ਵਿਦਿਆਰਥੀਆਂ ਦਾ ਵਿੱਦਿਅਕ ਦੌਰਾ
ਤਰਨ ਤਾਰਨ: ਹਰੀ ਸਿੰਘ ਨਲੂਆ ਸੀਨੀਅਰ ਸੈਕੰਡਰੀ ਸਕੂਲ ਵਲਟੋਹਾ (ਜ਼ਿਲ੍ਹਾ ਤਰਨ ਤਾਰਨ) ਦੇ ਵਿਦਿਆਰਥੀਆਂ ਨੂੰ ਸਕੂਲ ਮੁਖੀ ਸੁਰਜੀਤ ਸਿੰਘ ਦੀ ਅਗਵਾਈ ਹੇਠ ਵਿੱਦਿਅਕ ਟੂਰ ’ਤੇ ਲਿਜਾਇਆ ਗਿਆ। ਇਸ ਦੌਰਾਨ ਵਿਦਿਆਰਥੀਆਂ ਨੇ ਚੰਡੀਗੜ੍ਹ ਵਿੱਚ ‘ਟ੍ਰਿਬਿਊਨ’ ਪ੍ਰਕਾਸ਼ਨ ਸਮੂਹ ਦੇ ਮੁੱਖ ਦਫ਼ਤਰ ਦਾ...
ਤਰਨ ਤਾਰਨ: ਹਰੀ ਸਿੰਘ ਨਲੂਆ ਸੀਨੀਅਰ ਸੈਕੰਡਰੀ ਸਕੂਲ ਵਲਟੋਹਾ (ਜ਼ਿਲ੍ਹਾ ਤਰਨ ਤਾਰਨ) ਦੇ ਵਿਦਿਆਰਥੀਆਂ ਨੂੰ ਸਕੂਲ ਮੁਖੀ ਸੁਰਜੀਤ ਸਿੰਘ ਦੀ ਅਗਵਾਈ ਹੇਠ ਵਿੱਦਿਅਕ ਟੂਰ ’ਤੇ ਲਿਜਾਇਆ ਗਿਆ। ਇਸ ਦੌਰਾਨ ਵਿਦਿਆਰਥੀਆਂ ਨੇ ਚੰਡੀਗੜ੍ਹ ਵਿੱਚ ‘ਟ੍ਰਿਬਿਊਨ’ ਪ੍ਰਕਾਸ਼ਨ ਸਮੂਹ ਦੇ ਮੁੱਖ ਦਫ਼ਤਰ ਦਾ ਦੌਰਾ ਕੀਤਾ ਅਤੇ ਅਖ਼ਬਾਰ ਦੇ ਪ੍ਰਕਾਸ਼ਨ ਸਬੰਧੀ ਜਾਣਕਾਰੀ ਹਾਸਲ ਕੀਤੀ। ਟੂਰ ਮੌਕੇ ਵਿਦਿਆਰਥੀਆਂ ਨਾਲ ਅਧਿਆਪਕਾਂ ’ਚ ਹਰਵਿਕਰਮਜੀਤ ਸਿੰਘ, ਕੁਲਦੀਪ ਸਿੰਘ, ਅਮਰਜੀਤ ਸਿੰਘ ਹੁਸ਼ਿਆਰਬੀਰ ਸਿੰਘ ਸੰਜੀਵ ਕੁਮਾਰ ਹਰਵਿੰਦਰ ਕੌਰ, ਕਿਲਬੀਰ ਕੌਰ, ਬਲਜੀਤ ਕੌਰ,ਸਤਿਆ ਦੇਵੀ, ਸਰਬਜੀਤ ਕੌਰ ਆਦਿ ਸ਼ਾਮਲ ਸਨ। ਵਿਦਿਆਰਥੀਆਂ ਨੇ ਅਖਬਾਰ ਦੀ ਛਪਾਈ ਪ੍ਰਕਿਰਿਆ ਵਿੱਚ ਡੂੰਘੀ ਦਿਲਚਸਪੀ ਦਿਖਾਈ| -ਪੱਤਰ ਪ੍ਰੇਰਕ
‘ਆਪ’ ਆਗੂ ਵੱਲੋਂ ਦਾਣਾ ਮੰਡੀ ਦਾ ਜਾਇਜ਼ਾ
ਪਠਾਨਕੋਟ: ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਠਾਕੁਰ ਅਮਿਤ ਸਿੰਘ ਮੰਟੂ ਨੇ ਹਲਕਾ ਸੁਜਾਨਪੁਰ ਦੀ ਘੋਹ ਅਨਾਜ ਮੰਡੀ ਦਾ ਦੌਰਾ ਕੀਤਾ ਅਤੇ ਕਿਸਾਨਾਂ ਤੇ ਆੜ੍ਹਤੀਆਂ ਦੀਆਂ ਮੁਸ਼ਕਲਾਂ ਸੁਣੀਆਂ। ਉਨ੍ਹਾਂ ਮੰਡੀ ਦਾ ਜਾਇਜ਼ਾ ਲੈਂਦਿਆਂ ਝੋਨੇ ਦੇ ਤੋਲ ਦੀ ਕੰਡੇ ’ਤੇ ਜਾਂਚ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਕਿਸਾਨਾਂ ਦੇ ਝੋਨੇ ਦਾ ਦਾਣਾ-ਦਾਣਾ ਚੁਕਿਆ ਜਾਵੇਗਾ ਅਤੇ ਉਨ੍ਹਾਂ ਨੂੰ ਮੰਡੀ ਵਿੱਚ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਝੋਨੇ ਦੀ ਲਿਫਟਿੰਗ ਨਾਲ-ਨਾਲ ਕੀਤੀ ਜਾਵੇ ਅਤੇ ਕਿਸਾਨਾਂ ਨੂੰ ਅਦਾਇਗੀ 24 ਘੰਟੇ ਦੇ ਅੰਦਰ ਕੀਤੀ ਜਾਵੇ। ਇਸ ਮੌਕੇ ਮੋਹਨ ਸਿੰਘ, ਰਾਜਿੰਦਰ ਸਿੰਘ, ਮਾਨ ਸਿੰਘ, ਰਿੰਕੂ, ਵਿਜੈ ਸਿੰਘ, ਰਾਕੇਸ਼ ਸਿੰਘ, ਮਗਨ ਸਿੰਘ, ਅਸ਼ੋਕ ਕੁਮਾਰ, ਰਾਹੁਲ ਕੁਮਾਰ, ਰਾਏ ਕੁਮਾਰ ਆਦਿ ਹਾਜ਼ਰ ਸਨ। -ਪੱਤਰ ਪ੍ਰੇਰਕ
ਬਲਬੀਰ ਸਿੰਘ ਪੰਨੂ ਦਾ ਸਨਮਾਨ
ਬਟਾਲਾ: ਇੱਥੋਂ ਥੋੜ੍ਹੀ ਡੇਰਾ ਬਾਬਾ ਨਾਨਕ ’ਤੇ ਸਥਿਤ ਪਿੰਡ ਕਿਲ੍ਹਾ ਲਾਲ ਸਿੰਘ ਦੀ ਜਾਗਰਨ ਕਮੇਟੀ ਵੱਲੋਂ ਬਾਬਾ ਸੁਰਜਨ ਸ਼ਾਹ ਦੀ ਯਾਦ ਵਿੱਚ ਜਾਗਰਨ ਕਰਵਾਇਆ ਗਿਆ। ਇਸ ਮੌਕੇ ’ਤੇ ਮਾਤਾ ਰਾਣੀ ਦਾ ਅਸ਼ੀਰਵਾਦ ਲੈਣ ਲਈ ‘ਆਪ’ ਦੇ ਹਲਕਾ ਫਤਹਿਗੜ੍ਹ ਚੂੜੀਆ ਦੇ ਇਚਾਰਜ ਬਲਬੀਰ ਸਿੰਘ ਪੰਨੂ ਸਮੇਤ ਹੋਰ ਇਲਾਕੇ ਦੇ ਮੋਹਤਬਰ ਵੀ ਪਹੁੰਚੇ। ਇਸ ਮੌਕੇ ਸੰਬੋਧਨ ਕਰਦਿਆਂ ਉਨ੍ਹਾਂ ਸਾਲਾਨਾ ਜਾਗਰਨ ਕਰਵਾਉਣ ਵਾਲੇ ਪ੍ਰਬੰਧਕਾਂ ਦੀ ਸ਼ਲਾਘਾ ਕੀਤੀ। ਇਸ ਤੋਂ ਪਹਿਲਾਂ ਜਾਗਰਨ ਕਮੇਟੀ ਦੇ ਪ੍ਰਬੰਧਕਾਂ ਵੱਲੋਂ ਬਲਬੀਰ ਪੰਨੂ ਤੇ ਥਾਣਾ ਕਿਲ੍ਹਾ ਲਾਲ ਸਿੰਘ ਦੇ ਐੱਸ ਐੱਚ ਓ ਪ੍ਰਭਜੋਤ ਸਿੰਘ ਸਮੇਤ ਹੋਰਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਸਰਪੰਚ ਡਾ. ਗੁਰਦਿੱਤ ਸਿੰਘ ਤੋਂ ਇਲਾਵਾ ਹਲਕਾ ਸੰਗਠਨ ਇੰਚਾਰਜ ਗਗਨਦੀਪ ਪੰਨੂ, ਬਲਾਕ ਪ੍ਰਧਾਨ ਰਘਬੀਰ ਸਿੰਘ, ਬਲਾਕ ਪ੍ਰਧਾਨ ਪਲਵਿੰਦਰ ਸਿੰਘ, ਬਲਾਕ ਪ੍ਰਧਾਨ ਮਲਜਿੰਦਰ ਸਿੰਘ, ਬਲਾਕ ਪ੍ਰਧਾਨ ਹਰਦੀਪ ਸਿੰਘ, ਬਲਾਕ ਪ੍ਰਧਾਨ ਸ਼ਮਸ਼ੇਰ ਸਿੰਘ, ਕਰਨ ਬਾਠ, ਗੁਰਦੇਵ ਔਜਲਾ ਆਦਿ ਹਾਜ਼ਰ ਸਨ। -ਨਿੱਜੀ ਪੱਤਰ ਪ੍ਰੇਰਕ
ਡੀ ਸੀ ਨੇ ਅਹੁਦਾ ਸੰਭਾਲਿਆ
ਪਠਾਨਕੋਟ: ਜ਼ਿਲ੍ਹਾ ਪਠਾਨਕੋਟ ਦੀ ਡਿਪਟੀ ਕਮਿਸ਼ਨਰ ਮੈਡਮ ਪਲਵੀ ਨੇ ਅਹੁਦਾ ਸੰਭਾਲ ਲਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਮੁੱਖ ਫੋਕਸ ਜ਼ਿਲ੍ਹੇ ਅੰਦਰ ਹੜ੍ਹ ਪ੍ਰਭਾਵਿਤਾਂ ਨੂੰ ਸਮੇਂ ਸਿਰ ਮੁਆਵਜ਼ਾ ਦਿਵਾਉਣਾ, ਪੰਜਾਬ ਸਰਕਾਰ ਦੀਆਂ ਸਮਾਜ ਭਲਾਈ ਸਕੀਮਾਂ ਨੂੰ ਲੋਕਾਂ ਤੱਕ ਪਹੁੰਚਾਉਣਾ ਅਤੇ ਵਿਕਾਸ ਕਾਰਜਾਂ ਦੀ ਗਤੀ ਨੂੰ ਵਧਾਉਣਾ ਹੋਵੇਗਾ। ਇੰਨ੍ਹਾਂ ਗੱਲਾਂ ਦਾ ਪ੍ਰਗਟਾਵਾ ਉਹ ਜ਼ਿਲ੍ਹੇ ਦੀ ਕਮਾਂਡ ਸੰਭਾਲਣ ਸਮੇਂ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਉਹ ਆਪਣੀ ਜ਼ਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾਉਣਗੇ ਅਤੇ ਲੋਕਾਂ ਦੀਆਂ ਮੁਸ਼ਕਲਾਂ ਦਾ ਨਿਪਟਾਰਾ ਸਮੇਂ ਸਿਰ ਕਰਨਗੇ। ਇਸ ਤੋਂ ਪਹਿਲਾਂ ਉਨ੍ਹਾਂ ਨੂੰ ਪੁਲੀਸ ਟੁਕੜੀ ਵੱਲੋਂ ਗਾਰਡ ਆਫ ਆਨਰ ਦਿੱਤਾ ਗਿਆ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। -ਪੱਤਰ ਪ੍ਰੇਰਕ
ਕਾਲਜ ’ਚ ਹਿੰਦੀ ਦਿਵਸ ਮਨਾਇਆ
ਅੰਮ੍ਰਿਤਸਰ: ਬੀਬੀਕੇ ਡੀਏਵੀ ਕਾਲਜ ਫਾਰ ਵਿਮੈਨ ਨੇ ਹਿੰਦੀ ਦਿਵਸ ਬਹੁਤ ਉਤਸ਼ਾਹ ਨਾਲ ਮਨਾਇਆ। ਸਮਾਗਮ ਦੌਰਾਨ ਅਨੁਸ਼ਾਸਨ ਕਮੇਟੀ, ਵਿਦਿਆਰਥੀ ਪਰਿਸ਼ਦ ਅਤੇ ਐੱਨ ਐੱਸ ਐੱਸ ਵਾਲੰਟੀਅਰਾਂ ਦਾ ਸਨਮਾਨ ਕੀਤਾ ਗਿਆ ਅਤੇ ਬੈਜ਼ ਦਿੱਤੇ ਗਏ। ਪਦਮ ਸ੍ਰੀ ਡਾ. ਹਰਮੋਹਿੰਦਰ ਸਿੰਘ ਬੇਦੀ ਚਾਂਸਲਰ ਕੇਂਦਰੀ ਯੂਨੀਵਰਸਿਟੀ ਆਫ ਹਿਮਾਚਲ ਪ੍ਰਦੇਸ਼ ਇਸ ਸਮਾਗਮ ਦੇ ਮੁੱਖ ਮਹਿਮਾਨ ਸਨ। ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਮਾਤ ਭਾਸ਼ਾਵਾਂ ਦੀ ਮਹੱਤਵਪੂਰਨ ਭੂਮਿਕਾ ’ਤੇ ਚਾਨਣਾ ਪਾਇਆ। ਡਾ. ਹਰਮੋਹਿੰਦਰ ਸਿੰਘ ਬੇਦੀ ਨੇ ਕਿਹਾ ਕਿ ਹਿੰਦੀ ਦੁਨੀਆਂ ਵਿੱਚ ਸਭ ਤੋਂ ਵੱਧ ਬੋਲੀ ਜਾਣ ਵਾਲੀ ਭਾਸ਼ਾਵਾਂ ਵਿਚੋਂ ਇੱਕ ਹੋਣ ਦੇ ਨਾਤੇ ਵੱਖ-ਵੱਖ ਖੇਤਰਾਂ, ਸੱਭਿਆਚਾਰਾਂ ਅਤੇ ਭਾਈਚਾਰਿਆਂ ਦੇ ਲੱਖਾਂ ਲੋਕਾਂ ਨੂੰ ਇਕਜੁੱਟ ਕਰਦੀ ਹੈ। ਡਾ. ਅਨੀਤਾ ਨਰਿੰਦਰ ਮੁਖੀ ਹਿੰਦੀ ਵਿਭਾਗ ਨੇ ਸਮਾਗਮ ਦੀ ਕਾਰਵਾਈ ਸੰਚਾਲਿਤ ਕੀਤੀ। ਇਸ ਮੌਕੇ ਡਾ. ਸਿਮਰ ਡੀਨ ਅਕਾਦਮਿਕ, ਸ੍ਰੀਮਤੀ ਕਾਮਯਾਨੀ ਡੀਨ ਵਿਦਿਆਰਥੀ ਪਰਿਸ਼ਦ, ਜਸਪ੍ਰੀਤ ਬੇਦੀ ਆਦਿ ਮੌਜੂਦ ਸਨ। -ਖੇਤਰੀ ਪ੍ਰਤੀਨਿਧ

