ਖੰਡ ਮਿੱਲ ਵੱਲੋਂ ਗੰਨੇ ਦੀ 90 ਫ਼ੀਸਦ ਅਦਾਇਗੀ ਦਾ ਦਾਅਵਾ
ਗੰਨਾ ੳੁਤਪਾਦਕਾਂ ਤੇ ਖੰਡ ਮਿੱਲ ਦੇ ਅਧਿਕਾਰੀਆਂ ਦਰਮਿਆਨ ਸੁਖਾਵੇਂ ਮਾਹੌਲ ’ਚ ਮੀਟਿੰਗ
ਸਹਿਕਾਰੀ ਖੰਡ ਮਿੱਲ ਭੋਗਪੁਰ ਦੇ ਮੈਨੇਜਿੰਗ ਡਾਇਰੈਕਟਰ ਗੁਰਵਿੰਦਰ ਪਾਲ ਸਿੰਘ ਅਨੇਜਾ ਨਾਲ ਖੰਡ ਮਿੱਲ ਦੇ ਸਾਬਕਾ ਚੇਅਰਮੈਨ ਪਰਮਵੀਰ ਸਿੰਘ ਪੰਮਾ ਅਤੇ ਭਾਰਤੀ ਕਿਸਾਨ ਯੂਨੀਅਨ ਦੇ ਬਲਾਕ ਪ੍ਰਧਾਨ ਗੁਰਭੇਜ ਸਿੰਘ ਸੰਘਾ ਦੀ ਅਗਵਾਈ ਵਿੱਚ ਐਮ ਡੀ ਦੇ ਦਫ਼ਤਰ ਵਿੱਚ ਕਿਸਾਨਾਂ ਦੀ ਵੱਖ-ਵੱਖ ਮੁੱਦਿਆਂ ’ਤੇ ਮੀਟਿੰਗ ਸੁਖਾਵੇਂ ਮਾਹੌਲ ਵਿੱਚ ਹੋਈ। ਸਾਬਕਾ ਚੇਅਰਮੈਨ ਪੰਮਾ ਅਤੇ ਕਿਸਾਨ ਆਗੂ ਸੰਘਾ ਨੇ ਕਿਹਾ ਕਿ ਖੰਡ ਮਿੱਲ ਦਾ 29 ਸਤੰਬਰ ਨੂੰ ਹੋ ਰਿਹਾ ਆਮ ਇਜਲਾਸ ਮੈਰਿਜ ਪੈਲੇਸ ਵਿੱਚ ਕਰਨ ਦੀ ਬਜਾਏ ਖੰਡ ਮਿੱਲ ਦੇ ਅਹਾਤੇ ਵਿੱਚ ਕੀਤਾ ਜਾਵੇ। ਦੂਜਾ ਖੰਡ ਮਿੱਲ ਵਿੱਚ ਲੱਗੇ ਪਾਵਰ ਪਲਾਂਟ ਦੇ ਅਧਿਕਾਰੀ ਖੰਡ ਮਿੱਲ ਵਿੱਚ ਗੰਨਿਆਂ ਦੀਆਂ ਲੱਦੀਆਂ ਟਰੈਕਟਰ ਟਰਾਲੀਆਂ ਲਈ ਬਣਾਏ ਫੜ੍ਹ ਦੀ ਵਰਤੋਂ ਕਰਨ ਨਾਲ ਹੋ ਰਹੇ ਨੁਕਸਾਨ ਦੀ ਭਰਪਾਈ ਕਰਾਈ ਜਾਵੇ। ਤੀਜਾ ਗੰਨਾ ਉਤਪਾਦਕਾਂ ਦੀ ਖੰਡ ਮਿੱਲ ਵੱਲ ਰਹਿੰਦੀ ਗੰਨੇ ਦੀ ਅਦਾਇਗੀ ਕੀਤੀ ਜਾਵੇ ਅਤੇ ਸੇਵਾਮੁਕਤ ਮੁਲਾਜ਼ਮਾਂ ਨੂੰ ਖੰਡ ਮਿੱਲ ਵਿੱਚ ਦੁਬਾਰਾ ਭਰਤੀ ਕਰਨ ਦੇ ਵੇਰਵੇ ਦਿੱਤੇ ਜਾਣ।
ਮੈਨੇਜਿੰਗ ਡਾਇਰੈਕਟਰ ਗੁਰਵਿੰਦਰ ਪਾਲ ਸਿੰਘ ਅਨੇਜਾ ਨੇ ਸਵਾਲਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਖੰਡ ਮਿੱਲ ਦਾ ਆਮ ਇਜਲਾਸ ਮਿੱਲ ਵਿੱਚ ਰੱਖਣ ਨਾਲੋਂ ਮੈਰਿਜ਼ ਪੈਲੇਸ ਵਿੱਚ ਰੱਖਣ ਨਾਲ ਅੱਧਾ ਖਰਚਾ ਆਵੇਗਾ ਅਤੇ ਮੀਂਹ ਹਨੇਰੀ ਤੋਂ ਵੀ ਸੁਰੱਖਿਅਤ ਹੋਵੇਗਾ। ਉਨ੍ਹਾਂ ਦੱਸਿਆ ਕਿ ਪਿਛਲੇ ਸੀਜ਼ਨ ਵਿੱਚ ਖੰਡ ਮਿੱਲ ਨੂੰ ਗੰਨਾ ਉਤਪਾਦਕਾਂ ਵਲੋਂ ਵੇਚੇ ਗੰਨੇ ਦੀ 90 ਫੀਸਦ ਅਦਾਇਗੀ ਹੋ ਚੁੱਕੀ ਹੈ ਅਤੇ ਜਿਹੜੇ ਗੰਨੇ ਦੀ ਕੀਮਤ ਤੋਂ ਵਾਧੂ 61.50 ਰੁਪਏ ਪੰਜਾਬ ਸਰਕਾਰ ਨੇ ਗੰਨਾ ਉਤਪਾਦਕਾਂ ਨੂੰ ਦੇਣੇ ਸਨ, ਉਹ ਪੈਸੇ ਹੀ ਬਕਾਇਆ ਰਹਿੰਦਾ ਹੈ। ਉਹ ਰਕਮ ਵੀ ਛੇਤੀ ਗੰਨਾ ਉਤਪਾਦਕਾਂ ਦੇ ਬੈਂਕ ਖਾਤਿਆਂ ਵਿੱਚ ਪਾਈ ਜਾ ਰਹੀ ਹੈ। ਐਮ ਡੀ ਨੇ ਦੱਸਿਆ ਕਿ ਸੇਵਾਮੁਕਤ ਮੁਲਾਜ਼ਮਾਂ ਦੀ ਖੰਡ ਮਿੱਲ ਭੋਗਪੁਰ ਵਿੱਚ ਭਰਤੀ ਪੰਜਾਬ ਸ਼ੂਗਰਫੈੱਡ ਦੇ ਨਿਯਮਾਂ ਅਨੁਸਾਰ ਕੀਤੀ ਗਈ ਹੈ ਜਿਸ ਦੇ ਵੇਰਵੇ ਹਫਤੇ ਦੇ ਅੰਦਰ-ਅੰਦਰ ਦੇ ਦਿੱਤੇ ਜਾਣਗੇ। ਖੰਡ ਮਿੱਲ ਦੇ ਫੜ੍ਹ ਦੇ ਹੋਏ ਨੁਕਸਾਨ ਦੀ ਭਰਪਾਈ ਕੰਪਨੀ ਖੁਦ ਕਰੇਗੀ।