DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਖਣਨ ਮਾਫੀਆ ਮੂਹਰੇ ਸ਼ਾਹ ਨਹਿਰ ਪ੍ਰਸ਼ਾਸਨ ਬੇਵੱਸ

ਗੱਡੀਆਂ ਦੇ ਪੁਲ ਤੋਂ ਕਥਿਤ ਲਾਂਘੇ ਨੂੰ ਰੋਕਣ ਲਈ ਲਗਾਇਆ ਬੈਰੀਕੇਡ ਜ਼ਬਰੀ ਹਟਾਇਆ
  • fb
  • twitter
  • whatsapp
  • whatsapp
featured-img featured-img
ਖਣਨ ਮਾਫੀਆ ਵੱਲੋਂ ਉਖਾੜਿਆ ਗਿਆ ਬੈਰੀਕੇਡ।
Advertisement
ਦੀਪਕ ਠਾਕੁਰ

ਤਲਵਾੜਾ, 8 ਜੂਨ

Advertisement

ਖ਼ੇਤਰ ’ਚ ਕਰੱਸ਼ਰ ਅਤੇ ਖਣਨ ਮਾਫੀਆ ਬੇਖੌਫ਼ ਚੱਲ ਰਿਹਾ ਹੈ। ਖਣਨ ਮਾਫੀਆ ਨੂੰ ਸਥਾਨਕ ਪ੍ਰਸ਼ਾਸਨ ਦਾ ਕੋਈ ਵੀ ਡਰ ਨਹੀਂ ਜਾਪਦਾ। ਲੰਘੇ ਕੱਲ੍ਹ ਸ਼ਾਹ ਨਹਿਰ ਪ੍ਰਸ਼ਾਸਨ ਨੇ ਬੈਰਾਜ ਤੋਂ ਨਿਕਲਦੀ ਮੁਕੇਰੀਆਂ ਹਾਈਡਲ ਨਹਿਰ ’ਤੇ ਬਣੇ ਪੁੱਲ ਤੋਂ ਰਾਤ ਦੇ ਵਕਤ ਮਾਈਨਿੰਗ ਸਮੱਗਰੀ ਲੈ ਕੇ ਲੰਘਦੀਆਂ ਗੱਡੀਆਂ ਨੂੰ ਰੋਕਣ ਲਈ ਬੈਰੀਕੇਡ ਲਗਾਇਆ ਸੀ। ਜਿਸਨੂੰ ਰਾਤ ਦੇ ਹਨ੍ਹੇਰੇ ’ਚ ਖਣਨ ਮਾਫੀਆ ਨੇ ਉਖਾੜ ਕੇ ਸੁੱਟ ਦਿੱਤਾ ਹੈ। ਇਸ ਸਬੰਧ ’ਚ ਸ਼ਾਹ ਨਹਿਰ ਦੇ ਐਸਡੀਓ ਅਮਰਦੀਪ ਸਿੰਘ ਨੇ ਦਸਿਆ ਕਿ ਪੁੱਲ ਤੋਂ ਭਾਰੀ ਗੱਡੀਆਂ ਦੀ ਆਵਾਜਾਈ ਬੰਦ ਹੈ। ਇਸ ਸਬੰਧੀ ਪ੍ਰਸ਼ਾਸਨ ਨੇ ਬਕਾਇਦਾ ਬੋਰਡ ਲਗਾਇਆ ਹੋਇਆ ਹੈ। ਬਾਵਜੂਦ ਰਾਤ ਦੇ ਹਨ੍ਹੇਰੇ ’ਚ ਕਰੱਸ਼ਰ ਕਾਰੋਬਾਰੀ ਅਤੇ ਖਣਨ ਮਾਫੀਆ ਜ਼ਬਰੀ ਭਾਰੀ ਭਰਕਮ ਗੱਡੀਆਂ ਲੰਘਾਉਂਦਾ ਹੈ। ਜਿਸ ਸਬੰਧੀ ਬੀਤੇ ਕੱਲ੍ਹ ਮਹਿਕਮੇ ਨੇ ਪੁੱਲ ’ਤੇ ਬੈਰੀਕੇਡ ਲਗਾ ਕੇ ਭਾਰੀ ਆਵਾਜਾਈ ਰੋਕ ਦਿੱਤੀ ਸੀ। ਪਰ ਰਾਤ ਨੂੰ ਉਕਤ ਬੈਰੀਕੇਡ ਪੁੱਟ ਕੇ ਕਿੱਧਰੇ ਸੁੱਟ ਦਿੱਤਾ ਗਿਆ ਹੈ। ਉਨ੍ਹਾਂ ਦਸਿਆ ਕਿ ਪੁੱਲ ਦੇ ਖਸਤਾਹਾਲ ਹੋਣ ਅਤੇ ਟਿਪੱਰਾਂ ਦੇ ਕਥਿਤ ਲਾਂਘੇ ਦੇ ਖਿਲਾਫ਼ ਮਾਈਨਿੰਗ ਵਿਭਾਗ, ਸਥਾਨਕ ਪੁਲੀਸ ਅਤੇ ਸਿਵਲ ਪ੍ਰਸ਼ਾਸਨ ਨੂੰ ਪੱਤਰ ਲਿਖੇ ਗਏ ਸਨ। ਪਰ ਅਜੇ ਕੋਈ ਕਾਰਵਾਈ ਨਹੀਂ ਕੀਤੀ ਗਈ। ਜਦੋਂ ਪ੍ਰਸ਼ਾਸਨ ਨੇ ਆਪਣੀ ਤੌਰਤੇ ਗੱਡੀਆਂ ’ਤੇ ਰੋਕ ਲਾਉਣ ਦੀ ਕੋਸ਼ਿਸ਼ ਕੀਤੀ ਤਾਂ ਖਣਨ ਮਾਫੀਆ ਨੇ ਬੈਰੀਕੇਡ ਹੀ ਤੋੜ ਦਿੱਤੇ ਹਨ। ਉਨ੍ਹਾਂ ਸੋਮਵਾਰ ਨੂੰ ਇਸ ਸਬੰਧੀ ਸਥਾਨਕ ਪੁਲੀਸ ਕੋਲ਼ ਮਾਮਲਾ ਦਰਜ ਕਰਵਾਉਣ ਦੀ ਗੱਲ ਕਹੀ।

ਸ਼ਾਹ ਨਹਿਰ ਪ੍ਰਸ਼ਾਸਨ ਵੱਲੋਂ ਪੁਲ ’ਤੇ ਲਗਾਇਆ ਬੈਰੀਕੇਡ।

ਪ੍ਰਤੱਖਦਰਸ਼ੀਆਂ ਅਨੁਸਾਰ ਸ਼ਾਹ ਨਹਿਰ ਬੈਰਾਜ ਹੇਠਾਂ ਸਥਿਤ ਸਟੋਨ ਕਰੱਸ਼ਰ ਜੋ ਕਿ ਕਾਗਜ਼ਾਂ ਵਿਚ ਬੰਦ ਪਿਆ ਹੋਇਆ ਹੈ। ਉਸਨੂੰ ਸੱਤਾਧਾਰੀ ਧਿਰ ਨਾਲ ਸਬੰਧਤ ਰਸੂਖਦਾਰ ਵਿਅਕਤੀਆਂ ਵੱਲੋਂ ਚਲਾਇਆ ਜਾ ਰਿਹਾ ਹੈ। ਰਾਤ ਵਕਤ ਇਸੇ ਕਰੱਸ਼ਰ ਤੋਂ ਓਵਰ ਲੋਡ ਗੱਡੀਆਂ ਸਥਾਨਕ ਪ੍ਰਸ਼ਾਸਨ ਦੀ ਮਿਲੀਭੁਗਤ ਨਾਲ ਪੁਲ ਰਸਤਿਓਂ ਲੰਘਾਈਆਂ ਜਾਂਦੀਆਂ ਹਨ।

ਸੰਘਰਸ਼ ਕਮੇਟੀ ਨੇ ਸਰਕਾਰ ਦੀ ਕਾਰਗੁਜ਼ਾਰੀ ’ਤੇ ਸਵਾਲ ਉਠਾਏ

ਖਣਨ ਰੋਕੋ ਜ਼ਮੀਨ ਬਚਾਓ ਸੰਘਰਸ਼ ਕਮੇਟੀ, ਤਲਵਾੜਾ ਦੇ ਪ੍ਰਧਾਨ ਕੈਪਟਨ ਰਾਜੇਸ਼ ਕੁਮਾਰ ਭੋਲ ਬਦਮਾਣੀਆਂ, ਸਕੱਤਰ ਮਨੋਜ ਪਲਾਹੜ, ਖਜਾਨਚੀ ਅਸ਼ੋਕ ਜਲੇਰੀਆ ਤੇ ਕੈਪਟਨ ਜੋਗਿੰਦਰ ਸਿੰਘ ਮੰਗੂ ਮੈਰ੍ਹਾ ਨੇ ਦਸਿਆ ਕਿ ਮਾਈਨਿੰਗ ਅਤੇ ਜਿਆਲੋਜੀਕਲ ਵਿਭਾਗ,ਪੰਜਾਬ ਮੁਤਾਬਕ ਤਲਵਾੜਾ ਖ਼ੇਤਰ ’ਚ ਚੱਲਦੇ ਸਮੂਹ ਕਰੱਸ਼ਰਾਂ ਨੂੰ ਜੰਗਲਾਤ ਵਿਭਾਗ ਤੋਂ ਮਨਜ਼ੂਰੀ ਨਹੀਂ ਮਿਲੀ ਹੋਣ ਕਾਰਨ ਨਾਜਾਇਜ਼ ਹਨ। ਸ਼ਾਹ ਨਹਿਰ ਬੈਰਾਜ ਹੇਠਾਂ ਚੱਲਦੇ ਸਟੋਨ ਕਰੱਸ਼ਰ ਨੂੰ ਵਿਭਾਗ ਨੇ ਮਿਤੀ 2 ਨਵੰਬਰ 2024 ਨੂੰ ਡਿਸਮੈਂਟਲ ਕਰਨ ਦੇ ਹੁਕਮ ਜਾਰੀ ਕੀਤੇ ਹੋਏ ਹਨ।

ਮਾਈਨਿੰਗ ਅਧਿਕਾਰੀ ਦਾ ਪੱਖ

ਮਾਈਨਿੰਗ ਅਧਿਕਾਰੀ ਸੰਦੀਪ ਸ਼ਰਮਾ ਨੇ ਕਿਹਾ ਕਿ ਸ਼ਾਹ ਨਹਿਰ ਬੈਰਾਜ ਦਾ ਖ਼ੇਤਰ ਐਸਡੀਓ ਮਾਈਨਿੰਗ ਵਿਪਨ ਕੁਮਾਰ ਕੋਲ਼ ਹੈ। ਐਸਡੀਓ ਵਿਪਨ ਕੁਮਾਰ ਨੇ ਦਸਿਆ ਕਿ ਇਹ ਖ਼ੇਤਰ ਉਨ੍ਹਾਂ ਦੇ ਅਧਿਕਾਰੀ ਖ਼ੇਤਰ ’ਚ ਨਹੀਂ ਆਉਂਦਾ।

Advertisement
×