ਨੇੜਲੇ ਪਿੰਡ ਪਲਾਕੀ ਦੇ ਬੀਤੇ ਦਿਨ ਲਾਪਤਾ ਹੋਏ ਵਿਆਕਤੀ ਦੀ ਭਾਲ ਵਿੱਚ ਅੱਜ ਪੀਏਪੀ ਤੋਂ ਆਈ ਗੋਤਾਖੋਰਾਂ ਦੀ ਟੀਮ ਨੇ ਬਿਆਸ ਦਰਿਆ ਵਿੱਚ ਭਾਲ ਕੀਤੀ ਪਰ ਹਾਲੇ ਤੱਕ ਪੁਲੀਸ ਦੇ ਹੱਥ ਪੱਲੇ ਕੁਝ ਨਹੀਂ ਪਿਆ। ਦੱਸਣਯੋਗ ਹੈ ਕਿ ਪੁਲੀਸ ਨੂੰ ਪਿੰਡ ਕਲੋਤਾ ਕੋਲੋਂ ਬਿਆਸ ਦਰਿਆ ਦੇ ਕਿਨਾਰਿਓਂ ਲਾਪਤਾ ਜਨਕ ਸਿੰਘ ਦੇ ਕੱਪੜੇ ਮਿਲੇ ਸਨ। ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਲਾਪਤਾ ਜਨਕ ਸਿੰਘ ਦੇ ਪੁੱਤਰ ਬਲਵਿੰਦਰ ਸਿੰਘ ਨੇ ਦੱਸਿਆ ਸੀ ਕਿ ਉਸ ਦੇ ਪਿਤਾ ਨੂੰ ਪਿੰਡ ਸਦੁੱਲਪੁਰ ਕਲੋਤਾ ਦਾ ਗੋਗੀ ਬੀਤੀ 18 ਅਗਸਤ ਨੂੰ ਸਵੇਰੇ ਆਪਣੇ ਨਾਲ ਮੋਟਰਸਾਈਕਲ ’ਤੇ ਲੈ ਗਿਆ ਸੀ। ਉਸ ਤੋਂ ਬਾਅਦ ਉਸ ਦੇ ਪਿਤਾ ਦਾ ਕੋਈ ਪਤਾ ਨਹੀਂ ਲੱਗਾ ਹੈ।
ਪੁਲੀਸ ਵੱਲੋਂ ਬਲਵਿੰਦਰ ਸਿੰਘ ਦੀ ਸ਼ਿਕਾਇਤ ’ਤੇ ਗੋਗੀ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕੀਤੀ ਗਈ ਸੀ। ਹੁਣ ਉਸ ਨੂੰ ਨਾਲ ਲੈ ਕੇ ਨੇੜਲੇ ਖੇਤਰ ਵਿੱਚ ਭਾਲ ਕੀਤੀ ਗਈ। ਭੰਗਾਲਾ ਚੌਕੀ ਦੇ ਇੰਚਾਰਜ ਐੱਸਆਈ ਪ੍ਰਿੰਸਪਾਲ ਸਿੰਘ ਨੇ ਕਿਹਾ ਕਿ ਲਾਪਤਾ ਵਿਅਕਤੀ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਸ਼ੱਕੀ ਕੋਲੋਂ ਵੀ ਪੁੱਛਗਿੱਛ ਕੀਤੀ ਗਈ ਹੈ। ਪੁਲੀਸ ਅਧਿਕਾਰੀ ਨੇ ਕਿਹਾ ਕਿ ਜਾਂਚ ਜਾਰੀ ਹੈ ਅਤੇ ਜਲਦ ਹੀ ਇਸ ਮਾਮਲੇ ਨੂੰ ਸੁਲਝਾ ਲਿਆ ਜਾਵੇਗਾ।