ਵਾਤਾਵਰਨ ਸੰਭਾਲ ਮੁਹਿੰਮ ਤਹਿਤ ਬੂਟੇ ਲਾਏ
ਸ੍ਰੀ ਗੋਇੰਦਵਾਲ ਸਾਹਿਬ: ਵਾਤਾਵਰਨ ਸੰਭਾਲ ਮੁਹਿੰਮ ਤਹਿਤ ਅੱਜ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਧਰਦੇਉ ਵਿੱਚ ਸਮੂਹ ਪੰਚਾਇਤ ਅਤੇ ਨਗਰ ਵਾਸੀਆਂ ਵੱਲੋਂ ਪੰਚਾਇਤੀ ਜ਼ਮੀਨ 1.5 ਏਕੜ ਵਿੱਚ 357 ਵਾਂ ਗੁਰੂ ਨਾਨਕ ਯਾਦਗਾਰੀ ਜੰਗਲ ਲਗਾਇਆ ਗਿਆ। ਬਾਬਾ ਗੁਰਪ੍ਰੀਤ ਸਿੰਘ ਖਡੂਰ ਸਾਹਿਬ ਵਾਲਿਆ ਦੱਸਿਆ ਕਿ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲਿਆਂ ਦੇ ਉੱਦਮ ਸਦਕਾ ਪੂਰੇ ਪੰਜਾਬ ’ਚ ਹੁਣ ਤੱਕ ਲਗਪਗ 8 ਲੱਖ ਦਰੱਖਤ ਲਾਏ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਇਹ ਮੁਹਿੰਮ 1999 ’ਚ ਸ਼ੁਰੂ ਕੀਤੀ ਗਈ ਸੀ ਜਿਸ ਤਹਿਤ ਬਾਬਾ ਸੇਵਾ ਸਿੰਘ ਵੱਲੋਂ 550 ਛੋਟੇ ਗੁਰੂ ਨਾਨਕ ਯਾਦਗਾਰੀ ਜੰਗਲ (ਝਿੜੀਆਂ) ਲਾਉਣ ਦਾ ਟੀਚਾ ਮਿਥਿਆ ਗਿਆ ਸੀ। ਉਨ੍ਹਾਂ ਦੱਸਿਆ ਕਿ ਨਿਸ਼ਾਨ-ਏ-ਸਿੱਖੀ ਕਾਰ ਸੇਵਾ ਦੇ 100 ਸੇਵਾਦਾਰਾਂ ਦੀ ਟੀਮ ਵਾਤਾਵਰਨ ਦੀ ਸਾਂਭ-ਸੰਭਾਲ ਲਈ ਲਗਾਤਾਰ ਕੰਮ ਕਰ ਰਹੀ ਹੈ।
ਊਧਮ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਇਆ
ਬਟਾਲਾ: ਵੁੱਡਸਟਾਕ ਪਬਲਿਕ ਸਕੂਲ ਵਿੱਚ ਅੱਜ ਸ਼ਹੀਦ ਊਧਮ ਸਿੰਘ ਸ਼ਹੀਦੀ ਦਿਹਾੜਾ ਸ਼ਰਧਾ ਨਾਲ ਮਨਾਇਆ ਗਿਆ। ਸਕੂਲ ਚੇਅਰਮੈਨ ਡਾ ਸਤਨਾਮ ਸਿੰਘ ਨਿੱਜਰ,ਚੇਅਰਪਰਸਨ ਡਾ ਸਤਿੰਦਰਜੀਤ ਕੌਰ ਨਿੱਜਰ, ਵਿਦਿਅਕ ਡਾਇਰੈਕਟਰ ਵਸ਼ੂਧਾ ਸ਼ਰਮਾ ਦੀ ਅਗਵਾਈ ’ਚ ਸ਼ਹੀਦ ਊਧਮ ਸਿੰਘ ਦੀ ਕੁਰਬਾਨੀ ਨੂੰ ਯਾਦ ਕੀਤਾ ਗਿਆ। ਇਸ ਮੌਕੇ ਵਿਦਿਆਰਥੀਆਂ ਨੇ ਕਵਿਤਾ,ਭਾਸ਼ਣ ਅਤੇ ਦੇਸ਼ ਭਗਤੀ ਦੇ ਗੀਤ ਗਾਏ। ਜਦੋਂ ਕਿ ਬੁਲਾਰਿਆਂ ਨੇ ਸ਼ਹੀਦ ਊਧਮ ਸਿੰਘ ਵੱਲੋਂ ਜੱੱਲ੍ਹਿਆਂਵਾਲਾ ਬਾਗ਼ ਦੇ ਖੂਨੀ ਕਾਂਡ ਦਾ ਬਦਲਾ ਲੈਣ ਤੋਂ ਜਾਣੂ ਵੀ ਕਰਵਾਇਆ ਗਿਆ। -ਨਿੱਜੀ ਪੱਤਰ ਪ੍ਰਰਕ
ਸੇਂਟ ਸੋਲਜਰ ਸਕੂਲ ਨੇ ਜ਼ੋਨਲ ਖੇਡਾਂ ’ਚ 62 ਤਗ਼ਮੇ ਜਿੱਤੇ
ਜੰਡਿਆਲਾ ਗੁਰੂ: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਕਰਵਾਈਆਂ ਜ਼ੋਨਲ ਖੇਡਾਂ ’ਚ ਸਥਾਨਕ ਸੇਂਟ ਸੋਲਜਰ ਇਲੀਟ ਕਾਨਵੈਂਟ ਸਕੂਲ ਦੇ ਖਿਡਾਰੀਆਂ ਨੇ 62 ਮੈਡਲ ਹਾਸਲ ਕਰਕੇ ਬਲਾਕ ’ਚੋਂ ਪਹਿਲਾ ਸਥਾਨ ਹਾਸਲ ਕੀਤਾ। ਸਕੂਲ ਦੀ ਪ੍ਰਿੰਸੀਪਲ ਅਮਰਪ੍ਰੀਤ ਕੌਰ ਨੇ ਕਿਹਾ ਜ਼ੋਨਲ ਟੂਰਨਾਮੈਂਟ ਵਿੱਚ ਸੇਂਟ ਸੋਲਜ਼ਰ ਇਲੀਟ ਕਾਨਵੈਂਟ ਸਕੂਲ ਦੇ ਲੜਕੇ ਤੇ ਲੜਕੀਆਂ ਦੀਆਂ ਟੀਮਾਂ ਨੇ ਅੰਡਰ-14, 17 ਤੇ 19 ਵਰਗ ਦੇ ਮੁਕਾਬਲਿਆਂ ’ਚ ਹਿੱਸਾ ਲਿਆ। ਉਨ੍ਹਾਂ ਦੱਸਿਆ ਕਿ ਟੀਮਾਂ ਨੇ ਕਬੱਡੀ, ਵਾਲੀਬਾਲ, ਖੋ-ਖੋ, ਰੱਸਾਕਸ਼ੀ, ਗਤਕਾ ਤੇ ਕਰਾਟੇ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਸਕੂਲ ਦੇ ਮੈਨੇਜਿੰਗ ਡਾਇਰੈਕਟਰ ਡਾ: ਮੰਗਲ ਸਿੰਘ ਕਿਸ਼ਨਪੁਰੀ ਨੇ ਜੇਤੂ ਖਿਡਾਰੀਆਂ ਦਾ ਸ਼ਾਨਦਾਰ ਸਵਾਗਤ ਕੀਤਾ ਤੇ ਇਸ ਸਫਲਤਾ ਲਈ ਵਧਾਈ ਦਿੱਤੀ। -ਪੱਤਰ ਪ੍ਰੇਰਕ
ਸਿੱਖ ਨੈਸ਼ਨਲ ਕਾਲਜ ’ਚ ਲੈਬ ਦਾ ਉਦਘਾਟਨ
ਕਾਦੀਆਂ: ਸਿੱਖ ਐਜੂਕੇਸ਼ਨਲ ਸੁਸਾਇਟੀ ਚੰਡੀਗੜ੍ਹ ਦੇ ਪ੍ਰਬੰਧ ਅਧੀਨ ਚੱਲ ਰਹੇ ਸਿੱਖ ਨੈਸ਼ਨਲ ਕਾਲਜ ਕਾਦੀਆਂ ’ਚ ਗਣਿਤ ਤੇ ਕਾਮਰਸ ਵਿਭਾਗ ਦੀ ਨਵੀਂ ਲੈਬ ਦਾ ਉਦਘਾਟਨ ਕੀਤਾ ਗਿਆ। ਸਮਾਗਮ ’ਚ ਸਿੱਖ ਐਜੂਕੇਸ਼ਨਲ ਸੁਸਾਇਟੀ ਦੇ ਸੰਯੁਕਤ ਸਕੱਤਰ ਐਡਵੋਕੇਟ ਕਰਨਦੀਪ ਸਿੰਘ ਚੀਮਾ ਮੁੱਖ ਮਹਿਮਾਨ ਤੇ ਕਾਲਜ ਸਥਾਨਕ ਪ੍ਰਬੰਧਕ ਕਮੇਟੀ ਦੇ ਸਕੱਤਰ ਡਾ. ਬਲਚਰਨਜੀਤ ਸਿੰਘ ਭਾਟੀਆ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਪ੍ਰਿੰਸੀਪਲ ਡਾ. ਹਰਪ੍ਰੀਤ ਸਿੰਘ ਹੁੰਦਲ ਨੇ ਦੱਸਿਆ ਨਵੀਂ ਸਿੱਖਿਆ ਨੀਤੀ ਤਹਿਤ ਗਣਿਤ ਤੇ ਕਾਮਰਸ ਵਿਸ਼ਿਆਂ ਦੇ ਵਿਦਿਆਰਥੀਆਂ ਨੂੰ ਪੜ੍ਹਨ ਲਈ ਲੈਬ ਦੀ ਬਹੁਤ ਜ਼ਰੂਰਤ ਸੀ। ਇਸ ਮੌਕੇ ਪ੍ਰੋਫੈਸਰ ਰਾਕੇਸ਼ ਕੁਮਾਰ, ਪ੍ਰੋਫੈਸਰ ਮਨਪ੍ਰੀਤ ਕੌਰ, ਪ੍ਰੋਫੈਸਰ ਸੁਖਪਾਲ ਕੌਰ, ਪ੍ਰੋਫੈਸਰ ਕੁਲਵਿੰਦਰ ਸਿੰਘ, ਡਾ: ਗੁਰਦੀਪ ਸਿੰਘ ਸਮੇਤ ਸਮੂਹ ਸਟਾਫ ਮੈਂਬਰ ਹਾਜਰ ਸਨ। -ਨਿੱਜੀ ਪੱਤਰ ਪ੍ਰੇਰਕ
ਭਾਰਤੀ ਯੋਗ ਸੰਸਥਾਨ ਨੇ ਸਮ੍ਰਿਤੀ ਦਿਵਸ ਮਨਾਇਆ
ਅੰਮ੍ਰਿਤਸਰ: ਭਾਰਤੀ ਯੋਗ ਸੰਸਥਾਨ ਦੇ ਸਾਧਕਾਂ ਨੇ ਸੰਸਥਾ ਦੇ ਸੰਸਥਾਪਕ ਮਰਹੂਮ ਪ੍ਰਕਾਸ਼ ਲਾਲ ਯਾਦ ’ਚ ਸਮ੍ਰਿਤੀ ਦਿਵਸ ਮਨਾਇਆ ਤੇ ਉਨ੍ਹਾਂ ਦੇ ਸੰਕਲਪ ‘ਜੀਓ ਤੇ ਜੀਵਨ ਦਿਓ’ ਦੀ ਮੁਹਿੰਮ ਨੂੰ ਅਗਾਂਹ ਵਧਾਉਣ ਦਾ ਅਹਿਦ ਕੀਤਾ ਹੈ। ਸਥਾਨਕ ਰਣਜੀਤ ਐਵੇਨਿਊ ਸਥਿਤ ਰਾਧਾ ਕ੍ਰਿਸ਼ਨ ਮੰਦਰ ’ਚ ਸਮ੍ਰਿਤੀ ਦਿਵਸ ਮੌਕੇ ਪ੍ਰਕਾਸ਼ ਲਾਲ ਦੀ ਤਸਵੀਰ ਤੇ ਫੁੱਲ ਭੇਟ ਕਰਦਿਆਂ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਸੰਸਥਾ ਦੀ ਸਥਾਨਕ ਇਕਾਈ ਦੇ ਸਰਪ੍ਰਸਤ ਵਰਿੰਦਰ ਧਵਨ, ਸੂਬਾਈ ਕਮੇਟੀ ਦੇ ਮੈਂਬਰ ਸਤੀਸ਼ ਮਹਾਜਨ, ਮਨਮੋਹਨ ਕਪੂਰ ਆਦਿ ਹਾਜ਼ਰ ਸਨ। ਧਵਨ ਨੇ ਅਭਿਆਸੀਆਂ ਨੂੰ ਪ੍ਰਕਾਸ਼ ਲਾਲ ਵੱਲੋਂ ਕੀਤੇ ਕਾਰਜਾਂ ਬਾਰੇ ਦੱਸਿਆ। -ਟਨਸ