ਸਬ-ਇੰਸਪੈਕਟਰ 'ਤੇ ਔਰਤ ਨੂੰ ਦਰੜਨ ਦੀ ਕੋਸ਼ਿਸ਼ ਦਾ ਦੋਸ਼; ਸੀਸੀਟੀਵੀ ਫੁਟੇਜ ਆਈ ਸਾਹਮਣੇ
ਕਪੂਰਥਲਾ ਦੇ ਸੰਤਨਪੁਰਾ ਇਲਾਕੇ ਤੋਂ ਇੱਕ ਹੈਰਾਨਕੁੰਨ ਘਟਨਾ ਸਾਹਮਣੇ ਆਈ ਹੈ, ਜਿੱਥੇ 30 ਜੁਲਾਈ ਨੂੰ ਇੱਕ ਝਗੜੇ ਤੋਂ ਬਾਅਦ ਪੰਜਾਬ ਪੁਲੀਸ ਦੇ ਇੱਕ ਸਬ-ਇੰਸਪੈਕਟਰ (ਐਸਆਈ) ਨੇ ਕਥਿਤ ਤੌਰ 'ਤੇ ਆਪਣੀ ਕਾਰ ਨਾਲ ਇੱਕ ਔਰਤ ਨੂੰ ਦਰੜਨ ਦੀ ਕੋਸ਼ਿਸ਼ ਕੀਤੀ। ਇਹ ਸਾਰਾ ਘਟਨਾਕ੍ਰਮ ਸੀਸੀਟੀਵੀ ਫੁਟੇਜ ਵਿੱਚ ਕੈਦ ਹੋ ਗਿਆ ਹੈ ਅਤੇ ਹੁਣ ਮਾਮਲਾ ਪੁਲੀਸ ਜਾਂਚ ਅਧੀਨ ਹੈ।
ਪੀੜਤ ਗੁਰਪ੍ਰੀਤ ਕੌਰ ਉਰਫ਼ ਪ੍ਰੀਤੀ ਦੇ ਅਨੁਸਾਰ ਉਹ ਆਪਣੇ ਘਰ ਤੋਂ ਸਕੂਟਰ 'ਤੇ ਜਾ ਰਹੀ ਸੀ ਜਦੋਂ ਉਸਨੂੰ ਐਸਆਈ ਬਲਜੀਤ ਸਿੰਘ, ਜੋ ਇਸ ਸਮੇਂ ਜਲੰਧਰ ਦੇ ਇੱਕ ਪੁਲੀਸ ਸਟੇਸ਼ਨ ਵਿੱਚ ਤਾਇਨਾਤ ਹੈ, ਨੇ ਨੇੜਲੇ ਪਲਾਟ 'ਤੇ ਬੁਲਾਇਆ। ਸਥਾਨ 'ਤੇ ਪਹੁੰਚਣ ਉਤੇ ਉਸ ਨੇ ਦੇਖਿਆ ਕਿ ਉਥੇ ਬਲਜੀਤ ਸਿੰਘ ਅਤੇ ਇੱਕ ਹੋਰ ਵਿਅਕਤੀ, ਜਿਸ ਦੀ ਪਛਾਣ ਨਿਸ਼ਾਨ ਸਿੰਘ ਵਜੋਂ ਹੋਈ ਹੈ, ਕਥਿਤ ਤੌਰ 'ਤੇ ਸ਼ਰਾਬ ਪੀ ਰਹੇ ਸਨ।
ਪ੍ਰੀਤੀ ਦਾ ਦੋਸ਼ ਹੈ ਕਿ SI ਬਲਜੀਤ ਸਿੰਘ ਨੇ ਉਸ ਵੱਲ ਅਸ਼ਲੀਲ ਟਿੱਪਣੀਆਂ ਕੀਤੀਆਂ। ਜਦੋਂ ਉਸਨੇ ਵਿਰੋਧ ਕੀਤਾ ਤਾਂ ਉਸ ਨੇ ਉਸਦੇ ਚਿਹਰੇ 'ਤੇ ਸ਼ਰਾਬ ਨਾਲ ਭਰਿਆ ਗਲਾਸ ਸੁੱਟ ਦਿੱਤਾ। ਘਟਨਾ ਤੋਂ ਪ੍ਰੇਸ਼ਾਨ ਹੋ ਕੇ ਉਸਨੇ ਤੁਰੰਤ ਕਪੂਰਥਲਾ ਦੇ ਸਿਟੀ ਪੁਲੀਸ ਸਟੇਸ਼ਨ ਨਾਲ ਸੰਪਰਕ ਕਰ ਕੇ ਹਮਲੇ ਦੀ ਰਿਪੋਰਟ ਕੀਤੀ।
ਪੁਲੀਸ ਦੇ ਪਹੁੰਚਣ ਤੋਂ ਪਹਿਲਾਂ ਦੋਨਾਂ ਵਿਅਕਤੀਆਂ ਨੇ ਇੱਕ ਕਾਰ (ਨੰਬਰ PB09 T 0862) ਵਿੱਚ ਭੱਜਣ ਦੀ ਕੋਸ਼ਿਸ਼ ਕੀਤੀ। ਜਦੋਂ ਔਰਤ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਕਥਿਤ ਤੌਰ 'ਤੇ ਗੱਡੀ ਤੇਜ਼ ਰਫ਼ਤਾਰ ਨਾਲ ਚਲਾਈ ਗਈ ਜਿਸ ਰਾਹੀਂ ਉਸ ਨੂੰ ਕਥਿਤ ਦਰੜਨ ਦੀ ਕੋਸ਼ਿਸ਼ ਕੀਤੀ ਗਈ। ਉਸਨੂੰ ਸੱਟਾਂ ਲੱਗੀਆਂ ਅਤੇ ਉਹ ਇਸ ਸਮੇਂ ਸਿਵਲ ਹਸਪਤਾਲ ਵਿੱਚ ਜ਼ੇਰੇ-ਇਲਾਜ ਹੈ। ਉਸ ਦਾ ਚਾਰ ਸਾਲ ਦਾ ਪੁੱਤਰ, ਜੋ ਉਸ ਸਮੇਂ ਉਸ ਦੇ ਨਾਲ ਸੀ, ਨੁਕਸਾਨ ਤੋਂ ਵਾਲ-ਵਾਲ ਬਚ ਗਿਆ।
ਇੱਕ ਹੋਰ ਦੋਸ਼ ਵਿੱਚ ਔਰਤ ਨੇ ਕਿਹਾ ਕਿ ਉਹ ਪਹਿਲਾਂ ਇੱਕ ਪੁਲੀਸ ਇੰਸਪੈਕਟਰ ਨਾਲ ਲਿਵ-ਇਨ ਰਿਲੇਸ਼ਨਸ਼ਿਪ ਵਿੱਚ ਸੀ, ਜਿਸ ਦੀ ਹੁਣ ਮੌਤ ਹੋ ਗਈ ਹੈ। ਉਸ ਮੁਤਾਬਕ ਉਦੋਂ ਤੋਂ SI ਬਲਜੀਤ ਸਿੰਘ ਨੇ ਉਸ ਵਿੱਚ ਨਾਜਾਇਜ਼ ਦਿਲਚਸਪੀ ਪੈਦਾ ਕਰ ਲਈ ਸੀ। ਉਸ ਦਾ ਦਾਅਵਾ ਹੈ ਕਿ SI ਕੁਝ ਸਮੇਂ ਤੋਂ ਉਸ ਨੂੰ ਪਰੇਸ਼ਾਨ ਕਰ ਰਿਹਾ ਸੀ।
ਮਾਮਲੇ ਦੀ ਜਾਂਚ ਜਾਰੀ: ਡੀਐਸਪੀ
ਘਟਨਾਵਾਂ ਸਬੰਧੀ ਪੱਖ ਲੈਣ ਲਈ SI ਬਲਜੀਤ ਸਿੰਘ ਨਾਲ ਸੰਪਰਕ ਕਰਨ ਦੀਆਂ ਕੋਸ਼ਿਸ਼ਾਂ ਅਸਫਲ ਰਹੀਆਂ। ਇਸ ਦੌਰਾਨ, ਡਿਪਟੀ ਸੁਪਰਡੈਂਟ ਪੁਲੀਸ (DSP) ਦੀਪਕਰਨ ਸਿੰਘ ਨੇ ਪੁਸ਼ਟੀ ਕੀਤੀ ਕਿ ਦੋਵਾਂ ਧਿਰਾਂ ਨੇ ਲਿਖਤੀ ਸ਼ਿਕਾਇਤਾਂ ਦਰਜ ਕਰਵਾਈਆਂ ਹਨ ਅਤੇ ਜਾਂਚ ਚੱਲ ਰਹੀ ਹੈ। ਉਨ੍ਹਾਂ ਕਿਹਾ, "ਜਾਂਚ ਪੂਰੀ ਹੋਣ ਤੋਂ ਬਾਅਦ ਢੁਕਵੀਂ ਕਾਰਵਾਈ ਕੀਤੀ ਜਾਵੇਗੀ।"