ਅਧਿਆਪਕਾਂ ਨੂੰ ਸਿਖਲਾਈ ਦਿੱਤੀ
ਧਾਰੀਵਾਲ: ਗੁਰੂ ਤੇਗ ਬਹਾਦਰ ਇੰਟਰਨੈਸ਼ਨਲ (ਜੀ ਟੀ ਬੀ ਆਈ) ਸਕੂਲ ਕਲਿਆਣਪੁਰ (ਧਾਰੀਵਾਲ) ਵਿਖੇ ਆਲੋਚਨਾਤਮਕ ਸੋਚ ਅਤੇ ਭਾਵਨਾਤਮਕ ਬੁੱਧੀ ਨੂੰ ਬੱਚਿਆਂ ਵਿੱਚ ਵਿਕਸਿਤ ਕਰਨ ਦੀਆਂ ਤਕਨੀਕਾਂ ਬਾਰੇ ਅਧਿਆਪਕਾਂ ਨੂੰ ਜਾਣੂ ਕਰਵਾਉਣ ਲਈ ਇੱਕ ਰੋਜ਼ਾ ਸਿਖਲਾਈ ਦਿੱਤੀ ਗਈ। ਸਕੂਲ ਦੇ ਚੇਅਰਮੈਨ ਸੁਰਜੀਤ...
ਧਾਰੀਵਾਲ: ਗੁਰੂ ਤੇਗ ਬਹਾਦਰ ਇੰਟਰਨੈਸ਼ਨਲ (ਜੀ ਟੀ ਬੀ ਆਈ) ਸਕੂਲ ਕਲਿਆਣਪੁਰ (ਧਾਰੀਵਾਲ) ਵਿਖੇ ਆਲੋਚਨਾਤਮਕ ਸੋਚ ਅਤੇ ਭਾਵਨਾਤਮਕ ਬੁੱਧੀ ਨੂੰ ਬੱਚਿਆਂ ਵਿੱਚ ਵਿਕਸਿਤ ਕਰਨ ਦੀਆਂ ਤਕਨੀਕਾਂ ਬਾਰੇ ਅਧਿਆਪਕਾਂ ਨੂੰ ਜਾਣੂ ਕਰਵਾਉਣ ਲਈ ਇੱਕ ਰੋਜ਼ਾ ਸਿਖਲਾਈ ਦਿੱਤੀ ਗਈ। ਸਕੂਲ ਦੇ ਚੇਅਰਮੈਨ ਸੁਰਜੀਤ ਸਿੰਘ, ਪ੍ਰਿੰਸੀਪਲ ਸੈਮੂਅਲ ਦਾਸ, ਡਾਇਰੈਕਟਰ ਐਡਵੋਕੇਟ ਪ੍ਰਿਤਪਾਲ ਸਿੰਘ ਅਤੇ ਡਾ. ਕ੍ਰਿਤਇੰਦਰ ਕੌਰ ਨੇ ਦੱਸਿਆ ਕਿ ਇਸ ਵਿੱਚ ਐੱਲ ਪੀ ਯੂ ਵੱਲੋਂ ਸ਼ਾਰਦਾ ਪੁਲਾਬਤਲਾ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਪ੍ਰਿੰਸੀਪਲ ਸੈਮੂਅਲ ਦਾਸ ਨੇ ਟੀਮ ਦਾ ਧੰਨਵਾਦ ਅਤੇ ਵਿਸ਼ੇਸ਼ ਸਨਮਾਨ ਕੀਤਾ। -ਪੱਤਰ ਪ੍ਰੇਰਕ
ਕੈਂਪ ’ਚ 63 ਯੂਨਿਟ ਖੂਨ ਇਕੱਤਰ
ਕਾਦੀਆਂ: ਕਾਦੀਆਂ ’ਚ ਡਾ. ਬਲ ਚਰਨਜੀਤ ਸਿੰਘ ਭਾਟੀਆ ਦੇ ਪ੍ਰਬੰਧਾ ਹੇਠ ਲੱਗੇ ਖੂਨਦਾਨ ਕੈਂਪ ਵਿੱਚ 63 ਯੂਨਿਟ ਖੂਨ ਇੱਕਠਾ ਹੋਇਆ। ਡਾ. ਪ੍ਰਿਆਜੀਤ ਕੌਰ ਕਲਸੀ ਬਲਡ ਟਰਾਂਸਮਿਸ਼ਨ ਆਫ਼ਿਸਰ ਬਟਾਲਾ ਨੇ ਦੱਸਿਆ ਕਿ ਕਾਦੀਆਂ ’ਚ ਕਾਫ਼ੀ ਸਮਾਂ ਪਹਿਲਾਂ ਕਾਫ਼ੀ ਬਲਡ ਕੈਂਪ ਲਗਦੇ ਸਨ ਵੱਡੀ ਤਾਦਾਦ ਵਿੱਚ ਡੋਨਰ ਖੂਨਦਾਨ ਕੈਂਪ ਕਰਨ ਲਈ ਆਉਂਦੇ ਸਨ। ਅੱਜ ਦੇ ਕੈਂਪ ਵਿੱਚ ਮੁਸਲਿਮ ਭਾਈਚਾਰੇ ਵੱਲੋਂ ਵੀ ਹਾਫ਼ਿਜ਼ ਨਈਮ ਪਾਸ਼ਾ ਦੀ ਰਹਿਨੁਮਾਈ ਹੇਠ ਨੌਜਵਾਨ ਖੂਨ ਦਾਨ ਕਰਨ ਲਈ ਪਹੁੰਚੇ ਹੋਏ ਸਨ। -ਪੱਤਰ ਪ੍ਰੇਰਕ
ਇੰਜ. ਰੋਹਿਨ ਸੈਣੀ ਨੇ ਅਹੁਦਾ ਸੰਭਾਲਿਆ
ਗੁਰਦਾਸਪੁਰ: ਮਹਿਕਮਾ ਲੋਕ ਨਿਰਮਾਣ ਵਿਭਾਗ ਪਠਾਨਕੋਟ ਤੋਂ ਤਬਦੀਲ ਹੋ ਕੇ ਆਏ ਇੰਜ. ਰੋਹਿਨ ਸੈਣੀ ਵੱਲੋਂ ਲੋਕ ਨਿਰਮਾਣ ਵਿਭਾਗ ਦੇ ਸਬ-ਡਿਵੀਜ਼ਨ ਨੰਬਰ 2 ਗੁਰਦਾਸਪੁਰ ਦੇ ਦਫ਼ਤਰ ਦਾ ਬਤੌਰ ਉਪ ਮੰਡਲ ਇੰਜਨੀਅਰ ਦਾ ਅਹੁਦਾ ਸੰਭਾਲਿਆ ਹੈ। ਇਸ ਮੌਕੇ ਤੇ ਇੰਜ. ਜਸਪ੍ਰੀਤ ਸਿੰਘ ਵਿਰਮੀ, ਐਕਸੀਅਨ ਨੇ ਆਪਣੇ ਸਟਾਫ਼ ਐੱਸਡੀਓ, ਲਵਜੀਤ ਸਿੰਘ ਆਦਿ ਨੇ ਉਨ੍ਹਾਂ ਦਾ ਸਵਾਗਤ ਕੀਤਾ। ਰੋਹਿਨ ਸੈਣੀ ਸਟਾਫ਼ ਨੂੰ ਹਦਾਇਤ ਕੀਤੀ ਕਿ ਲੋਕਾਂ ਦੇ ਕੰਮ ਪਹਿਲ ਦੇ ਅਧਾਰ ’ਤੇ ਕੀਤੇ ਜਾਣ। -ਨਿੱਜੀ ਪੱਤਰ ਪ੍ਰੇਰਕ
ਐੱਸ ਐੱਮ ਐੱਮ ਕਾਲਜ ਦਾ ਨਤੀਜਾ ਸ਼ਾਨਦਾਰ
ਦੀਨਾਨਗਰ: ਇੱਥੋਂ ਦੇ ਐੱਸ ਐੱਮ ਐੱਮ ਕਾਲਜ ਦਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਐਲਾਨਿਆ ਐੱਮ ਏ (ਹਿੰਦੀ) ਦੂਜੇ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ। ਪ੍ਰਿੰਸੀਪਲ ਡਾ. ਆਰ ਕੇ ਤੁਲੀ ਨੇ ਦੱਸਿਆ ਕਿ ਕਾਲਜ ਦੀ ਵਿਦਿਆਰਥਣ ਦੀਕਸ਼ਾ ਨੇ ਯੂਨੀਵਰਸਿਟੀ ਵਿੱਚ ਚੌਥਾ ਸਥਾਨ, ਵੰਦਨਾ, ਮੀਨਾਕਸ਼ੀ ਜੱਗੀ ਅਤੇ ਸੁਮਿਤੀ ਕਲੋਤਰਾ ਨੇ ਯੂਨੀਵਰਸਿਟੀ ਵਿੱਚ ਪੰਜਵਾਂ, ਸ਼ੈਲੀ ਦੇਵੀ, ਨੇਹਾ ਲਲੋਤਰਾ ਅਤੇ ਸ਼ੀਤਲ ਸ਼ਰਮਾ ਨੇ ਯੂਨੀਵਰਸਿਟੀ ਵਿੱਚ ਛੇਵਾਂ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਪ੍ਰੋਫੈਸਰ ਕੰਵਲਜੀਤ ਕੌਰ, ਪ੍ਰੋਫੈਸਰ ਸੁਬੀਰ ਰਗਬੋਤਰਾ, ਪ੍ਰੋਫੈਸਰ ਅਮਨਜੀਤ ਕੌਰ ਅਤੇ ਪ੍ਰੋਫੈਸਰ ਨਵਿਤਾ ਨੇ ਵਿਦਿਆਰਥਣਾਂ ਨੂੰ ਸ਼ਾਨਦਾਰ ਪ੍ਰਦਰਸ਼ਨ ਲਈ ਵਧਾਈ ਦਿੱਤੀ । -ਨਿੱਜੀ ਪੱਤਰ ਪ੍ਰੇਰਕ
ਕਾਲਜ ਵਿੱਚ ਸਫ਼ਾਈ ਮੁਹਿੰਮ
ਤਰਨ ਤਾਰਨ: ਸਥਾਨਕ ਮਾਤਾ ਗੰਗਾ ਗਰਲਜ਼ ਕਾਲਜ ਵਿੱਚ ਅੱਜ ਐੱਨ ਐੱਸ ਐੱਸ ਦਿਵਸ ਮੌਕੇ ਸਫ਼ਾਈ ਮੁਹਿੰਮ ਚਲਾਈ ਗਈ। ਇਸ ਮੁਹਿੰਮ ਵਿੱਚ ਕਾਲਜ ਦੀਆਂ ਵਿਦਿਆਰਥਣਾਂ ਅਤੇ ਅਧਿਆਪਕਾਂ ਨੇ ਉਤਸ਼ਾਹ ਨਾਲ ਫੈਸ਼ਨ ਲੈਬਾਂ, ਮਿਊਜ਼ਿਕ ਰੂਮ, ਐੱਨ ਐੱਸ ਐੱਸ ਰੂਮ, ਕੰਪਿਊਟਰ ਲੈਬਾਂ, ਲਾਇਬਰੇਰੀ, ਸਟਾਫ਼ ਰੂਮ ਅਤੇ ਅਸੈਂਬਲੀ ਹਾਲ ਦੀ ਸਫ਼ਾਈ ਕੀਤੀ| ਇਸ ਮੌਕੇ ਕਾਲਜ ਦੇ ਪ੍ਰਬੰਧਕ ਸਕੱਤਰ ਕੁਲਜੀਤ ਕੌਰ ਅਤੇ ਕਾਰਜਕਾਰੀ ਪ੍ਰਿੰਸੀਪਲ ਇੰਦੂ ਬਾਲਾ ਨੇ ਵਿਦਿਆਰਥਣਾਂ ਨੂੰ ਸਫ਼ਾਈ ਦੀ ਮਹੱਤਤਾ ਬਾਰੇ ਜਾਗਰੂਕ ਕੀਤਾ। ਮੁਹਿੰਮ ਦੀ ਅਗਵਾਈ ਐੱਨ ਐੱਸ ਐੱਸ ਪ੍ਰੋਗਰਾਮ ਅਧਿਕਾਰੀ ਡਾ. ਨੇਹਾ ਅਰੋੜਾ ਅਤੇ ਗੋਪੀ ਖਿੰਦਰੀਆ ਨੇ ਕੀਤੀ। ਵਿਦਿਆਰਥਾਂ ਅਤੇ ਕਾਲਜ ਦੇ ਅਧਿਆਪਕਾਂ ਨੇ ਸਫ਼ਾਈ ਕਰਕੇ “ਸੁੱਚਾ ਕਾਲਜ, ਸੁੰਦਰ ਕਾਲਜ” ਦੇ ਸੰਦੇਸ਼ ਨੂੰ ਅੱਗੇ ਵਧਾਇਆ। -ਪੱਤਰ ਪ੍ਰੇਰਕ
ਸ਼ਾਮ ਛੇ ਵਜੇ ਤੋਂ ਕੰਬਾਈਨਾਂ ਨਾਲ ਵਾਢੀ ’ਤੇ ਪਾਬੰਦੀ
ਅੰਮ੍ਰਿਤਸਰ: ਵਧੀਕ ਜ਼ਿਲ੍ਹਾ ਮੈਜਿਸਟਰੇਟ ਰੋਹਿਤ ਗੁਪਤਾ ਭਾਰਤੀ ਨਾਗਰਿਕ ਸੁਰੱਕਸ਼ਾ ਸਹਿੰਤਾ, 2023 ਦੀ ਧਾਰਾ 163 ਅਧੀਨ ਜ਼ਿਲਾ ਅੰਮ੍ਰਿਤਸਰ ਦੀ ਹਦੂਦ ਅੰਦਰ ਸ਼ਾਮ 6.00 ਵਜੇ ਤੋਂ ਸਵੇਰ 9.00 ਵਜੇ ਤੱਕ ਕੰਬਾਈਨ ਰਾਹੀਂ ਝੋਨੇ ਦੀ ਕਟਾਈ ’ਤੇ ਮੁਕੰਮਲ ਪਾਬੰਦੀ ਲਗਾ ਦਿੱਤੀ ਹੈ ਅਤੇ ਇਹ ਪਾਬੰਦੀ 21 ਨਵੰਬਰ ਤੱਕ ਲਾਗੂ ਰਹੇਗੀ । ਉਨ੍ਹਾਂ ਹੁਕਮਾਂ ਵਿੱਚ ਕਿਹਾ ਕਿ ਨਿਰਧਾਰਤ ਸਮੇਂ ਤੋਂ ਪਹਿਲਾਂ ਜਾਂ ਬਾਅਦ ਵਿੱਚ ਚਲਾਈਆਂ ਜਾਣ ਵਾਲੀਆਂ ਕੰਬਾਈਨਾਂ ਖ਼ਿਲਫ਼ ਸਖ਼ਤ ਕਰਵਾਈ ਕੀਤੀ ਜਾਵੇਗੀ। -ਟਨਸ
ਕਿਸਾਨ ਭਲਾਈ ਕੈਂਪ
ਤਰਨ ਤਾਰਨ: ਖੇਤੀਬਾੜੀ ਵਿਭਾਗ ਵੱਲੋਂ ਬਲਾਕ ਨੌਸ਼ਹਿਰਾ ਪੰਨੂਆਂ ਦੇ ਪਿੰਡ ਚੰਬਾ ਖੁਰਦ ਲਗਾਏ ਕਿਸਾਨ ਸਿਖਲਾਈ ਕੈਂਪ ਵਿੱਚ ਖੇਤੀ ਦੀਆਂ ਅਤਿ ਆਧੁਨਿਕ ਤਕਨੀਕਾਂ ਬਾਰੇ ਜਾਣਕਾਰੀ ਦਿੱਤੀ ਗਈ| ਕੈਂਪ ਵਿੱਚ ਇਲਾਕੇ ਦੇ ਵੱਖ ਪਿੰਡਾਂ ਤੋਂ ਕਿਸਾਨਾਂ ਨੇ ਭਾਗ ਲਿਆ| ਵਿਭਾਗ ਦੇ ਅਧਿਕਾਰੀ ਡਾ. ਤੇਜਬੀਰ ਸਿੰਘ ਭੰਗੂ ਦੀ ਅਗਵਾਈ ਵਿੱਚ ਲਗਾਏ ਇਸ ਕੈਂਪ ਵਿੱਚ ਅਤੇ ਬਲਾਕ ਖੇਤੀਬਾੜੀ ਅਧਿਕਾਰੀ ਨੌਸ਼ਹਿਰਾ ਪੰਨੂਆਂ ਡਾ. ਮਲਵਿੰਦਰ ਸਿੰਘ ਅਤੇ ਖੇਤੀਬਾੜੀ ਵਿਸਥਾਰ ਅਧਿਕਾਰੀ ਸਰਕਲ ਢੋਟੀਆਂ ਤੋਂ ਸੁਖਵਿੰਦਰ ਸਿੰਘ ਨੇ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਲਗਾਉਣ ਤੋਂ ਹੋਣ ਵਾਲੇ ਨੁਕਸਾਨਾਂ ਬਾਰੇ ਜਾਣਕਾਰੀ ਸਾਂਝੀ ਕੀਤੀ| -ਪੱਤਰ ਪ੍ਰੇਰਕ
ਪ੍ਰਾਈਵੇਟ ਸਕੂਲ ਮੁਖੀਆਂ ਦੀ ਮੀਟਿੰਗ
ਫਿਲੌਰ: ਗੁਰਾਇਆ ਅਤੇ ਫਿਲੌਰ ਸਕੂਲਾਂ ਦੀ ਮੀਟਿੰਗ ਪਿੰਡ ਅੱਟੀ ਦੇ ਸ੍ਰੀ ਦਸਮੇਸ਼ ਕਾਨਵੈਂਟ ਹਾਈ ਸਕੂਲ ’ਚ ਹੋਈ ਜਿਸ ਦੀ ਪ੍ਰਧਾਨਗੀ ਚਰਨਜੀਤ ਸਿੰਘ ਨੇ ਕੀਤੀ। ਇਸ ਮੌਕੇ ਅਜਮੇਰ ਸਿੰਘ ਨੇ ਕਿਹਾ ਕਿ ਵਿਭਾਗ ਵਲੋਂ ਛੁੱਟੀਆਂ ਦੌਰਾਨ ਜਾਣਕਾਰੀ ਮੰਗਣਾਂ ਸਕੂਲਾਂ ਲਈ ਮੁਸ਼ਕਲ ਹੈ ਕਿਉਂਕਿ ਸਾਰਾ ਰਿਕਾਰਡ ਸਕੂਲ ’ਚ ਹੁੰਦਾ ਹੈ। ਇਸ ਮੌਕੇ ਅੰਸ਼ੂਮਨ ਸੇਖੜੀ, ਚਰਨਜੀਤ ਕੌਰ, ਸੰਦੀਪ ਕੌਰ, ਅਮਰਜੋਤੀ, ਪ੍ਰਸ਼ੋਤਮ ਲਾਲ, ਅਜਮੇਰ ਸਿੰਘ, ਰਾਜਨ ਕੁਮਾਰ, ਤਰਸੇਮ ਸਿੰਘ, ਕਸ਼ਮੀਰੀ ਲਾਲ, ਗੁਰਮੀਤ ਕੌਰ, ਮੈਡਮ ਅਲਕਾ, ਰਾਜਵਿੰਦਰ ਕੌਰ, ਰਣਜੀਤ ਕੌਰ ਆਦਿ ਹਾਜ਼ਰ ਸਨ। -ਪੱਤਰ ਪ੍ਰੇਰਕ
ਓਜ਼ੋਨ ਪਰਤ ਸੁਰੱਖਿਆ ਦਿਵਸ ਮਨਾਇਆ
ਫਗਵਾੜਾ: ਐਨਵਾਇਰਨਮੈਂਟ ਐਸੋਸੀਏਸ਼ਨ ਦੇ ਪ੍ਰਧਾਨ ਕੁਲਦੀਪ ਸਰਦਾਨਾ ਦੀ ਅਗਵਾਈ ਹੇਠ ਵਿਸ਼ਵ ਓਜ਼ੋਨ ਪਰਤ ਦਿਵਸ ਮਨਾਇਆ ਗਿਆ। ਐਸੋਸੀਏਸ਼ਨ ਦੇ ਸਕੱਤਰ ਮਲਕੀਅਤ ਸਿੰਘ ਰਘਬੋਤਰਾ ਦੇ ਯਤਨਾਂ ਸਦਕਾ ਸਥਾਨਕ ਬਲੱਡ ਬੈਂਕ ਗੁਰੂ ਹਰਗੋਬਿੰਦ ਨਗਰ ਫਗਵਾੜਾ ਵਿਖੇ ਮਨਾਇਆ ਗਿਆ। ਮੁੱਖ ਬੁਲਾਰੇ ਨੈਸ਼ਨਲ ਐਵਾਰਡੀ ਮਾਸਟਰ ਗੁਰਮੀਤ ਸਿੰਘ ਨੇ ਸਮਾਂ ਰੌਸ਼ਨ ਕੀਤੀ। ਇਸ ਮੌਕੇ ਪ੍ਰਿੰਸੀਪਲ ਰਣਜੀਤ ਕੁਮਾਰ ਗੋਗਨਾ, ਸ਼ਾਲਨੀ ਗਰੁੱਪ ਦੀ ਕੋਆਰਡੀਨੇਟਰ ਮੋਨਿਕਾ, ਮੋਹਨ ਲਾਲ ਤਨੇਜਾ, ਕ੍ਰਿਸ਼ਨ ਕੁਮਾਰ, ਸੁਧਾ ਬੇਦੀ, ਵਿਸ਼ਵਾਮਿੱਤਰ ਸ਼ਰਮਾ ਆਦਿ ਹਾਜ਼ਰ ਸਨ। -ਪੱਤਰ ਪ੍ਰੇਰਕ
ਸਕੂਲ ਦੇ ਕਮਰੇ ਦਾ ਉਦਘਾਟਨ
ਚੇਤਨਪੁਰਾ: ਐਡੀਸ਼ਨਲ ਸੈਸ਼ਨ ਜੱਜ ਅੰਮ੍ਰਿਤਸਰ ਮਹੇਸ਼ ਭਗਤ ਨੇ ਸਵਤੰਤਰਤਾ ਸੰਗਰਾਮੀ ਉਜਾਗਰ ਸਿੰਘ ਸਰਕਾਰੀ ਹਾਈ ਸਕੂਲ ਖਤਰਾਏ ਕਲਾਂ ਵਿੱਚ ਮਰਹੂਮ ਮਾਸਟਰ ਬਲਜੀਤ ਸਿੰਘ ਅਤੇ ਮਨਜੀਤ ਕੌਰ ਦੀ ਯਾਦ ਵਿੱਚ ਉਨ੍ਹਾਂ ਦੇ ਪੁੱਤਰ ਹਰਜਿੰਦਰ ਸਿੰਘ ਅਤੇ ਪਰਿਵਾਰ ਵੱਲੋਂ ਬਣਵਾ ਕੇ ਦਿੱਤੇ ਗਏ ਕਮਰੇ ਦਾ ਉਦਘਾਟਨ ਕੀਤਾ। ਉਨ੍ਹਾਂ ਕਿਹਾ ਕਿ ਵਿਦਿਆ ਦੇ ਮੰਦਰ (ਸਕੂਲ) ਲਈ ਦਾਨ ਦੇ ਰੂਪ ਵਿੱਚ ਯੋਗਦਾਨ ਪਾਉਣਾ ਸਭ ਤੋਂ ਉੱਤਮ ਅਤੇ ਸ਼ਲਾਘਾਯੋਗ ਉਪਰਾਲਾ ਹੈ। ਇਸ ਮੌਕੇ ਸਮਾਜ ਸੇਵੀ ਦਿਲਬਾਗ ਸਿੰਘ ਖਤਰਾਏ ਕਲਾਂ, ਪ੍ਰਿੰਸੀਪਲ ਮੀਨਾਕਸ਼ੀ ਧਰਵਾਲ ਅਤੇ ਪਿੰਡ ਵਾਸੀਆਂ ਵੱਲੋਂ ਅਡੀਸ਼ਨਲ ਸੈਸ਼ਨ ਜੱਜ ਮਹੇਸ਼ ਕੁਮਾਰ ਅਤੇ ਹਰਜਿੰਦਰ ਸਿੰਘ ਦਾ ਧੰਨਵਾਦ ਕਰਦਿਆਂ ਉਨ੍ਹਾਂ ਦਾ ਸਨਮਾਨ ਕੀਤਾ। -ਪੱਤਰ ਪ੍ਰੇਰਕ
ਡੀਸੀ ਵੱਲੋਂ ਝੋਨੇ ਦੀ ਖ਼ਰੀਦ ਦਾ ਜਾਇਜ਼ਾ
ਜਲੰਧਰ: ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਅੱਜ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਝੋਨੇ ਦੀ ਚੱਲ ਰਹੀ ਖ਼ਰੀਦ ਦਾ ਜਾਇਜ਼ਾ ਲੈਂਦਿਆਂ ਅਧਿਕਾਰੀਆਂ ਨੂੰ ਮੰਡੀਆਂ ਦੇ ਦੌਰੇ ਕਰਨ ਦੀ ਹਦਾਇਤ ਕੀਤੀ ਤਾਂ ਜੋ ਖ਼ਰੀਦ ਕਾਰਜਾਂ ਨੂੰ ਨਿਰਵਿਘਨ ਤੇ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਿਆ ਜਾ ਸਕੇ। ਇਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਅਧਿਕਾਰੀਆਂ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡੀਸੀ ਨੇ ਹਦਾਇਤ ਕੀਤੀ ਕਿ ਖ਼ਰੀਦ ਕੀਤੀ ਗਈ ਫ਼ਸਲ ਦੀ ਨਾਲੋ-ਨਾਲ ਚੁਕਾਈ ਅਤੇ ਨਿਰਧਾਰਿਤ ਸਮੇਂ ਦੇ ਅੰਦਰ ਅਦਾਇਗੀ ਯਕੀਨੀ ਬਣਾਈ ਜਾਵੇ। -ਪੱਤਰ ਪ੍ਰੇਰਕ