ਭਗਵਾਨ ਦਾਸ ਸੰਦਲ
ਦਸੂਹਾ, 24 ਜੂਨ
ਸ਼ਹਿਰ ਦੇ ਵੱਖ-ਵੱਖ ਇਲਾਕਿਆਂ ’ਚ ਕਾਲਾ ਕੱਛਾ ਗਰੋਹ ਨੇ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਕਈ ਮੁਹੱਲਿਆਂ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਵੀ ਕਾਲਾ ਕੱਛਾ ਗਰੋਹ ਦੇ ਮੈਂਬਰਾਂ ਦੀ ਫੁਟੇਜ ਸਪੱਸ਼ਟ ਤੌਰ ’ਤੇ ਕੈਦ ਹੋਈ ਹੈ ਜਿਸ ਵਿੱਚ 6-7 ਅਰਧ ਨਗਨ ਅਵਸਥਾ ਵਿੱਚ ਪਰਵਾਸੀਆਂ ਦਾ ਗਰੋਹ ਕਸਬਾ ਮੁਹੱਲੇ ਦੇ ਕਈ ਘਰਾਂ ਨੂੰ ਨਿਸ਼ਾਨਾ ਬਣਾਉਂਦਾ ਨਜ਼ਰ ਆਇਆ। ਇਸ ਤੋਂ ਪਹਿਲਾਂ ਰੇਲਵੇ ਸਟੇਸ਼ਨ ਨੇੜੇ, ਗੁਰੂ ਨਾਨਕ ਨਗਰ, ਮਾਡਲ ਟਾਊਨ ਵਰਗੇ ਇਲਾਕਿਆਂ ‘ਚ ਚੋਰੀਆਂ ਦੀਆਂ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ। ਇਸ ਤੋਂ ਇਲਾਵਾ ਪਿਛਲੇ ਕੁਝ ਦਿਨਾਂ ਤੋਂ ਲੋਕਾਂ ਦੇ ਦਰਜਨਾਂ ਦੋਪਹੀਆ ਵਾਹਨ ਵੀ ਚੋਰੀ ਹੋਣ ਦੀ ਘਟਨਾਵਾਂ ਸਾਹਮਣੇ ਆਈਆਂ ਹਨ।
ਸੀਨੀਅਰ ਸਿਟੀਜ਼ਨ ਸੁਸਾਇਟੀ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਗਰਮੀ ਦੇ ਮੌਸਮ ਵਿੱਚ ਜਦੋਂ ਲੋਕ ਆਪਣੇ ਘਰਾਂ ਵਿੱਚ ਏ.ਸੀ ਅਤੇ ਕੂਲਰ ਚਲਾ ਕੇ ਗੂੜੀ ਨੀਂਦ ਸੁੱਤੇ ਹੁੰਦੇ ਹਨ। ਉਸ ਵੇਲੇ ਇਹ ਗਰੋਹ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ। ਅਜਿਹੇ ਹਾਲਾਤ ਵਿੱਚ ਵਪਾਰੀ ਵਰਗ ਅਤੇ ਆਮ ਲੋਕ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ਸ਼ਹਿਰੀਆਂ ਨੇ ਪੁਲੀਸ ਪ੍ਰਸ਼ਾਸਨ ਤੋਂ ਸ਼ਹਿਰ ’ਚ ਰਾਤ ਵੇਲੇ ਗਸ਼ਤ ਵਧਾਉਣ ਅਤੇ ਕਾਲਾ ਕੱਛਾ ਗਰੋਹ ਨੂੰ ਜਲਦੀ ਕਾਬੂ ਕਰਨ ਦੀ ਮੰਗ ਕੀਤੀ ਹੈ।