ਬਰਸਾਤੀ ਮੌਸਮ ਤੇ ਦਰਿਆ ਸਤਲੁਜ ਵਿੱਚ ਵਧੇ ਪਾਣੀ ਦੇ ਪੱਧਰ ਦੇ ਮੱਦੇਨਜ਼ਰ ਐੱਸਡੀਐੱਮ ਕ੍ਰਿਤਿਕਾ ਗੋਇਲ ਨੇ ਅੱਜ ਪਿੰਡ ਬੇਲਾ ਤਾਜੋਵਾਲ ਅਤੇ ਔਲੀਆਪੁਰ ਵਿੱਚ ਧੁੱਸੀ ਬੰਨ੍ਹ ਦਾ ਦੌਰਾ ਕਰ ਕੇ ਸਥਿਤੀ ਦਾ ਜਾਇਜ਼ਾ ਲੈਂਦਿਆਂ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਲੋੜੀਂਦੇ ਨਿਰਦੇਸ਼ ਦਿੱਤੇ।
ਐੱਸਡੀਐੱਮ ਕ੍ਰਿਤਿਕਾ ਗੋਇਲ ਨੇ ਮੌਕੇ ’ਤੇ ਪਾਣੀ ਦੇ ਵਹਾਅ ਬਾਰੇ ਡਰੇਨੇਜ਼ ਵਿਭਾਗ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਦਿਆਂ ਹਰ ਤਰ੍ਹਾਂ ਦੇ ਪੁਖਤਾ ਇੰਤਜ਼ਾਮ ਕਰਨ ਦੀ ਹਦਾਇਤ ਕੀਤੀ। ਅਧਿਕਾਰੀਆਂ ਨੇ ਦੱਸਿਆ ਕਿ ਫਿਲਹਾਲ ਸਤਲੁਜ ਦਰਿਆ ਵਿੱਚ ਪਾਣੀ ਦਾ ਵਹਾਅ ਸਹੀ ਹੈ ਅਤੇ ਇਲਾਕੇ ਵਿੱਚ ਧੁੱਸੀ ਬੰਨ੍ਹ ਨੂੰ ਕੋਈ ਨਕੁਸਾਨ ਨਹੀਂ ਹੈ। ਮੌਕੇ ’ਤੇ ਮੌਜੂਦ ਲਾਗਲੇ ਪਿੰਡਾਂ ਦੇ ਮੋਹਤਬਰਾਂ ਨੇ ਵੀ ਐੱਸਡੀਐੱਮ ਨਾਲ ਗੱਲਬਾਤ ਕਰਦਿਆਂ ਬੰਨ੍ਹ ਦੀ ਸਥਿਤੀ ਸਹੀ ਹੋਣ ਬਾਰੇ ਤਸੱਲੀ ਦਾ ਪ੍ਰਗਟਾਵਾ ਕੀਤਾ। ਕ੍ਰਿਤਿਕਾ ਗੋਇਲ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹੜ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਢੁੱਕਵੇਂ ਇੰਤਜ਼ਾਮ ਰੱਖੇ ਗਏ ਹਨ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਹੰਗਾਮੀ ਹਾਲਤ ਨਾਲ ਨਜਿੱਠਿਆ ਜਾ ਸਕੇ। ਇਸ ਮੌਕੇ ਤਹਿਸੀਲਦਾਰ ਸੁਖਬੀਰ ਕੌਰ, ਐਸ.ਡੀ.ਓ. ਹਰਜਿੰਦਰ ਸਿੰਘ, ਜੂਨੀਅਰ ਇੰਜੀਨੀਅਰ ਹਰਕਮਲ ਅਤੇ ਲਭਪ੍ਰੀਤ, ਬੇਲਾ ਤਾਜੋਵਾਲ ਦੇ ਸਰਪੰਚ ਕੁਲਦੀਪ ਕੌਰ, ਸਤਨਾਮ ਸਿੰਘ, ਨਰਿੰਦਰ ਸਿੰਘ, ਸੰਤੋਖ ਸਿੰਘ, ਦੇਸਰਾਜ ਅਤੇ ਪ੍ਰੇਮ ਚੰਦ ਆਦਿ ਹਾਜ਼ਰ ਸਨ।