ਡੇਰਾ ਸੂਸਾਂ ਦੀ ਸੰਭਾਲ ਦਾ ਫ਼ੈਸਲਾ ਪਿੰਡ ਵਾਸੀਆਂ ਦੇ ਹੱਕ ’ਚ ਆਇਆ
ਦੱਸਣਯੋਗ ਹੈ ਕਿ ਡੇਰਾ ਬਾਬਾ ਜਵਾਹਰ ਦਾਸ ਜੀ ਪਿੰਡ ਸੂਸਾਂ ਦੀ ਸੇਵਾ ਸੰਭਾਲ ਪਿੰਡ ਵਾਸੀ ਖੁਦ ਕਰਦੇ ਸਨ ਪਰ ਡੇਰੇ ਦੀ ਸੇਵਾ ਸੰਭਾਲ ਨੂੰ ਲੈ ਕੇ ਪਿੰਡ ਦੋ ਹਿਸਿਆਂ ਵਿੱਚ ਵੰਡਿਆ ਗਿਆ ਸੀ ਅਤੇ ਦੋਵੇਂ ਧਿਰਾਂ ਦਮਦਮੀ ਟਕਸਾਲ ਦੇ ਮੁਖੀ ਗਿਆਨੀ ਹਰਨਾਮ ਸਿੰਘ ਧੁੰਮਾਂ ਖਾਲਸਾ ਕੋਲ ਗਈਆਂ ਅਤੇ ਡੇਰੇ ਦੀ ਸੇਵਾ ਸੰਭਾਲ ਕਰਨ ਦੀ ਬੇਨਤੀ ਕੀਤੀ, ਜਿਸ ਨੂੰ ਪ੍ਰਵਾਨ ਕਰਕੇ ਬਾਬਾ ਧੁੰਮਾਂ ਨੇ ਡੇਰੇ ਦਾ ਚਾਰਜ ਸੰਭਾਲ ਲਿਆ। ਪਰ ਬਾਅਦ ਵਿੱਚ ਪਿੰਡ ਦੀ ਇੱਕ ਧਿਰ ਬਾਬਾ ਜੀ ਦੀ ਕਾਰਗੁਜ਼ਾਰੀ ਤੋਂ ਖੁਸ਼ ਨਹੀਂ ਸੀ ਜਦ ਕਿ ਇੱਕ ਧਿਰ ਬਾਬਾ ਜੀ ਦੇ ਨਾਲ ਸੀ। ਸਾਰਾ ਪਿੰਡ ਦਮਦਮੀ ਟਕਸਾਲ ਤੋਂ ਕਬਜ਼ਾ ਛੁਡਾਉਣ ਲਈ ਇਕੱਠਾ ਹੋ ਗਿਆ। ਪਿੰਡ ਦੇ ਪ੍ਰਮੁੱਖ ਆਗੂ ਸਿਮਰਨਜੀਤ ਸਿੰਘ ਸੂਚ ਨੇ ਦੱਸਿਆ ਕਿ ਦਮਦਮੀ ਟਕਸਾਲ ਨੇ ਡੇਰੇ ਦੀ ਸਾਂਭ ਸੰਭਾਲ ਲਈ ਜਿਹੜੀਆਂ ਸ਼ਰਤਾਂ ਤਹਿਤ ਪਿੰਡ ਵਾਸੀਆਂ ਨਾਲ ਸਮਝੌਤਾ ਕੀਤਾ ਸੀ ਉਸ ’ਤੇ ਉਹ ਪੂਰੇ ਨਹੀਂ ਉੱਤਰੇ। ਦਮਦਮੀ ਟਕਸਾਲ ਨੇ ਡੇਰੇ ਦੀ ਮਰਿਆਦਾ ਅਤੇ ਸਿਧਾਂਤਾਂ ਦਾ ਬਿਲਕੁਲ ਖਿਆਲ ਨਹੀਂ ਰੱਖਿਆ ਅਤੇ ਪਿੰਡ ਦੇ 21 ਵਿਅਕਤੀਆਂ ’ਤੇ ਕੇਸ ਵੀ ਦਰਜ ਕਰਵਾ ਦਿੱਤੇ।
ਜਦੋਂ ਦਮਦਮੀ ਟਕਸਾਲ ਦੇ ਸੇਵਾਦਾਰ ਭਾਈ ਸਾਹਿਬ ਸਿੰਘ ਨਾਲ ਇਸ ਮਾਮਲੇ ਬਾਰੇ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਆਪਣਾ ਫੋਨ ਚੁਕਿਆ ਹੀ ਨਹੀਂ ਅਤੇ ਜਦ ਭਾਈ ਜੀਵਾ ਸਿੰਘ ਨਾਲ ਫੋਨ ’ਤੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਦਾ ਫੋਨ ਬੰਦ ਆ ਰਿਹਾ ਸੀ। ਸੰਗਤ ਦਾ ਕਹਿਣਾ ਹੈ ਕਿ ਇਹ ਇਲਾਕਾ ਐੱਸਜੀਪੀਸੀ ਅਮ੍ਰਿੰਤਸਰ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦਾ ਹੈ, ਇਸ ਲਈ ਡੇਰਾ ਬਾਬਾ ਜਵਾਹਰ ਦਾਸ ਜੀ ਪਿੰਡ ਸੂਸਾਂ ਦੇ ਵਾਸੀਆਂ ਅਤੇ ਦਮਦਮੀ ਟਕਸਾਲ ਵਿਚਕਾਰ ਡੇਰੇ ਦੀ ਸਾਂਭ ਸੰਭਾਲ ਨੂੰ ਲੈ ਕੇ ਪਿਆ ਰੇੜਕਾ ਸ਼ਾਂਤੀਪੂਰਵਕ ਹੱਲ ਕਰਨ ਲਈ ਉਪਰਾਲਾ ਕਰਨ ਕਿਉਂਕਿ ਦੋਵਾਂ ਧਿਰਾਂ ਵਿਚ ਪ੍ਰਧਾਨ ਧਾਮੀ ਦਾ ਮਾਣ ਸਤਿਕਾਰ ਬਹੁਤ ਹੈ।