ਬਲਾਚੌਰ-ਰੂਪਨਗਰ ਕੌਮੀ ਮਾਰਗ ’ਤੇ ਪੈਂਦੇ ਪਿੰਡ ਟੌਂਸਾ ਅੱਡੇ ਕੋਲ ਆਵਾਰਾ ਪਸ਼ੂ ਵਿੱਚ ਵੱਜਣ ਕਾਰਨ ਸਕੂਟਰੀ ਸਵਾਰ ਦੀ ਮੌਤ ਹੋ ਗਈ। ਇਸ ਸਬੰਧੀ ਐੱਸਐੱਸਐੱਫ ਟੀਮ ਦੇ ਇੰਚਾਰਜ ਏਐਸਆਈ ਕੁਲਵੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਕੰਟਰੋਲ ਰੂਮ ਤੋਂ ਸੂਚਨਾ ਮਿਲੀ ਸੀ ਕਿ ਟੌਸਾਂ ਕੋਲ ਹਾਦਸਾ ਹੋ ਗਿਆ ਹੈ ਜਿਸ ਤੋਂ ਬਾਅਦ ਉਹ ਤੁਰੰਤ ਘਟਨਾ ਸਥਾਨ ’ਤੇ ਪਹੁੰਚੇ। ਪਤਾ ਲੱਗਿਆ ਕਿ ਤੂਫਾਨੀ ਕੁਮਾਰ ਵਾਸੀ ਚੰਡੋਲੀ ਯੂਪੀ ਹਾਲ ਵਾਸੀ ਪਿੰਡ ਬਨਾਂ (ਟੌਸਾਂ) ਸਕੂਟਰੀ ’ਤੇ ਰੂਪਨਗਰ ਤੋਂ ਨਿੱਜੀ ਕੰਮ ਕਰਕੇ ਆਪਣੇ ਘਰ ਪਿੰਡ ਬਨਾਂ ਜਾ ਰਿਹਾ ਸੀ ਅਤੇ ਜਦੋਂ ਉਹ ਟੌਂਸਾ ਅੱਡੇ ਨੇੜੇ ਪਹੁੰਚਿਆ ਤਾਂ ਉਸ ਦੀ ਸਕੂਟਰੀ ਅੱਗੇ ਬੇਸਹਾਰਾ ਪਸ਼ੂ ਆ ਗਿਆ ਜਿਸ ਵਿੱਚ ਉਸ ਦੀ ਸਕੂਟਰੀ ਟਕਰਾ ਗਈ ਤੇ ਉਹ ਗੰਭੀਰ ਜ਼ਖ਼ਮੀ ਹੋ ਗਿਆ। ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਰੂਪਨਗਰ ਪਹੁੰਚਾਇਆ ਗਿਆ ਪ੍ਰੰਤੂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਐੱਸਐੱਸਐੱਫ ਟੀਮ ਨੇ ਹਾਦਸੇ ਸਬੰਧੀ ਥਾਣਾ ਕਾਠਗੜ੍ਹ ਅਤੇ ਕੰਟਰੋਲ ਰੂਮ ਨਵਾਂਸ਼ਹਿਰ ਨੂੰ ਸੂਚਿਤ ਕਰ ਦਿੱਤਾ ਹੈ।