ਧੋਖੇਬਾਜ਼ ਏਜੰਟਾਂ ਖ਼ਿਲਾਫ਼ ਕਾਰਵਾਈ ਕਰੋ: ਸ਼ੁਕਲਾ
ਹਤਿੰਦਰ ਮਹਿਤਾ
ਜਲੰਧਰ, 14 ਫਰਵਰੀ
ਸਪੈਸ਼ਲ ਡੀਜੀਪੀ, ਕਾਨੂੰਨ ਅਤੇ ਵਿਵਸਥਾ ਅਰਪਿਤ ਸ਼ੁਕਲਾ ਨੇ ਅਪਰਾਧਿਕ ਜਾਂਚਾਂ ਦੀ ਪ੍ਰਗਤੀ ਦਾ ਮੁਲਾਂਕਣ ਕਰਨ ਅਤੇ ਜਲੰਧਰ ਰੇਂਜ ਵਿੱਚ ਕਾਨੂੰਨ ਅਤੇ ਵਿਵਸਥਾ ਦੀ ਸਥਿਤੀ ਦਾ ਮੁਲਾਂਕਣ ਕਰਨ ਲਈ ਮੀਟਿੰਗ ਕੀਤੀ। ਮੀਟਿੰਗ ਦਾ ਉਦੇਸ਼ ਧੋਖਾਧੜੀ ਕਰਨ ਵਾਲੇ ਟਰੈਵਲ ਏਜੰਟਾਂ ਵਿਰੁੱਧ ਸਖ਼ਤ ਕਾਰਵਾਈ ਕਰਨਾ, ਅਪਰਾਧਿਕ ਮਾਮਲਿਆਂ ਅਤੇ ਸ਼ਿਕਾਇਤਾਂ ਦਾ ਨਿਪਟਾਰਾ ਕਰਨਾ, ਨਸ਼ੀਲੇ ਪਦਾਰਥਾਂ ਦੀ ਤਸਕਰੀ ਖਤਮ ਕਰਨ, ਲੁੱਟ ਖੋਹ ਦੀਆਂ ਘਟਨਾਵਾਂ ਅਤੇ ਧਮਕੀਆਂ ਵਾਲੀਆਂ ਕਾਲਾਂ ਨੂੰ ਹੱਲ ਕਰਨਾ ਅਤੇ ਮੌਜੂਦਾ ਸੁਰੱਖਿਆ ਉਪਾਵਾਂ ਦੀ ਪ੍ਰਭਾਵਸ਼ੀਲਤਾ ਦੀ ਸਮੀਖਿਆ ਕਰਨਾ ਸੀ। ਸ੍ਰੀ ਸ਼ੁਕਲਾ ਨੇ ਧੋਖਾਧੜੀ ਕਰਨ ਵਾਲੇ ਟਰੈਵਲ ਏਜੰਟਾਂ ਵਿਰੁੱਧ ਤੁਰੰਤ ਕਾਰਵਾਈ ਕਰਨ ਲਈ ਕਿਹਾ ਤਾਂ ਕਿ ਜਨਤਾ ਦੀ ਸੁਰੱਖਿਆ ਲਈ ਅਜਿਹੀਆਂ ਗਤੀਵਿਧੀਆਂ ਨੂੰ ਜਲਦੀ ਹੱਲ ਕੀਤਾ ਜਾਵੇਗਾ, ਅਪਰਾਧਿਕ ਮਾਮਲਿਆਂ ਅਤੇ ਸ਼ਿਕਾਇਤਾਂ ਦਾ ਨਿਬੇੜਾ ਕੀਤਾ ਜਾਵੇਗਾ। ਉਨ੍ਹਾਂ ਨਿਰਦੇਸ਼ ਦਿੱਤੇ ਕਿ ਉਭਰ ਰਹੀਆਂ ਸੁਰੱਖਿਆ ਚੁਣੌਤੀਆਂ ਨਾਲ ਨਜਿੱਠਣ ਲਈ ਤਿਆਰ ਰਹੋ।
ਸ਼ਾਹਕੋਟ (ਪੱਤਰ ਪ੍ਰੇਰਕ):ਸ਼ਾਹਕੋਟ ਪੁਲੀਸ ਨੇ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਵਿਚ ਦੋ ਕੋਲੋਂ ਹੈਰੋਇਨ ਬਰਾਮਦ ਹੋਈ ਹੈ। ਡੀਐਸਪੀ ਉਕਾਂਰ ਸਿੰਘ ਬਰਾੜ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਐਸ.ਆਈ ਨਿਰਮਲ ਸਿੰਘ ਨੇ ਬਾਜਵਾ ਖੁਰਦ ਦੇ ਨਜ਼ਦੀਕ ਲਗਾਏ ਨਾਕੇ ਦੌਰਾਨ ਸ਼ੱਕ ਦੇ ਅਧਾਰ ’ਤੇ ਇਕ ਆਟੋ ਨੂੰ ਰੋਕ ਕੇ ਜਦੋਂ ਆਟੋ ਦੀ ਤਲਾਸ਼ੀ ਲਈ ਤਾਂ ਆਟੋ ਸਵਾਰ ਦੋ ਨੌਜਵਾਨਾਂ ਕੋਲੋ 20 ਗ੍ਰਾਮ ਹੈਰੋਇਨ ਬ੍ਰਾਮਦ ਹੋਈ। ਪੁੱਛ-ਗਿੱਛ ਦੌਰਾਨ ਆਟੋ ਸਵਾਰ ਨੌਜਵਾਨਾਂ ਦੀ ਪਹਿਚਾਣ ਪ੍ਰਦੀਪ ਖੋਸਲਾ ਉਰਫ ਬੋਲਾ ਪੁੱਤਰ ਸੁਰਿੰਦਰ ਕੁਮਾਰ ਅਤੇ ਸੁਨੀਲ ਕੁਮਾਰ ਉਰਫ ਸ਼ਨੀ ਪੁੱਤਰ ਸੋਹਣ ਲਾਲ ਵਾਸੀਆਨ ਕੋਟਲੀ ਗਾਜਰਾਂ ਵਜੋਂ ਹੋਈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਖਿਲਾਫ ਮੁਕੱਦਮਾ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਕਰਦਿਆ ਆਟੋ ਨੂੰ ਕਬਜੇ ਵਿਚ ਵੀ ਲਿਆ ਗਿਆ ਹੈ। ਸਾ ਬਰਾੜ ਨੇ ਅੱਗੇ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋਂ ਐਕਸਾਈਜ਼ ਮੁਕੱਦਮੇ ਵਿਚੋ ਅਦਾਲਤ ਵੱਲੋਂ ਭਗੌੜਾ ਕਰਾਰ ਦਿਤੇ ਮੁਲਜ਼ਮ ਹਨੀ ਵਰਮਾ ਉਰਫ ਲੂਟਾ ਪੁੱਤਰ ਲਾਲ ਚੰਦ ਵਾਸੀ ਮੁਹੱਲਾ ਬਾਗ ਵਾਲਾ ਸ਼ਾਹਕੋਟ ਨੂੰ ਐਸ.ਆਈ ਲਖਬੀਰ ਸਿੰਘ ਨੇ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਖਿਲਾਫ ਬਣਦੀ ਅਗਲੇਰੀ ਕਾਨੂੰਨੀ ਕਾਰਵਾਈ ਕਰ ਦਿਤੀ ਗਈ ਹੈ।
ਤਹਿਸੀਲਦਾਰ ਵਲੋਂ ਆਈਲੈੱਟਸ ਸੈਂਟਰਾਂ ਦੀ ਜਾਂਚ
ਫਗਵਾੜਾ (ਜਸਬੀਰ ਸਿੰਘ ਚਾਨਾ): ਪੰਜਾਬ ਸਰਕਾਰ ਵਲੋਂ ਟਰੈਵਲ ਏਜੰਟਾਂ ਖਿਲਾਫ਼ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਅੱਜ ਇਥੋਂ ਦੇ ਤਹਿਸੀਲਦਾਰ ਬਲਜਿੰਦਰ ਸਿੰਘ ਨੇ ਸ਼ਹਿਰ ’ਚ ਚੱਲ ਰਹੇ ਅੱਧੀ ਦਰਜਨ ਆਈਲੈਟਸ ਸੈਂਟਰਾਂ ਦੀ ਅਚਾਨਕ ਚੈਕਿੰਗ ਕੀਤੀ ਤੇ ਉਨ੍ਹਾਂ ਦੇ ਕਾਗਜ਼ਾਤਾਂ ਦੀ ਪੜਤਾਲ ਕੀਤੀ। ਉਨ੍ਹਾਂ ਦੱਸਿਆ ਕਿ ਸੈਂਟਰਾਂ ਦੇ ਕਾਗਜ਼ਾਂ ’ਚ ਕਾਫ਼ੀ ਕਮੀਆਂ ਪਾਈਆਂ ਗਈਆਂ ਹਨ ਜਿਸ ’ਚ ਕਈਆਂ ਨੇ ਟਿਕਟਾਂ ਦਾ ਹੀ ਲਾਇਸੈਂਸ ਲਿਆ ਹੋਇਆ ਹੈ ਤੇ ਕੰਮ ਆਈਲੈਟਸ ਸੈਂਟਰ ਚਲਾਉਣ ਦਾ ਕਰ ਰਹੇ ਹਨ। ਇਨ੍ਹਾਂ ਦੀ ਪੜਤਾਲ ਕਰਕੇ ਇਸ ਦੀ ਰਿਪੋਰਟ ਤਿਆਰ ਕਰਕੇ ਡਿਪਟੀ ਕਮਿਸ਼ਨਰ ਕਪੂਰਥਲਾ ਨੂੰ ਭੇਜੀ ਜਾਵੇਗੀ ਤਾਂ ਜੋ ਉਨ੍ਹਾਂ ਦੇ ਹੁਕਮਾ ਤੇ ਅਗਲੀ ਕਾਰਵਾਈ ਕੀਤੀ ਜਾ ਸਕੇ। ਦੱਸਣਾ ਬਣਦਾ ਹੈ ਕਿ ਪੰਜਾਬ ਵਿਚ ਟਰੈਵਲ ਏਜੰਟਾਂ ਵਲੋਂ ਗੈਰਕਾਨੂੰਨੀ ਢੰਗ ਨਾਲ ਨੌਜਵਾਨਾਂ ਨੂੰ ਵਿਦੇਸ਼ਾਂ ਵਿਚ ਭੇਜਿਆ ਗਿਆ ਸੀ ਤੇ ਅਮਰੀਕਾ ਵਲੋਂ ਭਾਰਤ ਭੇਜੇ ਗਏ ਨੌਜਵਾਨਾਂ ਤੋਂ ਬਾਅਦ ਪੰਜਾਬ ਵਿਚ ਵੀ ਇਨ੍ਹਾਂ ਏਜੰਟਾਂ ਖ਼ਿਲਾਫ਼ ਸਖਤੀ ਵੱਧ ਗਈ ਹੈ।