ਜੇਠ ਦੇ ਤਾਅਨਿਆਂ ਤੋਂ ਤੰਗ ਭਰਜਾਈ ਨੇ ਫਾਹਾ ਲਿਆ
ਤਲਵਾੜਾ (ਪੱਤਰ ਪ੍ਰੇਰਕ): ਥਾਣਾ ਤਲਵਾੜਾ ਅਧੀਨ ਆਉਂਦੇ ਪਿੰਡ ਸਥਵਾਂ ਦੀ 43 ਸਾਲਾ ਔਰਤ ਨੇ ਜੇਠ ਦੇ ਤਾਹਣੇ ਮਿਹਣਿਆਂ ਤੋਂ ਤੰਗ ਹੋ ਕੇ ਫਾਹਾ ਲਾ ਲਿਆ। ਤਲਵਾੜਾ ਪੁਲੀਸ ਨੇ ਮ੍ਰਿਤਕਾ ਦੇ ਪਤੀ ਦੇ ਬਿਆਨਾਂ ’ਤੇ ਮਾਮਲਾ ਦਰਜ ਕੀਤਾ ਹੈ।
ਪੁਲੀਸ ਨੂੰ ਦਿੱਤੇ ਬਿਆਨਾਂ ਵਿੱਚ ਜਗਨ ਨਾਥ ਪੁੱਤਰ ਗੁੱਜਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਕੋਈ ਔਲਾਦ ਨਹੀ ਹੈ, ਜਿਸ ਕਾਰਨ ਪਤਨੀ ਗੁਰਮੇਲ ਕੌਰ ਅਕਸਰ ਪ੍ਰੇਸ਼ਾਨ ਰਹਿੰਦੀ ਸੀ। ਉਸ ਨੇ ਦੋਸ਼ ਲਾਇਆ ਕਿ ਉਸਦਾ ਵੱਡਾ ਭਰਾ ਬਖਸ਼ੀਸ਼ ਸਿੰਘ ਅਕਸਰ ਉਸਨੂੰ ਤਾਅਨੇ ਮਿਹਣੇ ਮਾਰਦਾ ਰਹਿੰਦਾ ਸੀ। ਬਖ਼ਸ਼ੀਸ਼ ਸਿੰਘ ਨੇ ਸਾਂਝੀ ਜ਼ਮੀਨ ਵਿੱਚੋਂ ਦਰੱਖਤ ਵੇਚੇ ਸਨ, ਜਿਸ ਦਾ ਹਿਸਾਬ ਕਿਤਾਬ ਮੰਗਣ ’ਤੇ ਬਖਸ਼ੀਸ਼ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਕਿਹੜੀ ਔਲਾਦ ਹੈ ਤੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ। ਇਸ ਉਪਰੰਤ ਉਹ ਕੰਮ ’ਤੇ ਚਲਾ ਗਿਆ ਤੇ ਜਦੋਂ ਸ਼ਾਮ ਵਾਪਸ ਆਇਆ ਤਾਂ ਘਰ ਦੇ ਦਰਵਾਜ਼ੇ ਦਾ ਕੁੰਡਾ ਲੱਗਿਆ ਹੋਇਆ ਸੀ ਤੇ ਦਰਵਾਜ਼ਾ ਖੋਲ੍ਹਣ ’ਤੇ ਅੰਦਰ ਗੁਰਮੇਲ ਕੌਰ ਦੀ ਲਾਸ਼ ਪੱਖੇ ਨਾਲ ਲਟਕ ਰਹੀ ਸੀ। ਤਲਵਾੜਾ ਪੁਲੀਸ ਨੇ ਜਗਨ ਨਾਥ ਦੇ ਬਿਆਨਾਂ ’ਤੇ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।