ਅਗਸਤ ਦੇ ਅਖੀਰਲੇ ਹਫ਼ਤੇ ਰਾਵੀ ਦਰਿਆ ਦਾ ਧੁੱਸੀ ਬੰਨ੍ਹ ਕਈ ਥਾਵਾਂ ਤੋਂ ਟੁੱਟ ਗਿਆ ਸੀ, ਜਿਸ ਨਾਲ ਜ਼ਿਲ੍ਹਾ ਅੰਮ੍ਰਿਤਸਰ ਦੇ ਅਜਨਾਲਾ, ਰਮਦਾਸ ਤੇ ਡੇਰਾ ਬਾਬਾ ਨਾਨਕ ਦੇ ਇਲਾਕੇ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਸਨ।
ਸੰਤ ਸੁੱਖਾ ਸਿੰਘ ਸਰਹਾਲੀ ਸਾਹਿਬ ਵਾਲਿਆਂ ਵੱਲੋਂ ਨਗਰ ਨਿਵਾਸੀਆਂ ਦੀ ਬੇਨਤੀ ’ਤੇ ਮਾਛੀਵਾਲ ਨੇੜੇ 7 ਤੋਂ 21 ਸਤੰਬਰ ਤੱਕ ਦੋ ਵੱਡੇ ਪਾੜ ਪੂਰੇ ਜਾ ਚੁੱਕੇ ਹਨ। ਬਾਬਾ ਬੀਰਾ ਸਿੰਘ ਨੇ ਕਿਹਾ ਕਿ ਟੁੱਟ ਚੁੱਕੇ ਬੰਨ੍ਹ ਤੇ ਪਹਿਲਾਂ ਪਿੰਡ ਘੋਨੇਵਾਲ ਤੇ ਪਿੰਡ ਮਾਛੀਵਾਲ ਦੇ ਨੇੜੇ ਹੀ ਰਾਵੀ ਦੇ ਧੁੱਸੀ ਬੰਨ੍ਹ ਵਿੱਚ ਇੱਕ ਹੋਰ ਥਾਂ ’ਤੇ ਵੱਡਾ ਪਾੜ ਹੈ, ਜਿਸ ਨੂੰ ਪੂਰਨ ਲਈ ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਦੇ ਮੁਖੀ ਸੰਤ ਸੁੱਖਾ ਸਿੰਘ ਦੀ ਅਗਵਾਈ ਹੇਠ ਕੱਲ੍ਹ ਅਰਦਾਸ ਕਰਕੇ ਸੇਵਾ ਆਰੰਭ ਕੀਤੀ ਗਈ। ਵੱਖ-ਵੱਖ ਨਗਰਾਂ ਤੋਂ ਸੰਗਤ ਸੇਵਾ ਕਰਨ ਲਈ ਪੁੱਜੀ ਹੋਈ ਹੈ। ਇਥੇ ਸੰਤ ਸੁੱਖਾ ਸਿੰਘ ਨੇ ਸੰਗਤਾਂ ਨਾਲ ਹੱਥੀਂ ਸੇਵਾ ਕੀਤੀ। ਉਨ੍ਹਾਂ ਕਿਹਾ ਪੰਜਾਬ ਦੇ ਅੱਠ ਜ਼ਿਲ੍ਹੇ ਹੜ੍ਹਾਂ ਤੋਂ ਪ੍ਰਭਾਵਿਤ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਟੁੱਟੇ ਹੋਏ ਬੰਨ੍ਹਾਂ ਨੂੰ ਬੰਨ੍ਹਣਾ ਵੀ ਵੱਡੀ ਜ਼ਿੰਮੇਵਾਰੀ ਹੈ, ਤਾਂ ਜੋ ਕਿਸਾਨ ਅਗਲੀ ਫ਼ਸਲ ਬੀਜਣ ਦੇ ਸਮਰੱਥ ਹੋ ਸਕਣ। ਉਹ ਸਮੂਹ ਪ੍ਰਸ਼ਾਸਨ ਅਤੇ ਸਿੱਖ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਨ। ਉਨ੍ਹਾਂ ਇਸ ਬੰਨ੍ਹ ਨੂੰ ਬੰਨ੍ਹਣ ਲਈ ਵੱਧ ਤੋਂ ਵੱਧ ਨੌਜਵਾਨ ਨੂੰ ਸੇਵਾ ਲਈ ਪਹੁੰਚਣ ਦੀ ਅਪੀਲ ਕੀਤੀ।
ਉਨ੍ਹਾਂ ਦੱਸਿਆ ਕਿ ਸੰਪਰਦਾਇ ਵੱਲੋਂ ਸੁਲਤਾਨਪੁਰ ਲੋਧੀ ਇਲਾਕੇ ਵਿੱਚ ਬਿਆਸ ਦਰਿਆ ਦੇ ਟੁੱਟ ਚੁੱਕ ਬੰਨ੍ਹ ਬੰਨ੍ਹਣ ਦੀਆਂ ਸੇਵਾਵਾਂ ਵੀ ਚੱਲ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਹੜ੍ਹਾਂ ਕਾਰਨ ਪਿੰਡ ਵਾੜਾ ਕਾਲੀ ਰਾਉਣ ਵਿੱਚ ਬੰਨ੍ਹ ਨੂੰ ਭਾਰੀ ਨੁਕਸਾਨ ਪਹੁੰਚਿਆ ਸੀ ਅਤੇ ਪਿੰਡ ਦੇ ਕੁਝ ਘਰ ਦਰਿਆ ਦੀ ਭੇਟ ਚੜ੍ਹ ਗਏ ਤੇ ਫਸਲਾਂ ਬਰਬਾਦ ਹੋ ਗਈਆਂ। ਪਿੰਡ ਦਾ ਗੁਰਦੁਆਰਾ ਵੀ ਦਰਿਆ ਦੇ ਵਗਦੇ ਪਾਣੀ ਤੋਂ ਮਹਿਜ਼ 100 ਫੁੱਟ ਦੀ ਦੂਰੀ ’ਤੇ ਹੋਣ ਕਾਰਨ ਖਤਰੇ ਵਿੱਚ ਸੀ। ਸੰਤ ਸੁੱਖਾ ਸਿੰਘ ਸਰਹਾਲੀ ਸਾਹਿਬ ਵਾਲਿਆਂ ਨੇ ਨਗਰ ਨਿਵਾਸੀਆਂ ਦੀ ਬੇਨਤੀ ’ਤੇ 13 ਸਤੰਬਰ ਨੂੰ ਇੱਥੇ ਸੇਵਾ ਆਰੰਭ ਕੀਤੀ ਅਤੇ ਲਗਾਤਾਰ ਲੱਗ ਰਹੀ ਢਾਹ ਨੂੰ ਰੋਕਣ ਲਈ ਦਿਨ-ਰਾਤ ਨਿਰੰਤਰ ਸੇਵਾ ਜਾਰੀ ਰੱਖੀ।
ਬਾਬਾ ਬੀਰਾ ਸਿੰਘ ਨੇ ਦੱਸਿਆ ਕਿ ਅੱਜ ਏਥੇ ਜ਼ਿਲ੍ਹਾ ਫਿਰੋਜ਼ਪੁਰ ਦੀ ਤਹਿਸੀਲ ਜ਼ੀਰਾ ਦੇ ਪਿੰਡ ਵਾੜਾ ਕਾਲੀ ਰਾਉਣ ਵਿਖੇ ਬੰਨ੍ਹ ’ਤੇ 12 ਦਿਨਾਂ ਦੀ ਲਗਾਤਾਰ ਘਾਲ ਸੇਵਾ ਨਾਲ ਕਾਰਜ ਸੰਪੂਰਨ ਹੋਣ ’ਤੇ ਰਾਤ 8.30 ਵਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਹਜ਼ੂਰ ਅਰਦਾਸ ਸਮਾਗਮ ਕੀਤਾ ਗਿਆ। ਉਨ੍ਹਾਂ ਦੱਸਿਆ ਇਸ ਮੌਕੇ ਸੰਤ ਸੁੱਖਾ ਸਿੰਘ ਨੇ ਕੀਰਤਨ ਰਾਹੀਂ ਹਾਜ਼ਰੀ ਭਰੀ, ਆਰਤੀ ਸ਼ਬਦ ਗਾਇਨ ਉਪਰੰਤ ਸ਼ੁਕਰਾਨੇ ਦੀ ਅਰਦਾਸ ਕੀਤੀ ਗਈ।