ਪੁਲੀਸ ਤੇ ਕਿਸਾਨਾਂ ਵਿਚਾਲੇ ਖਿੱਚ-ਧੂਹ
ਮੁੱਖ ਮੰਤਰੀ ਨੂੰ ਕਾਲੀਆਂ ਝੰਡੀਆਂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਸਨ ਪ੍ਰਦਰਸ਼ਨਕਾਰੀ; ‘ਆਪ’ ਉਮੀਦਵਾਰ ਹਰਮੀਤ ਸੰਧੂ ਨਾਲ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਆਏ ਸਨ ਭਗਵੰਤ ਮਾਨ
ਕਿਸਾਨਾਂ ਨੇ ਅੱਜ ਇੱਥੇ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਲਈ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ ਨਾਲ ਆਏ ਮੁੱਖ ਮੰਤਰੀ ਭਗਵੰਤ ਮਾਨ ਦੇ ਕਾਫ਼ਲੇ ਨੂੰ ਕਾਲੀਆਂ ਝੰਡੀਆਂ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ। ਪੁਲੀਸ ਮੁਲਾਜ਼ਮਾਂ ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂਆਂ ਦਰਮਿਆਨ ਉਸ ਸਮੇਂ ਖਿੱਚ-ਧੂਹ ਹੋਈ ਜਦੋਂ ਪੁਲੀਸ ਨੇ ਪ੍ਰਦਰਸ਼ਨਕਾਰੀਆਂ ਨੂੰ ਅੱਗੇ ਵਧਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ। ਰੋਹ ਵਿੱਚ ਆਏ ਕਿਸਾਨਾਂ-ਮਜ਼ਦੂਰਾਂ ਨੇ ਮੁੱਖ ਮੰਤਰੀ ਤੇ ਹੋਰਨਾਂ ਮੰਤਰੀਆਂ ਤੱਕ ਪਹੁੰਚਣ ਲਈ ਪੁਲੀਸ ਵੱਲੋਂ ਲਗਾਏ ਬੈਰੀਕੇਡ ਪੁੱਟ ਸੁੱਟੇ। ਇਸ ਮਗਰੋਂ ਪੁਲੀਸ ਦੇ ਐੱਸ ਪੀ ਅਤੇ ਡੀ ਐੱਸ ਪੀ ਪੱਧਰ ਤੱਕ ਦੇ ਅਧਿਕਾਰੀਆਂ ਨੇ ਕਿਸਾਨਾਂ ਨੂੰ ਖ਼ੁਦ ਰੋਕਣ ਲਈ ਜ਼ੋਰ-ਅਜ਼ਮਾਇਸ਼ ਕੀਤੀ|
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਸਤਨਾਮ ਸਿੰਘ ਮਾਨੋਚਾਹਲ ਨੇ ਦੱਸਿਆ ਕਿ ਜਥੇਬੰਦੀ ਦੀ ਅਗਵਾਈ ਹੇਠ ਸੈਂਕੜੇ ਕਿਸਾਨ ਰਸੂਲਪੁਰ ਨਹਿਰਾਂ ਦੇ ਗੁਰਦੁਆਰਾ ਬਾਬਾ ਬਸਤਾ ਸਿੰਘ ਅੰਦਰ ਮੁੱਖ ਮੰਤਰੀ ਨੂੰ ਆਪਣੀਆਂ ਮੰਗਾਂ ਸਬੰਧੀ ਮੰਗ ਪੱਤਰ ਦੇਣ ਲਈ ਅਧਿਕਾਰੀਆਂ ਤੱਕ ਪਹੁੰਚ ਕੀਤੀ ਸੀ| ਉਨ੍ਹਾਂ ਕਿਹਾ ਕਿ ਅਧਿਕਾਰੀਆਂ ਨੇ ਉਨ੍ਹਾਂ ਨੂੰ ਮੁੱਖ ਮੰਤਰੀ ਨਾਲ ਮਿਲਾਉਣ ਤੋਂ ਰੋਕਣ ਲਈ ਉਨ੍ਹਾਂ ਦੇ ਚਾਰ-ਪਾਸੇ ਬੈਰੀਕੇਡ ਲਗਾ ਦਿੱਤੇ ਅਤੇ ਉਨ੍ਹਾਂ ਨੂੰ ਅੱਗੇ ਵਧਣ ਤੋਂ ਰੋਕ ਦਿੱਤਾ ਗਿਆ| ਕਿਸਾਨਾਂ ਨੇ ਪੁਲੀਸ ਦੇ ਬੈਰੀਕੇਡ ਨਾ ਸਿਰਫ ਪੁੁੱਟ ਸੁੱਟੇ ਬਲਕਿ ਕਿਸਾਨਾਂ ਨੇ ਬੈਰੀਕੇਡਾਂ ਨੂੰ ਪਾਰ ਕਰਕੇ ਮੁੱਖ ਮੰਤਰੀ ਦੇ ਕਾਫ਼ਲੇ ਵੱਲ ਵਧਣ ਦੀ ਬਰਾਬਰ ਕਾਰਵਾਈ ਕੀਤੀ| ਪੁਲੀਸ ਅਤੇ ਕਿਸਾਨਾਂ ਦੀ ਇਸ ਖਿੱਚੋਤਾਣ ਦੌਰਾਨ ਦੋਵਾਂ ਧਿਰਾਂ ਨੂੰ ਮਾਮੂਲੀ ਸੱਟਾਂ ਵੀ ਲੱਗੀਆਂ| ਪੁਲੀਸ ਨੇ ਕਿਸਾਨਾਂ ਨੂੰ ਮੁੱਖ ਮੰਤਰੀ ਦੇ ਕਾਫ਼ਲੇ ਤੱਕ ਪਹੁੰਚਣ ਨਹੀਂ ਦਿੱਤਾ ਜਿਸ ਕਰਕੇ ਸਥਿਤੀ ਖੁਦ ਹੀ ਸ਼ਾਂਤ ਹੋ ਗਈ|