ਸੀਚੇਵਾਲ ਵੱਲੋਂ 25 ਪਿੰਡਾਂ ਨੂੰ ਪਾਣੀ ਵਾਲੀਆਂ ਟੈਂਕੀਆਂ ਭੇਟ
ਰਾਜ ਸਭਾ ਮੈਂਬਰ ਤੇ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਪੂਰਥਲਾ ਅਤੇ ਜਲੰਧਰ ਜ਼ਿਲ੍ਹਿਆਂ ਦੇ 25 ਪਿੰਡਾਂ ਨੂੰ ਦੀਵਾਲੀ ਦੇ ਤੋਹਫ਼ੇ ਵਜੋਂ ਸਟੀਲ ਦੀਆਂ ਪਾਣੀ ਵਾਲੀਆਂ ਟੈਂਕੀਆਂ ਸੌਂਪੀਆਂ। ਇਹ ਟੈਂਕੀਆਂ ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਤੇ ਸੀਚੇਵਾਲ ਤੋਂ ਰਵਾਨਾ ਕੀਤੀਆਂ...
ਰਾਜ ਸਭਾ ਮੈਂਬਰ ਤੇ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਪੂਰਥਲਾ ਅਤੇ ਜਲੰਧਰ ਜ਼ਿਲ੍ਹਿਆਂ ਦੇ 25 ਪਿੰਡਾਂ ਨੂੰ ਦੀਵਾਲੀ ਦੇ ਤੋਹਫ਼ੇ ਵਜੋਂ ਸਟੀਲ ਦੀਆਂ ਪਾਣੀ ਵਾਲੀਆਂ ਟੈਂਕੀਆਂ ਸੌਂਪੀਆਂ। ਇਹ ਟੈਂਕੀਆਂ ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਤੇ ਸੀਚੇਵਾਲ ਤੋਂ ਰਵਾਨਾ ਕੀਤੀਆਂ ਗਈਆਂ। ਸੰਤ ਸੀਚੇਵਾਲ ਨੇ ਦੱਸਿਆ ਕਿ ਪਵਿੱਤਰ ਕਾਲੀ ਵੇਈਂ ਦੀ ਸਫ਼ਾਈ ਸੇਵਾ ਦੇ 25 ਸਾਲ ਪੂਰੇ ਹੋਣ ’ਤੇ ਸਾਲ ਭਰ ਸਮਾਗਮ ਚੱਲਣਗੇ। ਇਸੇ ਸਿਲਸਿਲੇ ਵਿੱਚ ਇਹ ਟੈਂਕੀਆਂ ਪਿੰਡਾਂ ਨੂੰ ਦਿੱਤੀਆਂ ਗਈਆਂ ਹਨ। ਉਨ੍ਹਾਂ ਹੁਣ ਤੱਕ ਆਪਣੇ ਅਖਤਿਆਰੀ ਫੰਡ ਵਿੱਚੋਂ 7.5 ਕਰੋੜ ਦੀ ਗ੍ਰਾਂਟ ਨਾਲ 215 ਪਾਣੀ ਵਾਲੀਆਂ ਟੈਂਕੀਆਂ ਵੰਡੀਆਂ ਹਨ। ਸੰਤ ਸੀਚੇਵਾਲ ਨੇ ਪਿੰਡਾਂ ਦੇ ਵਾਸੀਆਂ ਨੂੰ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਵਧਾਈਆਂ ਦਿੰਦਿਆਂ ਹਰੀ ਦੀਵਾਲੀ ਮਨਾਉਣ ਦਾ ਸੱਦਾ ਦਿੱਤਾ। ਉਹਨਾਂ ਦੱਸਿਆ ਕਿ ਜਲਦੀ ਹੀ ਹੋਰ 50 ਟੈਂਕੀਆਂ ਵੀ ਪਿੰਡਾਂ ਨੂੰ ਦਿੱਤੀਆਂ ਜਾਣਗੀਆਂ, ਜਿਸ ਵਿੱਚ ਦਲਿਤ ਭਾਈਚਾਰੇ ਅਤੇ ਹੜ੍ਹ ਪ੍ਰਭਾਵਿਤ ਪਿੰਡਾਂ ਨੂੰ ਤਰਜੀਹ ਦਿੱਤੀ ਜਾਵੇਗੀ। ਇਸ ਮੌਕੇ ਸੁਰਜੀਤ ਸਿੰਘ ਸ਼ੰਟੀ, ਵਾਈਸ ਚੇਅਰਮੈਨ ਹਰਜਿੰਦਰ ਸਿੰਘ, ਪੰਚਾਇਤ ਸੈਕਟਰੀ ਜਸਵਿੰਦਰ ਸਿੰਘ ਤੇ ਇਲਾਕੇ ਦੇ ਕਈ ਪੰਚ-ਸਰਪੰਚ ਅਤੇ ਪ੍ਰਮੁੱਖ ਸ਼ਖਸੀਅਤਾਂ ਮੌਜੂਦ ਸਨ। ਇਸ ਦੌਰਾਨ ਪੰਚ-ਸਰਪੰਚਾਂ ਨੇ ਮਜ਼ਾਕੀਆਂ ਅੰਦਾਜ਼ ਵਿੱਚ ਕਿਹਾ ਕਿ ਜਿੱਥੇ ਸਿਆਸੀ ਨੇਤਾਵਾਂ ਨੇ ਕਦੇ ਸਟੀਲ ਦਾ ਗਲਾਸ ਵੀ ਨਹੀਂ ਦਿੱਤਾ, ਉੱਥੇ ਸੰਤ ਸੀਚੇਵਾਲ ਨੇ ਬਿਨਾਂ ਮੰਗੇ ਹੀ 3000 ਤੋਂ 5000 ਲਿਟਰ ਸਮਰੱਥਾ ਵਾਲੀਆਂ ਸਟੀਲ ਦੀਆਂ ਟੈਂਕੀਆਂ ਪਿੰਡਾਂ ਨੂੰ ਭੇਟ ਕੀਤੀਆਂ ਹਨ।