ਲੋਕ ਅਦਾਲਤ ’ਚ ਕੇਸ ਪਹੁੰਚਣ ’ਤੇ ਨਿਗਮ ਨੇ ਠੀਕ ਕਰਵਾਈਆਂ ਟਰੈਫਿਕ ਲਾਈਟਾਂ
ਹਤਿੰਦਰ ਮਹਿਤਾ
ਜਲੰਧਰ, 20 ਜੂਨ
ਨਗਰ ਨਿਗਮ ਦੇ ਮੁੱਖ ਦਫ਼ਤਰ ਦੇ ਐਂਟਰੀ-ਕੰਪਨੀ ਬਾਗ ਚੌਕ ਦੀਆਂ ਟਰੈਫਿਕ ਲਾਈਟਾਂ, ਜੋ ਕਿ ਲੰਬੇ ਸਮੇਂ ਤੋਂ ਖਰਾਬ ਸਨ, ਦੀ ਮੁਰੰਮਤ ਕਰਵਾ ਦਿੱਤੀ ਗਈ ਹੈ। ਲਾਈਟਾਂ ਖਰਾਬ ਹੋਣ ਦੇ ਮਾਮਲੇ ਸਬੰਧੀ ਸਮਾਜ ਸੇਵੀ ਤੇ ਲੀਗਲ ਕਾਰਕੁਨ ਮਯਾਨ ਰਣੌਤ ਨੇ ਨਗਰ ਨਿਗਮ ਜਲੰਧਰ ਖ਼ਿਲਾਫ਼ ਸਥਾਈ ਲੋਕ ਅਦਾਲਤ ਵਿੱਚ ਪਟੀਸ਼ਨ ਦਾਇਰ ਕੀਤੀ ਸੀ। ਰਣੌਤ ਦੇ ਵਕੀਲ ਵਿਕਰਮ ਦੱਤਾ ਤੇ ਤਰੰਨੁਮ ਰਣੌਤ ਨੇ ਪਟੀਸ਼ਨ ਵਿੱਚ ਨਗਰ ਨਿਗਮ ਦਫ਼ਤਰ ਅੱਗੇ ਲੰਬੇ ਸਮੇਂ ਤੋਂ ਖਰਾਬ ਪਈਆਂ ਟਰੈਫਿਕ ਲਾਈਟਾਂ ਦੀ ਮੁਰੰਮਤ ਦੀ ਮੰਗ ਕੀਤੀ ਸੀ।
ਇਸ ਮਾਮਲੇ ਦੀ ਸੁਣਵਾਈ ਦੌਰਾਨ ਨਗਰ ਨਿਗਮ ਦੇ ਐੱਸਡੀਓ ਨੇ ਅਦਾਲਤ ’ਚ ਬਿਆਨ ਦਿੱਤਾ ਕਿ ਸਬੰਧਿਤ ਟਰੈਫਿਕ ਲਾਈਟ ਦੀ ਹੁਣ ਮੁਰੰਮਤ ਕਰ ਦਿੱਤੀ ਗਈ ਹੈ ਤੇ ਕੰਮ ਕਰ ਰਹੀ ਹੈ। ਇਸ ਦੌਰਾਨ ਐੱਸਡੀਓ ਨੇ ਅਦਾਲਤ ਵਿੱਚ ਇੱਕ ਈਮੇਲ ਆਈਡੀ ਵੀ ਜਨਤਕ ਕਰਦਿਆਂ ਕਿਹਾ ਕਿ ਲੋਕ ਇਸ ’ਤੇ ਨਿਗਮ ਨਾਲ ਸਬੰਧਿਤ ਸ਼ਿਕਾਇਤਾਂ ਦਰਜ ਕਰਵਾ ਸਕਦੇ ਹਨ, ਜੋ ਸੱਤ ਦਿਨਾਂ ’ਚ ਹੱਲ ਕੀਤੀਆਂ ਜਾਣਗੀਆਂ। ਸਥਾਈ ਲੋਕ ਅਦਾਲਤ ਵੱਲੋਂ ਕੇਸ ਦਾ ਨਿਬੇੜਾ ਕਰਨ ’ਤੇ ਪਟੀਸ਼ਨਰ ਨੇ ਸੰਤੁਸ਼ਟੀ ਪ੍ਰਗਟ ਕੀਤੀ। ਇਹ ਹੁਕਮ ਸਥਾਈ ਲੋਕ ਅਦਾਲਤ ਦੇ ਚੇਅਰਮੈਨ ਜਗਦੀਪ ਸਿੰਘ ਮਰੋਕ, ਮੈਂਬਰ ਡੀਕੇ ਸ਼ਰਮਾ, ਸੁਸ਼ਮਾ ਹਾਂਡੂ ਨੇ ਪਾਸ ਕੀਤਾ।