ਰਿਹਾਣਾ ਜੱਟਾਂ ਤੋਂ ਡੁਮੇਲੀ ਨੂੰ ਜੋੜਦੀ ਸੜਕ ਦੀ ਹਾਲਤ ਤਰਸਯੋਗ
ਪਿੰਡ ਰਿਹਾਣਾ ਜੱਟਾਂ ਤੋਂ ਡੁਮੇਲੀ ਨੂੰ ਜੋੜਦੀ ਲਿੰਕ ਸੜਕ ਦੀ ਖਸਤਾ ਹਾਲਤ ਵਾਹਨ ਚਾਲਕ ਕਾਫ਼ੀ ਪ੍ਰੇਸ਼ਾਨੀ ਬਣ ਗਈ ਹੈ। ਸੜਕ ਵਿਚਕਾਰ ਵੱਡੇ ਟੋਏ ਪਏ ਹੋਏ ਹਨ। ਇਸ ਕਾਰਨ ਬਰਸਾਤ ਦੇ ਦਿਨਾਂ ’ਚ ਇਹ ਹਾਦਸਿਆਂ ਦਾ ਕਾਰਨ ਬਣ ਰਹੇ ਹਨ।
ਗੱਲਬਾਤ ਕਰਦਿਆਂ ਸੜਕ ਨਜ਼ਦੀਕ ਸਥਿਤ ਦੁਕਾਨ ਮਾਲਕਾਂ ਤੋਂ ਇਲਾਵਾ ਰਾਹਗੀਰਾਂ, ਵਾਹਨ ਚਾਲਕਾਂ ਅਤੇ ਇਲਾਕਾ ਵਾਸੀਆਂ ਨੇ ਕਿਹਾ ਕਿ ਲਿੰਕ ਸੜਕਾਂ ਦੀ ਹਾਲਤ ਬੇਹੱਦ ਖਸਤਾ ਹੈ। ਬਰਸਾਤ ਦਾ ਮੌਸਮ ਹੋਣ ਕਰ ਕੇ ਇਸ ਲਿੰਕ ਰੋਡ ਵਿੱਚ ਡੂੰਘੇ ਟੋਏ ਅਕਸਰ ਪਾਣੀ ਨਾਲ ਭਰ ਜਾਂਦੇ ਹਨ ਤੇ ਕਈ ਵਾਹਨ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਹਨ। ਰਾਤ ਸਮੇਂ ਹਾਦਸਿਆਂ ਦਾ ਖ਼ਤਰਾ ਹੋਰ ਵਧ ਜਾਂਦਾ ਹੈ। ਉਨ੍ਹਾਂ ਕਿਹਾ ਕਿ ਆਮ ਤੌਰ ’ਤੇ ਪਿੰਡਾਂ ਨੂੰ ਜੋੜਦੀਆਂ ਲਿੰਕ ਸੜਕਾਂ ਉੱਪਰ ਪੈਚ ਵਰਕ ਕਰ ਦਿੱਤਾ ਜਾਂਦਾ ਹੈ ਜੋ ਇਕ ਬਰਸਾਤ ਵੀ ਨਹੀਂ ਝੱਲਦਾ ਤੇ ਸੜਕ ਦੀ ਹਾਲਤ ਪਹਿਲਾਂ ਨਾਲੋਂ ਜ਼ਿਆਦਾ ਮਾੜੀ ਹੋ ਜਾਂਦੀ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਇਸ ਸੜਕ ’ਤੇ ਬਹੁਤ ਜ਼ਿਆਦਾ ਆਵਾਜਾਈ ਨੂੰ ਦੇਖਦੇ ਹੋਏ ਜਲਦੀ ਤੋਂ ਜਲਦੀ ਸੜਕ ਦੀ ਮੁੜ ਮੁਰੰਮਤ ਕਰਵਾਈ ਜਾਵੇ।
ਇਸ ਬਾਰੇ ਪੀਡਬਲਯੂਡੀ ਦੇ ਐੱਸਡੀਓ ਰਾਜੀਵ ਉੱਪਲ ਨੇ ਦੱਸਿਆ ਕਿ ਬਹੁਤ ਸਾਰੀਆਂ ਲਿੰਕ ਸੜਕਾਂ ਦੀ ਮੁਰੰਮਤ ਕਰਵਾਈ ਜਾ ਚੁੱਕੀ ਹੈ ਅਤੇ ਹਾਲ ਦੀ ਘੜੀ ਬਰਸਾਤ ਦਾ ਮੌਸਮ ਹੋਣ ਕਰ ਕੇ ਕੰਮ ਰੁਕਿਆ ਹੋਇਆ ਹੈ। ਬਰਸਾਤਾਂ ਤੋਂ ਬਾਅਦ ਇਸ ਸੜਕ ਦੀ ਮੁਰੰਮਤ ਦਾ ਕੰਮ ਵੀ ਕਰਵਾਇਆ ਜਾਵੇਗਾ।