ਅੱਜ ਤੜਕਸਾਰ ਬੱਸ ਸਟੈਂਡ ’ਤੇ ਸਥਿਤ ਕੁਝ ਵਿਅਕਤੀਆਂ ਨੂੰ ਜੇਸੀਬੀ ਮਸ਼ੀਨ ਲਿਆ ਕੇ ਐੱਮਕੇ ਟਰੈਵਲ ਏਜੰਸੀ ਦਾ ਦਫ਼ਤਰ ਢਹਿ ਢੇਰੀ ਕਰ ਦਿੱਤਾ। ਏਜੰਸੀ ਮਾਲਕ ਮਨਕੀਰਤ ਸਿੰਘ ਵਾਲੀਆ ਨੇ ਦੱਸਿਆ ਕਿ ਇਹ ਜਗ੍ਹਾ ਪਿਛਲੇ ਚਾਰ ਸਾਲਾ ਤੋਂ ਉਨ੍ਹਾਂ ਪਾਸ ਕਰੀਬ 50 ਹਜ਼ਾਰ ਰੁਪਏ ਕਿਰਾਏ ’ਤੇ ਸੀ ਜਦਕਿ ਉਨ੍ਹਾਂ ਕੋਲ 10 ਸਾਲ ਦਾ ਐਗਰੀਮੈਂਟ ਸੀ। ਇਸ ਸਬੰਧੀ ਉਨ੍ਹਾਂ ਅਦਾਲਤ ’ਚ ਕੇਸ ਦਰਜ ਕਰ ਦਿੱਤਾ ਸੀ ਤੇ ਉਨ੍ਹਾਂ ਕੋਲ ਕੋਰਟ ਦਾ ਸਟੇਅ ਹੈ ਤੇ ਐਕਸ ਪਾਰਟੀ ਕੇਸ ਹੋਇਆ ਹੈ।
ਅੱਜ ਤੜਕਸਾਰ ਕਰੀਬ ਇੱਕ ਦਰਜਨ ਤੋਂ ਵੱਧ ਲੋਕਾਂ ਨੇ ਜੇ.ਸੀ.ਬੀ. ਮਸ਼ੀਨਾ ਲਿਆ ਕੇ ਇਸ ਨੂੰ ਢਹਿ ਢੇਰੀ ਕਰ ਦਿੱਤਾ ਜਿਸ ’ਚ 8 ਲੱਖ ਰੁਪਏ ਦੀ ਨਕਦੀ, 12 ਕੰਪਿਊਟਰ, ਫ਼ਰਨੀਚਰ, ਨਵੀਂ ਐਕਟਿਵਾ ਸ਼ਾਮਿਲ ਸੀ। ਉਕਤ ਕਿਰਾਏਦਾਰ ਨੇ ਇਸ ਸਬੰਧ ’ਚ ਸਿਟੀ ਪੁਲੀਸ ਨੂੰ ਸ਼ਿਕਾਇਤ ਦਿੱਤੀ ਹੈ ਪਰ ਪੁਲੀਸ ਨੇ ਹਾਲੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਹੈ।
ਕਿਰਾਏਦਾਰ ਨੇ ਦੱਸਿਆ ਕਿ ਪੁਲੀਸ ਇਸ ਸਬੰਧ ’ਚ ਕੁਝ ਵੀ ਕਰਨਾ ਨਹੀਂ ਚਾਹੁੰਦੀ ਹੈ ਤੇ ਇਸ ਸਬੰਧ ’ਚ ਪਹਿਲਾ ਵੀ ਸਾਨੂੰ ਧਮਕੀਆਂ ਮਿਲ ਚੁੱਕੀਆਂ ਹਨ ਤੇ ਹੁਣ ਪੁਲੀਸ ਨੂੰ ਹੱਥਕੰਡਾ ਬਣਾ ਕੇ ਇਹ ਕੰਮ ਕੀਤਾ ਗਿਆ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਪੁਲੀਸ ਨੇ ਕੋਈ ਕਾਰਵਾਈ ਨਾ ਕੀਤੀ ਤਾਂ ਜਲਦ ਹੀ ਅਗਲਾ ਸੰਘਰਸ਼ ਉਲੀਕਿਆ ਜਾਵੇਗਾ। ਇਸ ਸਬੰਧੀ ਜਦੋਂ ਐੱਸ.ਪੀ. ਗੁਰਮੀਤ ਕੌਰ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਪੁਲੀਸ ਬਿਲਕੁਲ ਨਿਰਪੱਖਤਾ ਨਾਲ ਕਾਰਵਾਈ ਕਰ ਰਹੀ ਹੈ ਤੇ ਜੋ ਵੀ ਇਸ ’ਚ ਦੋਸ਼ੀ ਹੋਵੇਗਾ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।