ਸੰਤ ਸੀਚੇਵਾਲ ਨੂੰ ‘ਮਰਦ-ਏ-ਕਲੰਦਰ’ ਨਾਲ ਰੱਖਿਆ ਜਾਵੇਗਾ ਯਾਦ: ਸ਼ਾਹੀ ਇਮਾਮ
ਪਵਿੱਤਰ ਵੇਈਂ ਦੀ ਕਾਰਸੇਵਾ ਦੀ 25ਵੀਂ ਵਰ੍ਹੇਗੰਢ ਮੌਕੇ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਓਸਮਾਨ ਰਹਿਮਾਨੀ ਲੁਧਿਆਣਵੀਂ ਨੇ ਸੰਗਤ ਨੂੰ ਵਧਾਈ ਦਿੰਦਿਆਂ ਕਿਹਾ ਕਿ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਅਗਵਾਈ ਵਿੱਚ ਕਾਰਸੇਵਾ ਦੇ 25 ਸਾਲ ਨਵੇਂ ਇਨਕਲਾਬ ਦੇ 25 ਸਾਲ ਸਨ। ਉਨ੍ਹਾਂ ਕਿਹਾ ਕਿ ਸੁਲਤਾਨਪੁਰ ਲੋਧੀ ਦੀ ਪਵਿੱਤਰ ਧਰਤੀ ਜਿਸ ਨੂੰ ਬਾਬੇ ਨਾਨਕ ਦੀ ਨਗਰੀ ਵੀ ਕਿਹਾ ਜਾਂਦਾ ਹੈ ਇੱਥੋਂ ਹੀ ਸਰਬੱਤ ਦੇ ਭਲੇ ਦੀ ਅਤੇ ਆਪਸੀ ਭਾਈਚਾਰੇ ਦੀ ਆਵਾਜ਼ ਬੁਲੰਦ ਹੋਈ ਸੀ। ਉਨ੍ਹਾਂ ਸੰਤ ਸੀਚੇਵਾਲ ਜੀ ਨੂੰ ‘ਮਰਦ-ਏ-ਕਲੰਦਰ’ ਦੱਸਦਿਆ ਕਿਹਾ ਕਿ ਉਨ੍ਹਾਂ ਵੱਲੋਂ ਪਵਿੱਤਰ ਵੇਈਂ ਦੀ ਸਫ਼ਾਈ ਲਈ ਲਾਏ 25 ਸਾਲ ਮਿਹਨਤ, ਏਕਤਾ, ਭਾਈਚਾਰੇ ਅਤੇ ਮੁਹੱਬਤ ਦੀ ਮਿਸਾਲ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ 25 ਸਾਲਾਂ ਨੂੰ ਸਾਡੀਆਂ ਆਉਣ ਵਾਲੀਆਂ ਨਸਲਾਂ 25 ਹਜ਼ਾਰ ਸਾਲ ਤੱਕ ਯਾਦ ਰੱਖਣਗੀਆਂ ਕਿ ਸੰਤ ਸੀਚੇਵਾਲ ਜੀ ਵਰਗੇ ਇੱਕ ਯੋਧੇ ਨੇ ਬਾਬੇ ਨਾਨਕ ਦੀ ਵੇਈਂ ਨੂੰ ਵਾਪਸ ਨਿਰਮਲ ਧਾਰਾ ਵਿੱਚ ਵਗਣ ਲਗਾ ਦਿੱਤਾ, ਜੋ ਆਪਣਾ ਪੂਰੀ ਤਰ੍ਹਾਂ ਨਾਲ ਮਹੱਤਵ ਗੁਆ ਚੁੱਕੀ ਸੀ।
ਸ਼ਾਹੀ ਇਮਾਮ ਨੇ ਕਿਹਾ ਕਿ ਅੱਜ ਭਾਰਤ ਵਿੱਚ ਜਿੱਥੇ ਅਲੱਗ ਅਲੱਗ ਲੋਕ ਧਰਮਾਂ ਦੇ ਨਾਂ ਤੇ ਵੰਡੀਆਂ ਪਾ ਰਹੇ ਹਨ, ਉੱਥੇ ਇੱਕ ਵਾਰ ਫਿਰ ਗੁਰੂ ਨਾਨਕ ਦੇਵ ਜੀ ਦੀ ਇਸ ਪਵਿੱਤਰ ਧਰਤੀ ਤੋਂ ਸੰਤ ਸੀਚੇਵਾਲ ਜੀ ਦੀ ਅਗਵਾਈ ਹੇਠ ਵੱਖ-ਵੱਖ ਧਰਮਾਂ ਦੇ ਆਗੂ ਅਤੇ ਸੰਸਥਾਵਾਂ ਦੇ ਮੁਖੀ ਇਕ ਮੰਚ ’ਤੇ ਇਕਜੁੱਟ ਹੋ ਕੇ ਬੈਠੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੀ ਧਰਤੀ ’ਤੇ ਮਿੱਠੀ ਕਣਕ ਹੀ ਬੀਜੀ ਜਾ ਸਕਦੀ ਹੈ ਨਫਰਤ ਦੇ ਬੀਜ ਨਹੀਂ ਬੀਜੇ ਜਾ ਸਕਦੇ। ਉਨ੍ਹਾਂ ਸੰਗਤਾਂ ਨੂੰ ਰਲਮਿਲ ਕੇ ਇਸ ਨਫਰਤ ਨੂੰ ਪੂਰੇ ਦੇਸ਼ ਵਿੱਚੋਂ ਖਤਮ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਸੰਤ ਸੀਚੇਵਾਲ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਵਾਤਾਵਰਨ ਦੀ, ਪਾਣੀ ਨੂੰ ਸਵੱਛ ਕਰਨ ਦੀ ਅਤੇ ਦਰਖਤਾਂ ਨੂੰ ਬਚਾਉਣ ਦੀ ਜਿਹੜੀ ਸੇਵਾ ਉਹ ਪੂਰੀ ਇਨਸਾਨੀਅਤ ਨੂੰ ਬਚਾਉਣ ਦੀ ਸੇਵਾ ਹੈ। ਕਿਉਂਕਿ ਹਿੰਦੂ ਸਿੱਖ ਮੁਸਲਮਾਨ, ਇਸਾਈ, ਜੈਨੀ ਅਤੇ ਬੋਧੀ ਇੱਕੋ ਹੀ ਹਵਾ ਦੇ ਵਿੱਚ ਲੈਂਦੇ ਨੇ ਤੇ ਕਿਸੇ ਧਰਮ ਵਿੱਚ ਧਰਮ ਨਹੀਂ ਵੰਡੀ ਹੋਈ ਹੈ। ਲੁਧਿਆਣੇ ਦੇ ਬੁੱਢੇ ਦਰਿਆ ਨੂੰ ਸਾਫ਼ ਕਰਨ ਦੀ ਚਲਾਈ ਜਾ ਰਹੀ ਮੁਹਿੰਮ ਦੀ ਵਧਾਈ ਦਿੰਦਿਆ ਸ਼ਾਹੀ ਇਮਾਮ ਨੇ ਕਿਹਾ ਕਿ ਸੰਤ ਸੀਚੇਵਾਲ ਜੀ ਨੇ ਪਿਛਲੇ 6-7 ਮਹੀਨਿਆਂ ਤੋਂ ਬੁੱਢੇ ਨਾਲੇ ਨੂੰ ਬੁੱਢੇ ਦਰਿਆ ਵਿੱਚ ਬਦਲਣ ਲਈ ਜੋ ਕਾਰਜ ਕੀਤੇ ਹਨ, ਉਹ ਬਹੁਤ ਹੀ ਸ਼ਲਾਘਾਯੋਗ ਹਨ, ਹੁਣ ਲੁਧਿਆਣਾ ਸ਼ਹਿਰ ਦੀ ਸੈਂਟਰਲ ਜੇਲ੍ਹ ਤੱਕ ਬੁੱਢੇ ਦਰਿਆ ਦਾ ਪਾਣੀ ਸਾਫ ਹੋ ਚੁੱਕਾ ਹੈ। ਉਨ੍ਹਾਂ ਉਮੀਦ ਪ੍ਰਗਟਾਈ ਕਿ ਬੁੱਢਾ ਦਰਿਆ ਜਲਦ ਹੀ ਬਾਬੇ ਨਾਨਕ ਦੀ ਪਵਿੱਤਰ ਵੇਈਂ ਵਾਂਗ ਆਪਣੇ ਪਹਿਲੇ ਸਰੂਪ ਵਿੱਚ ਵਹਿਣ ਲੱਗੇਗਾ।ਇਸ ਮੌਕੇ ਸੰਤ ਸੀਚੇਵਾਲ ਤੇ ਸਮਾਗਮ ਵਿੱਚ ਆਏ ਹੋਏ ਸੰਤਾਂ ਮਹਾਪੁਰਖਾਂ ਵੱਲੋਂ ਸ਼ਾਹੀ ਇਮਾਮ ਦਾ ਸਨਮਾਨ ਕੀਤਾ ਗਿਆ