‘ਤੀਆਂ ਦਾ ਮੇਲਾ’ ਬੈਨਰ ਹੇਠ ਗੁਰੂ ਗੋਬਿੰਦ ਸਿੰਘ ਯੂਨੀਵਰਸਿਟੀ ਕਾਲਜ ਜੰਡਿਆਲਾ ਵਿੱਚ ਬਹੁਤ ਹੀ ਸ਼ਾਨਦਾਰ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ, ਜਿਸ ਵਿੱਚ ਕਾਲਜ ਦੀਆਂ ਵਿਦਿਆਰਥਣਾਂ ਤੋਂ ਇਲਾਵਾ ਨੇੜਲੇ ਪਿੰਡਾਂ ਬੁੰਡਾਲਾ, ਸਮਰਾਏ ਅਤੇ ਜੰਡਿਆਲਾ ਦੇ ਕੰਨਿਆਂ ਸੀਨੀਅਰ ਸੈਕੰਡਰੀ ਸਕੂਲਾਂ ਦੀਆਂ ਟੀਮਾਂ ਨੇ ਰੌਚਕ ਪ੍ਰੋਗਰਾਮ ਪੇਸ਼ ਕੀਤਾ। ਪ੍ਰੋਗਰਾਮ ਦੇ ਮੁੱਖ ਮਹਿਮਾਨ ਰਮਨਜੀਤ ਕੌਰ ਤੋਂ ਇਲਾਵਾ ਜੰਡਿਆਲਾ ਦੀ ਗਰਾਮ ਪੰਚਾਇਤ ਵੱਲੋਂ ਕੁਲਦੀਪ ਕੌਰ ਸਹੋਤਾ, ਜਤਿੰਦਰ ਕੌਰ ਪੰਚ, ਕੁਲਵੰਤ ਕੌਰ ਪੰਚ ਅਤੇ ਕੁਲਵਿੰਦਰ ਕੌਰ ਪੰਚ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਵਿਦਿਆਰਥਣਾਂ ਵੱਲੋਂ ਪੇਸ਼ ਗਿੱਧਾ ਅਤੇ ਹੋਰ ਸੱਭਿਆਚਾਰਕ ਆਈਟਮਾਂ ਤੋਂ ਇਲਾਵਾ ਆਏ ਹੋਏ ਮਹਿਮਾਨਾਂ ਦੀਆਂ ਪੇਸ਼ਕਾਰੀਆਂ ਵਿੱਚੋਂ ਮੁੱਖ ਮਹਿਮਾਨ ਰਮਨਜੀਤ ਕੌਰ ਦੀ ਮਲਵਈ ਅੰਦਾਜ਼ ਵਿੱਚ ‘ਸੁਹਾਗ’ ਗਾਇਨ ਦੀ ਪੇਸ਼ਕਾਰੀ ਨਾਲ ਹਾਲ ਤਾੜੀਆਂ ਦੀ ਗੂੰਜ ਨਾਲ ਭਰ ਗਿਆ। ਪੇਸ਼ਕਾਰੀਆਂ, ਪੰਜਾਬੀ ਸੱਭਿਆਚਾਰ ਅਤੇ ਰੀਤੀ-ਰਿਵਾਜ਼ਾਂ ਨਾਲ ਸਬੰਧਤ ਕੁਇੱਜ਼ ਵਿੱਚ ਸਰਕਾਰੀ ਸਮਾਰਟ ਸੀਨੀਅਰ ਸੈਕੰਡਰੀ ਸਕੂਲ ਜੰਡਿਆਲਾ ਦੀ ਸਿਮਰਨ ਕੌਰ ਨੂੰ ‘ਆਲ-ਰਾਊਂਡਰ ਪੇਸ਼ਕਾਰੀ’, ਗੁਰੂ ਗੋਬਿੰਦ ਸਿੰਘ ਯੂਨੀਵਰਸਿਟੀ ਕਾਲਜ ਦੀ ਤਰਨਪ੍ਰੀਤ ਕੌਰ ਨੇ ‘ਮਿਸ ਤੀਜ’, ਇਸੇ ਕਾਲਜ ਦੀ ਮਨਜੋਤ ਚੀਮਾਂ ਨੇ ‘ਮਿਸ ਪੰਜਾਬਣ’ ਅਤੇ ਜਸਦੀਪ ਕੌਰ ਨੇ ‘ਮਿਸ ਕੌਨਫੀਡੈਂਸ’ ਖਿਤਾਬ ਜਿੱਤੇ। ਨੇੜੇ ਦੇ ਸੀਨੀਅਰ ਸੈਕੰਡਰੀ ਸਕੂਲਾਂ ਦੇ ਪ੍ਰਿੰਸੀਪਲ ਸੱਤਪਾਲ ਸੋਢੀ, ਸ੍ਰੀ ਚੰਦਰ ਸ਼ੇਖਰ ਵਰਮਾ, ਅਰਚਨਾ, ਗੁਰਇਕਬਾਲ ਸਿੰਘ ਅਤੇ ਜੰਡਿਆਲਾ ਲੋਕ ਭਲਾਈ ਮੰਚ ਦੇ ਜਨਰਲ ਸਕੱਤਰ ਤਰਸੇਮ ਸਿੰਘ ਇਸ ਮੇਲੇ ਵਿੱਚ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਕਾਲਜ ਦੇ ਪਿੰਸੀਪਲ ਡਾ. ਜਗਸੀਰ ਸਿੰਘ ਬਰਾੜ ਨੇ ਪੰਜਾਬੀ ਸੱਭਿਆਚਾਰ ਅਤੇ ਵਿਰਸੇ ਦੀ ਸੰਭਾਲ ਦਾ ਹੋਕਾ ਦਿੱਤਾ ਅਤੇ ਹਾਜ਼ਰੀਨ ਦਾ ਧੰਨਵਾਦ ਕੀਤਾ।