ਕਿਸਾਨਾਂ ਦੇ ਚਿਹਰੇ ’ਤੇ ਰੌਣਕ ਪਰਤੀ
ਬਾਊਪੁਰ ਮੰਡ ਵਿੱਚ ਆਏ ਹੜ੍ਹਾਂ ਨਾਲ ਮਚੀ ਭਾਰੀ ਤਬਾਹੀ ਮਗਰੋਂ ਹੁਣ ਕਿਸਾਨਾਂ ਦਾ ਜੀਵਨ ਲੀਹ ’ਤੇ ਆਉਣ ਲੱਗ ਪਿਆ ਹੈ। ਪਿੰਡ ਭੈਣੀ ਕਾਦਰ ਬਖ਼ਸ਼ ਨੇੜੇੇ ਬਿਆਸ ਦਰਿਆ ਦਾ ਆਰਜ਼ੀ ਬੰਨ੍ਹ ਟੁੱਟ ਗਿਆ ਸੀ ਜਿਸ ਨੇ ਕਿਸਾਨਾਂ ਦੀ ਝੋਨੇ ਦੀ ਸਾਰੀ...
ਬਾਊਪੁਰ ਮੰਡ ਵਿੱਚ ਆਏ ਹੜ੍ਹਾਂ ਨਾਲ ਮਚੀ ਭਾਰੀ ਤਬਾਹੀ ਮਗਰੋਂ ਹੁਣ ਕਿਸਾਨਾਂ ਦਾ ਜੀਵਨ ਲੀਹ ’ਤੇ ਆਉਣ ਲੱਗ ਪਿਆ ਹੈ। ਪਿੰਡ ਭੈਣੀ ਕਾਦਰ ਬਖ਼ਸ਼ ਨੇੜੇੇ ਬਿਆਸ ਦਰਿਆ ਦਾ ਆਰਜ਼ੀ ਬੰਨ੍ਹ ਟੁੱਟ ਗਿਆ ਸੀ ਜਿਸ ਨੇ ਕਿਸਾਨਾਂ ਦੀ ਝੋਨੇ ਦੀ ਸਾਰੀ ਫ਼ਸਲ ਰੋੜ੍ਹ ਦਿੱਤੀ ਸੀ। ਇਸੇ ਪਿੰਡ ਦੇ ਤਿੰਨ ਭਰਾਵਾਂ ਦੀ ਜ਼ਮੀਨ ਵਿੱਚ ਤਿੰਨ ਏਕੜ ’ਚ 50 ਫੁੱਟ ਤੋਂ ਵੱਧ ਡੂੰਘਾ ਟੋਇਆ ਪੈ ਗਿਆ ਸੀ। ਇਸ ਟੋਏ ਨੂੰ ਭਰਨ ਲਈ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਅਗਵਾਈ ਹੇਠ ਰੋਜ਼ਾਨਾ 100 ਤੋਂ ਵੱਧ ਟਰੈਕਟਰ ਚੱਲਦੇ ਸਨ। ਇਸ ਟੋਏ ਨੂੰ ਪੂਰਨ ਲਈ 10 ਦਿਨ ਲੱਗ ਗਏ ਸਨ ਤੇ 70 ਲੱਖ ਦੇ ਕਰੀਬ ਦਾ ਡੀਜ਼ਲ ਲੱਗ ਗਿਆ ਸੀ। ਐੱਮ ਪੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਅੱਜ ਉਨ੍ਹਾਂ ਖੇਤਾਂ ਵਿੱਚ ਕਣਕ ਦੀ ਬਿਜਾਈ ਆਪਣੇ ਹੱਥੀ ਕੀਤੀ। ਕਿਸਾਨ ਇੰਦਰਜੀਤ ਸਿੰਘ ਦੇ ਖੇਤਾਂ ਵਿੱਚ ਟਰੈਕਟਰ ਚਲਾ ਕੇ ਸੰਤ ਬਲਬੀਰ ਸਿੰਘ ਸੀਚੇਵਾਲ ਆਪ ਕਣਕ ਬੀਜ ਰਹੇ ਸਨ। ਇਹ ਜ਼ਮੀਨ ਉਸ ਬੰਨ੍ਹ ਦੇ ਨੇੜੇ ਹੈ ਜਿੱਥੇ ਪਹਿਲਾਂ ਪਾੜ ਪਿਆ ਸੀ, ਇਸ ਦੇ ਨਾਲ 30 ਤੋਂ 35 ਹੋਰ ਖੇਤਾਂ ਵਿੱਚ ਟਰੈਕਟਰ ਜ਼ਮੀਨਾਂ ਪੱਧਰੀਆਂ ਕਰਨ ਵਿੱਚ ਲੱਗੇ ਹੋਏ ਹਨ ਤੇ ਆਉਣ ਵਾਲੇ ਦਿਨਾਂ ਵਿੱਚ ਉਨ੍ਹਾਂ ਵਿੱਚ ਕਣਕ ਦੀ ਬਿਜਾਈ ਕਰਵਾਈ ਜਾਵੇਗੀ।
ਅਜੇ ਵੀ ਡੀਜ਼ਲ ਦੀ ਲੋੜ
ਐੱਮ ਪੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਦੱਸਿਆ ਕਿ ਹੜ੍ਹ ਪੀੜਤ ਕਿਸਾਨਾਂ ਦੇ ਖੇਤ ਪੱਧਰੇ ਕਰ ਕੇ ਕਣਕ ਬੀਜਣ ਦਾ ਕੰਮ ਜਾਰੀ ਹੈ। ਅਜੇ ਵੀ ਲੈਵਲ ਕੁਰਾਹੇ ਚੱਲ ਰਹੇ ਹਨ। ਸੰਤ ਸੀਚੇਵਾਲ ਨੇ ਪਰਵਾਸੀ ਪੰਜਾਬੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਹੜ੍ਹਾਂ ਦੌਰਾਨ ਵੀ ਬੇਅੰਤ ਮਦਦ ਕੀਤੀ ਹੈ। ਉਨ੍ਹਾਂ ਕਿਹਾ ਕਿ ਹੜ੍ਹ ਆਇਆਂ ਨੂੰ ਚਾਰ ਮਹੀਨੇ ਤੋਂ ਵੱਧ ਦਾ ਸਮਾਂ ਬੀਤ ਗਿਆ ਹੈ ਪਰ ਅਜੇ ਵੀ ਬਹੁਤ ਸਾਰੇ ਕਿਸਾਨ ਹਨ ਜਿਨ੍ਹਾਂ ਦੇ ਖੇਤਾਂ ਵਿੱਚੋਂ ਰੇਤਾ ਨਹੀਂ ਚੁੱਕਿਆ ਗਿਆ।

