸ਼ੀ ਸੰਗਤ ਵੀ ਪਹੁੰਚੀ, ਜਿਸ ਵਿਚ ਰੂਸ, ਇਟਲੀ, ਕਜ਼ਾਕਸਥਾਨ, ਮਲੇਸ਼ੀਆ, ਇੰਡੋਨੇਸ਼ੀਆ ਅਤੇ ਹੋਰ ਕਈ ਯੂਰਪੀਅਨ ਦੇਸ਼ਾਂ ਦੇ ਨਾਗਰਿਕ ਸ਼ਾਮਲ ਸਨ। ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਆਖਿਆ ਕਿ ਸੰਤ ਸੁੱਖਾ ਸਿੰਘ ਨੇ ਇਸ ਟੁੱਟੇ ਬੰਨ੍ਹ ਦਾ ਪਾੜ ਸੰਭਾਵਿਤ ਸਮੇਂ ਤੋਂ ਬਹੁਤ ਪਹਿਲਾਂ ਪੂਰ ਦਿੱਤਾ ਹੈ। ਧੁੱਸੀ ਬੰਨ੍ਹ ਵਿਚ ਲਗਭਗ 200 ਅਤੇ 400 ਫੁੱਟ ਦੋ ਵੱਡੇ ਪਾੜ ਸਨ, ਜੋ 15 ਦਿਨ ਵਿੱਚ ਪੂਰ ਕੇ ਧੁੱਸੀ ਬੰਨ੍ਹ ਨੂੰ ਬਰਾਬਰ ਕਰ ਦਿੱਤਾ ਗਿਆ ਹੈ। ਇਸ ਸੇਵਾ ਕਾਰਜ ਲਈ ਸੰਪਰਦਾਇ ਅਤੇ ਸਮੂਹ ਸਹਿਯੋਗੀ ਸੰਸਥਾਵਾਂ ਤੇ ਜਥੇਬੰਦੀਆਂ ਦਾ ਧੰਨਵਾਦ ਹੈ। ਸੰਪਰਦਾਇ ਵੱਲੋਂ ਨਿਭਾਈਆਂ ਸੇਵਾਵਾਂ ਨੂੰ ਮੁੱਖ ਰੱਖਦਿਆਂ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ, ਸਰਪੰਚ ਸੁਖਜੀਤ ਸਿੰਘ ਮਾਛੀਵਾਲ ਅਤੇ ਗੁਰਵਿੰਦਰ ਸਿੰਘ ਰਮਦਾਸ ਵੱਲੋਂ ਸੰਤ ਸੁੱਖਾ ਸਿੰਘ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਸੰਪਰਦਾਇ ਕਾਰ ਸੇਵਾ ਵਲੋਂ ਪਿੰਡ ਘਣੀਏ ਕੇ ਬੇਟ ਲਈ ਪਿੰਡ ਵਿਚ ਸੋਲਰ ਲਾਈਟਾਂ ਵੰਡੀਆਂ ਗਈਆਂ।
ਸਾਹਨੀ ਨੇ ਖੇਤਾਂ ’ਚੋਂ ਰੇਤ ਹਟਾਉਣ ਦੀ ਮੁਹਿੰਮ ਸ਼ੁਰੂ ਕਰਵਾਈ
ਅੰਮ੍ਰਿਤਸਰ (ਜਗਤਾਰ ਸਿੰਘ ਲਾਂਬਾ): ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਮੁੜ ਵਸੇਬੇ ਲਈ ਪਦਮਸ੍ਰੀ ਡਾ. ਵਿਕਰਮਜੀਤ ਸਿੰਘ ਸਾਹਨੀ, ਰਾਜ ਸਭਾ ਮੈਂਬਰ ਅਤੇ ਸਨ ਫਾਊਂਡੇਸ਼ਨ ਦੇ ਚੇਅਰਮੈਨ ਨੇ ਅੱਜ ਅੰਮ੍ਰਿਤਸਰ ਜ਼ਿਲ੍ਹੇ ਦੇ ਅਜਨਾਲਾ ਬਲਾਕ ਵਿਚ ਹੜ੍ਹ ਰਾਹਤ ਕਾਰਜਾਂ ਤਹਿਤ ਪ੍ਰਭਾਵਿਤ ਖੇਤਾਂ ਵਿੱਚੋਂ ਰੇਤ ਹਟਾਉਣ (ਡੀਸਿਲਟਿੰਗ) ਦੀ ਮੁਹਿੰਮ ਨੂੰ ਸ਼ੁਰੂ ਕੀਤਾ। ਉਨ੍ਹਾਂ ਪਿੰਡ ਨੰਗਲ ਸੋਹਲ ਅਤੇ ਮਹਿਮਤ ਮੰਦੀਰਾ ਵਾਲੀ ਸਣੇ ਆਸ-ਪਾਸ ਦੇ ਖੇਤਰਾਂ ਵਿਚ 15 ਟਰੈਕਟਰ ਅਤੇ 5 ਜੇਸੀਬੀ ਮਸ਼ੀਨਾਂ ਰੇਤ ਹਟਾਉਣ ਲਈ ਲਗਾਈਆਂ ਹਨ। ਇਸ ਮੌਕੇ ਅਰਦਾਸ ਕਰਨ ਤੋਂ ਬਾਅਦ ਡਾ. ਸਾਹਨੀ ਨੇ ਦੱਸਿਆ ਕਿ ਇਨ੍ਹਾਂ ਪਿੰਡਾਂ ਵਿਚ ਲਗਭਗ 40,000 ਹੈਕਟੇਅਰ ਫਸਲਾਂ ਅੱਠ ਫੁੱਟ ਤੱਕ ਪਾਣੀ ਭਰਨ ਕਾਰਨ ਤਬਾਹ ਹੋ ਗਈਆਂ ਹਨ, ਜਿਸ ਨਾਲ ਗਰੀਬ ਕਿਸਾਨਾਂ ਨੂੰ ਤੁਰੰਤ ਮਦਦ ਦੀ ਲੋੜ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਇਹ ਮੁਹਿੰਮ ਜਾਰੀ ਰਹੇਗੀ ਜਦ ਤੱਕ ਕਿਸਾਨ ਪੂਰੀ ਤਰ੍ਹਾਂ ਸੰਤੁਸ਼ਟ ਹੋ ਕੇ ਆਪਣੀ ਅਗਲੀ ਫਸਲ ਦੀ ਬਿਜਾਈ ਸ਼ੁਰੂ ਨਹੀਂ ਕਰ ਲੈਂਦੇ। ਉਨ੍ਹਾਂ ਦੱਸਿਆ ਕਿ ਫਾਊਂਡੇਸ਼ਨ ਨੇ ਬੰਨ (ਸਟਾਪ ਡੈਮ) ਬਣਾਉਣ ਲਈ 10,000 ਪੀਪੀ ਬੈਗ ਵੀ ਭੇਜੇ ਹਨ। ਇਸ ਮੌਕੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਵੀ ਮੌਜੂਦ ਸਨ। ਇਸ ਤੋਂ ਬਾਅਦ ਡਾ. ਸਾਹਨੀ ਨੇ ਪਿੰਡ ਦਰਿਆ ਮੂਸਾ ਵਿਖੇ ਪ੍ਰਭਾਵਿਤ ਪਰਿਵਾਰਾਂ ਨੂੰ ਘਰੇਲੂ ਸਮਾਨ ਬਿਸਤਰੇ, ਗੱਦੇ, ਫਾਗਿੰਗ ਮਸ਼ੀਨਾਂ, ਫਰਨੀਚਰ, ਰਾਸ਼ਨ ਵੰਡਿਆ।
ਬੀਬੀ ਕੌਲਾਂ ਜੀ ਭਲਾਈ ਕੇਂਦਰ ਨੇ ਲੋੜਵੰਦ ਪਰਿਵਾਰਾਂ ਨੂੰ ਮੱਝਾਂ ਸੌਂਪੀਆਂ
ਅੰਮ੍ਰਿਤਸਰ (ਜਸਬੀਰ ਸਿੰਘ ਸੱਗੂ): ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਬੀਬੀ ਕੌਲਾਂ ਜੀ ਭਲਾਈ ਕੇਂਦਰ ਵਿਖੇ ਪਹੁੰਚੇ, ਜਿਥੇ ਹੜ ਪੀੜ੍ਹਤ ਪਰਿਵਾਰਾਂ ਨੂੰ ਮੁੜ ਵਸੇਬਾ ਲਈ ਮਿਸ਼ਨ ਚੜ੍ਹਦੀ ਕਲਾ ਤਹਿਤ ਪਰਿਵਾਰਾਂ ਦੇ ਮੁੜ ਵਸੇਬੇ ਲਈ ਲੋੜਵੰਦ ਪਰਿਵਾਰਾਂ ਨੂੰ ਪਸ਼ੂ ਧਨ ਅਤੇ ਬੱਚਿਆਂ ਲਈ ਬੈਗ ਦਿੱਤੇ ਗਏ। ਉਨ੍ਹਾਂ ਨੇ ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਦੇ ਮੁਖੀ ਭਾਈ ਸਾਹਿਬ ਭਾਈ ਗੁਰਇਕਬਾਲ ਸਿੰਘ ਵਲੋਂ ਕੀਤੇ ਜਾ ਰਹੇ ਕੰਮਾਂ ਦੀ ਸਰਾਹਨਾ ਕੀਤੀ। ਡੀਸੀ ਅਤੇ ਭਾਈ ਗੁਰਇਕਬਾਲ ਸਿੰਘ ਨੇ ਆਪਣੇ ਹੱਥੀਂ ਅੱਜ ਤਿੰਨ ਮੱਝਾਂ ਅਤੇ ਇੱਕ ਗਾਂ ਲਾਭਪਾਤਰੀ ਪਰਿਵਾਰਾਂ ਨੂੰ ਦਿੱਤੀਆਂ।ਡ ਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਅੰਮ੍ਰਿਤਸਰ ਜ਼ਿਲ੍ਹੇ ਦੇ 198 ਪਿੰਡ ਹੜ ਤੋਂ ਪ੍ਰਭਾਵਿਤ ਹੋਏ, ਜਿਨ੍ਹਾਂ ਵਿੱਚੋਂ 100 ਪਿੰਡ ਐਸੇ ਹਨ ਜਿਥੇ ਹਾਲਾਤ ਸਭ ਤੋਂ ਵੱਧ ਗੰਭੀਰ ਰਹੇ। ਉਨ੍ਹਾਂ ਕਿਹਾ ਕਿ ਇਹਨਾਂ ਵਿਚੋਂ 19 ਪਿੰਡਾਂ ਦੀ ਵੱਖਰੀ ਨੋਟੀਫਿਕੇਸ਼ਨ ਕਰਕੇ ਉਥੇ ਖੇਤਾਂ ਦੀ ਰੇਤ ਹਟਾ ਕੇ ਮੁੜ ਖੇਤੀਯੋਗ ਬਣਾਇਆ ਜਾ ਰਿਹਾ ਹੈ।