ਕਪੂਰਥਲਾ ਤੇ ਸੁਲਤਾਨਪੁਰ ਲੋਧੀ ਦੇ ਐੱਸਡੀਐੱਮ ਨੇ ਜ਼ਿਲ੍ਹੇ ਵਿਚਲੇ ਮੰਡ ਦੇ ਖੇਤਰਾਂ ਦਾ ਦੌਰਾ ਕਰਕੇ ਸਥਿਤੀ ਦਾ ਜਾਇਜ਼ਾ ਲਿਆ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਐੱਸਡੀਐੱਮਜ਼ ਨੂੰ ਮੌਨਸੂਨ ਸੀਜ਼ਨ ਦੌਰਾਨ ਲਗਾਤਾਰ ਸੰਭਾਵੀ ਤੌਰ ’ਤੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰਕੇ ਲੋਕਾਂ ਨਾਲ ਰਾਬਤਾ ਰੱਖਣ ਦੇ ਹੁਕਮ ਦਿੱਤੇ ਗਏ ਹਨ ਤਾਂ ਜੋ ਹਾਲਾਤ ਉੱਪਰ ਲਗਾਤਾਰ ਨਿਗਰਾਨੀ ਰੱਖੀ ਜਾ ਸਕੇ। ਇਸ ਤੋਂ ਇਲਾਵਾ ਡੈਮਾਂ ਤੋਂ ਛੱਡੇ ਜਾਣ ਵਾਲੇ ਪਾਣੀ ਦੀ ਸੂਚਨਾ ਲਈ ਜਿੱਥੇ ਡਰੇਨਜ਼ ਵਿਭਾਗ ਦੇ ਅਧਿਕਾਰੀਆਂ ਦੀ ਡਿਊਟੀ ਲਗਾਈ ਗਈ ਹੈ, ਉੱਥੇ ਹੀ ਜ਼ਿਲ੍ਹਾ ਪੱਧਰੀ ਕੰਟਰੋਲ ਰੂਮ 01822-231990 ਸਥਾਪਤ ਕੀਤਾ ਗਿਆ ਹੈ ਤਾਂ ਜੋ ਲੋੜ ਅਨੁਸਾਰ ਲੋਕ ਸਿੱਧਾ ਸੰਪਰਕ ਕਰ ਸਕਣ। ਅੱਜ ਐਸ ਡੀ ਐਮਜ ਵੱਲੋਂ ਜ਼ਿਲ੍ਹੇ ’ਚ ਪੈਂਦੇ ਧੁੱਸੀ ਬੰਨ੍ਹ ਤੇ ਉਸਦੇ ਅੰਦਰ ਲੱਗੇ ਆਰਜ਼ੀ ਬੰਨ੍ਹਾਂ ਦਾ ਦੌਰਾ ਕਰਨ ਦੇ ਨਾਲ- ਨਾਲ ਸੰਭਾਵੀ ਹੜ੍ਹ ਪ੍ਰਭਾਵਿਤ ਖੇਤਰਾਂ ਵਿਖੇ ਹੜ੍ਹ ਰੋਕੂ ਪ੍ਰਬੰਧਾਂ ਦੀ ਜਾਂਚ ਕੀਤੀ। ਭੁਲੱਥ ਦੇ ਐਸ ਡੀ ਐਮ ਡੈਵੀ ਗੋਇਲ ਵੱਲੋਂ ਮੰਡ ਕੂਕਾ ਤੇ ਬਰਿਆਰ ਪਿੰਡਾਂ ਦਾ ਦੌਰਾ ਕਰਕੇ ਲੋਕਾਂ ਤੇ ਵਿਸ਼ੇਸ਼ ਕਰਕੇ ਕਿਸਾਨਾਂ ਨਾਲ ਗੱਲਬਾਤ ਕਰਕੇ ਮੌਕੇ ਦਾ ਜਾਇਜ਼ਾ ਲਿਆ ਗਿਆ। ਇਸ ਤੋਂ ਇਲਾਵਾ ਸੁਲਤਾਨਪੁਰ ਲੋਧੀ ਦੇ ਐਸ ਡੀ ਐਮ ਸ੍ਰੀਮਤੀ ਅਲਕਾ ਕਾਲੀਆ ਨੇ ਮੰਡ ਖੇਤਰ ’ਚ ਪੈਂਦੇ ਪਿੰਡ ਬਾਊਪੁਰ ਜਦੀਦ ਵਿਖੇ ਜਾ ਕੇ ਜਿੱਥੇ ਕਿਸਾਨਾਂ ਨਾਲ ਗੱਲਬਾਤ ਕਰਕੇ ਫ਼ਸਲਾਂ ਦੀ ਸਥਿਤੀ ਦਾ ਜਾਇਜਾ ਲਿਆ ਤੇ ਉੱਥੇ ਹੀ ਹੜ੍ਹ ਰੋਕੂ ਪ੍ਰਬੰਧਾਂ ਦਾ ਜਾਇਜ਼ਾ ਲਿਆ।
ਕਪੂਰਥਲਾ ਦੇ ਐਸਡੀਐਮ ਮੇਜਰ ਇਰਵਿਨ ਕੌਰ ਵੱਲੋਂ ਚੱਕੋਕੀ ਵਿਖੇ ਜਾ ਕੇ ਸੰਭਾਵੀ ਤੌਰ ’ਤੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਜਾਇਜ਼ਾ ਲਿਆ ਗਿਆ ਤੇ ਦੱਸਿਆ ਕਿ ਸਥਿਤੀ ਬਿਲਕੁਲ ਕਾਬੂ ਹੇਠ ਹੈ।
ਰਣਜੀਤ ਸਾਗਰ ਤੇ ਸ਼ਾਹਪੁਰਕੰਢੀ ਡੈਮ ਦੀ ਸੁਰੱਖਿਆ ਦੀ ਕਮਾਨ ਕਰਨਲ ਸ਼ਮਸ਼ੇਰ ਸਿੰਘ ਨੂੰ ਸੌਂਪੀ
ਪਠਾਨਕੋਟ (ਐੱਨਪੀ ਧਵਨ): ਰਣਜੀਤ ਸਾਗਰ ਡੈਮ ਅਤੇ ਸ਼ਾਹਪੁਰਕੰਢੀ ਡੈਮ ਦੀ ਸੁਰੱਖਿਆ ਵਿੱਚ ਲੱਗੀ ਪੈਸਕੋ ਸੁਰੱਖਿਆ ਨੂੰ ਹੁਣ ਨਵੀਂ ਲੀਡਰਸ਼ਿਪ ਮਿਲ ਗਈ ਹੈ। ਕਰਨਲ (ਸੇਵਾਮੁਕਤ) ਸ਼ਮਸ਼ੇਰ ਸਿੰਘ ਨੇ ਮੁੱਖ ਸੁਰੱਖਿਆ ਅਧਿਕਾਰੀ (ਸੀਐਸਓ) ਦਾ ਅਹੁਦਾ ਸੰਭਾਲ ਲਿਆ ਹੈ। ਚਾਰਜ ਸੰਭਾਲਣ ਉਪਰੰਤ ਕਰਨਲ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਉਨ੍ਹਾਂ 33 ਸਾਲ ਭਾਰਤੀ ਫੌਜ ਵਿੱਚ ਸੇਵਾ ਨਿਭਾਈ ਹੈ। ਇਸ ਦੌਰਾਨ ਉਨ੍ਹਾਂ ਨੇ ਸੰਯੁਕਤ ਰਾਸ਼ਟਰ ਮਿਸ਼ਨ, ਕਸ਼ਮੀਰ, ਸਿਆਚਿਨ ਗਲੇਸ਼ੀਅਰ ਅਤੇ ਮਾਊਂਟੇਨ ਇੰਸਟੀਚਿਊਟ ਵਰਗੇ ਬਹੁਤ ਹੀ ਸੰਵੇਦਨਸ਼ੀਲ ਖੇਤਰਾਂ ਵਿੱਚ ਕਮਾਂਡੈਂਟ ਵਜੋਂ ਸੇਵਾ ਨਿਭਾਈ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਉਨ੍ਹਾਂ ਦੀ ਤਰਜੀਹ ਪੂਰੀ ਇਮਾਨਦਾਰੀ ਨਾਲ ਦੋਨੋਂ ਡੈਮਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਹੈ। ਇੱਥੇ ਪੈਸਕੋ ਸੁਰੱਖਿਆ ਦੇ ਸੈਨਿਕਾਂ ਤੇ ਅਧਿਕਾਰੀਆਂ ਦੇ ਰਹਿਣ ਅਤੇ ਖਾਣ-ਪੀਣ ਲਈ ਢੁੱਕਵੇਂ ਪ੍ਰਬੰਧ ਕੀਤੇ ਜਾਣਗੇ।