ਆਰਐੱਮਪੀਆਈ ਦੇ ਆਗੂਆਂ ਵੱਲੋਂ ਗੁਰਪ੍ਰੀਤ ਕੌਰ ਦਾ ਸਨਮਾਨ
ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐੱਮਪੀਆਈ) ਵੱਲੋਂ ਫੈਲੋਕੇ ਪਿੰਡ ਦੀ ਗੁਰਪ੍ਰੀਤ ਕੌਰ ਵੱਲੋਂ ਗੁਰਸਿੱਖ ਜਜ਼ਬੇ ਨੂੰ ਨਿਆਂਇਕ ਪ੍ਰੀਖਿਆ ਨਾਲੋਂ ਪਹਿਲ ਦੇਣ ਲਈ ਅੱਜ ਉਸ ਦਾ ਸਨਮਾਨ ਕੀਤਾ| ਗੁਰਪ੍ਰੀਤ ਕੌਰ ਨੂੰ ਕਕਾਰਾਂ ਸਣੇ ਜੈਪੁਰ (ਰਾਜਸਥਾਨ) ਵਿੱਚ ਬੀਤੇ ਦਿਨੀਂ ਰਾਜਸਥਾਨ ਜੁਡੀਸ਼ੀਅਲ ਸਰਵਿਸਿਜ਼ ਪ੍ਰੀਖਿਆ ਵਿੱਚ ਬੈਠਣ ਤੋਂ ਮਨਾਂ ਕਰ ਦਿੱਤਾ ਗਿਆ ਸੀ| ਰਾਜਸਥਾਨ ਸਰਕਾਰ ਖ਼ਿਲਾਫ਼ ਇਸ ਮਾਮਲੇ ਤੋਂ ਸਿੱਖ ਹਲਕਿਆਂ ਨੇ ਤਿੱਖੀ ਪ੍ਰਤੀਕਿਰਿਆ ਕੀਤੀ ਹੈ| ਆਰਐੱਮਪੀਆਈ ਦੇ ਆਗੂ ਮੁਖਤਾਰ ਸਿੰਘ ਮੱਲ੍ਹਾਂ, ਬਲਦੇਵ ਸਿੰਘ ਪੰਡੋਰੀ, ਰੇਸ਼ਮ ਸਿੰਘ ਫੈਲੋਕੇ, ਮਨਜੀਤ ਸਿੰਘ ਬੱਗੂ ਆਦਿ ਨੇ ਅੱਜ ਫੈਲੋਕੇ ਪਿੰਡ ਵਿਖੇ ਗੁਰਪ੍ਰੀਤ ਕੌਰ ਦੇ ਘਰ ਜਾ ਨੇ ਉਸ ਦੀ ਸ਼ਲਾਘਾ ਕਰਦਿਆਂ ਉਸ ਦਾ ਸਨਮਾਨ ਕੀਤਾ| ਪਾਰਟੀ ਆਗੂਆਂ ਨੇ ਪ੍ਰੀਖਿਆ ਲੈ ਰਹੇ ਅਧਿਕਾਰੀਆਂ ਦੀ ਨਿਖੇਧੀ ਕੀਤੀ ਹੈ| ਉਨ੍ਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਗੁਰਪ੍ਰੀਤ ਕੌਰ ਲਈ ਅਲੱਗ ਤੌਰ ’ਤੇ ਪ੍ਰੀਖਿਆ ਲੈਣ ਦੀ ਸਿਫ਼ਾਰਸ਼ ਕਰਨ ਦੀ ਮੰਗ ਕੀਤੀ ਹੈ|
ਗਰਭਪਾਤ ਕਰਵਾ ਕੇ ਭਰੂਣ ਸੁੱਟਣ ’ਤੇ ਕੇਸ ਦਰਜ
ਕਪੂਰਥਲਾ: ਗਭਰਪਾਤ ਕਰਵਾ ਕੇ ਭਰੂਣ ਸੁੱਟਣ ਦੇ ਸਬੰਧ ’ਚ ਸਿਟੀ ਪੁਲੀਸ ਕਪੂਰਥਲਾ ਨੇ ਅਣਪਛਾਤੇ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਥਾਣੇਦਾਰ ਸੁਰਜੀਤ ਸਿੰਘ ਨੇ ਦੱਸਿਆ ਕਿ ਪੁਲੀਸ ਨੂੰ ਸੂਚਨਾ ਮਿਲੀ ਸੀ ਕਿ ਬੱਸ ਅੱਡੇ ਨਜ਼ਦੀਕ ਕਿਸੇ ਔਰਤ ਨੇ ਗਰਭਪਾਤ ਕਰਵਾ ਕੇ ਭਰੂਣ ਸੁੱਟ ਦਿੱਤਾ ਹੈ। ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ। -ਪੱਤਰ ਪ੍ਰੇਰਕ
ਸ਼ਹੀਦੀ ਪੁਰਬ ਨੂੰ ਸਮਰਪਿਤ ਸਮਾਗਮ
ਤਰਨ ਤਾਰਨ: ਸਥਾਨਕ ਗੁਰੂ ਨਾਨਕ ਦੇਵ ਅਕੈਡਮੀ, ਨੂਰਦੀ ਰੋਡ ਤਰਨ ਤਾਰਨ ਵੱਲੋਂ ਗੁਰੂ ਤੇਗ ਬਹਾਦਰ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਨਿਰਮਲ ਕੁਟੀਆ ਸ਼ਹਾਬਪੁਰ ਵਿੱਚ ਗੁਰਮਿਤ ਸਮਾਗਮ ਕਰਾਇਆ ਗਿਆ| ਸ੍ਰੀ ਸਹਿਜ ਪਾਠ ਸੇਵਾ ਲਹਿਰ ਵੱਲੋਂ ਕਰਵਾਏ ਸਮਾਗਮ ਵਿੱਚ ਸ਼ਾਮਲ ਸੰਸਥਾ ਦੇ ਵਿਦਿਆਰਥੀਆਂ ਨੂੰ ਨਿਰਮਲ ਕੁਟੀਆ ਦੇ ਸੰਸਥਾਪਕ ਬਾਬਾ ਦਵਿੰਦਰ ਸਿੰਘ ਨੇ ਬੱਚਿਆਂ ਦੇ ਅਧਿਆਤਮਕ ਵਿਕਾਸ ਲਈ ਗੁਰਸਿੱਖੀ ਜੀਵਨ ਜਾਚ ਦੀ ਪ੍ਰੇਰਨਾ ਦਿੱਤੀ| ਸੰਸਥਾ ਦੇ ਪ੍ਰਿੰਸੀਪਲ ਜਸਪਾਲ ਕੌਰ ਸਿੱਧੂ ਨੇ ਵਿਦਿਆਰਥੀਆਂ ਦੇ ਇਸ ਉਪਰਾਲੇ ਵਿੱਚ ਸ਼ਾਮਲ ਹੋਣ ਦੀ ਤਾਰੀਫ਼ ਕੀਤੀ ਅਤੇ ਉਨ੍ਹਾਂ ਨੂੰ ਰੋਜ਼ਾਨਾ ਸਹਿਜ ਪਾਠ ਕਰਨ ਲਈ ਪ੍ਰੇਰਿਆ| ਸਹਿਜ ਪਾਠ ਸੇਵਾ ਲਹਿਰ ਵੱਲੋਂ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ। ਸੰਸਥਾ ਦੇ ਸੰਚਾਲਕ ਕਾਰ ਸੇਵਾ ਤਰਨ ਤਾਰਨ ਦੇ ਮੁੱਖ ਸੇਵਾਦਾਰ ਬਾਬਾ ਜਗਤਾਰ ਸਿੰਘ ਅਤੇ ਬਾਬਾ ਮਹਿੰਦਰ ਸਿੰਘ ਨੇ ਸਹਿਜ ਪਾਠ ਸੇਵਾ ਲਹਿਰ ਦੇ ਉਪਰਾਲੇ ਦੀ ਸ਼ਲਾਘਾ ਕੀਤੀ| -ਪੱਤਰ ਪ੍ਰੇਰਕ
ਵਿਦਿਆਰਥੀਆਂ ਦੇ ਅੰਤਰ-ਹਾਊਸ ਚਿੱਤਰ ਮੁਕਾਬਲੇ
ਸ਼ਾਹਕੋਟ: ਸਟੇਟ ਪਬਲਿਕ ਸ਼ਾਹਕੋਟ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਡਾ. ਨਰੋਤਮ ਸਿੰਘ ਤੇ ਮੀਤ ਪ੍ਰਧਾਨ ਡਾ. ਗਗਨਦੀਪ ਕੌਰ ਦੀ ਅਗਵਾਈ ਵਿੱਚ ਵਿਦਿਆਰਥੀਆਂ ਦੇ ਚਿੱਤਰ ਕਲਾ ਦੇ ਅੰਤਰ-ਹਾਊਸ ਮੁਕਾਬਲੇ ਕਰਵਾਏ ਗਏ। ਪ੍ਰਿੰਸੀਪਲ ਕੰਵਰ ਨੀਲ ਕਮਲ ਨੇ ਦੱਸਿਆ ਕਿ ਵਿਦਿਆਰਥੀਆਂ ਦੀ ਨਾਕਾਰਤਮਕ ਸੋਚ ਨੂੰ ਸਾਕਾਰਤਮਕ ਸੋਚ ਵਿੱਚ ਬਦਲਣਾ ਹੀ ਮੁਕਾਬਲਿਆਂ ਦੀ ਮੁੱਖ ਉਦੇਸ਼ ਹੈ। ਉਨ੍ਹਾਂ ਕਿਹਾ ਇਨ੍ਹਾਂ ਮੁਕਾਬਲਿਆਂ ’ਚ ਨਰਸਰੀ ਤੋਂ ਦੂਜੀ ਜਮਾਤ ਦੇ ਵਿਦਿਆਰਥੀਆਂ ਦੀ ਟਾਈ ਲੇਸਿਸ ਐਕਟੀਵਿਟੀ ਕਰਵਾਈ ਗਈ। ਤੀਜੀ ਤੋਂ ਪੰਜਵੀਂ ਦੇ ਵਿਦਿਆਰਥੀਆਂ ਦੇ ਚਿੱਤਰਕਲਾ ਦੇ, ਛੇਵੀਂ ਤੋਂ ਅੱਠਵੀਂ ਤੱਕ ਦੇ ਵਿਦਿਆਰਥੀਆਂ ਦੇ ਪੋਸਟਰ ਮੇਕਿੰਗ ਅਤੇ ਨੌਵੀਂ ਤੋਂ ਬਾਰ੍ਹਵੀਂ ਤੱਕ ਦੇ ਵਿਦਿਆਰਥੀਆਂ ਦੇ ਨਾਅਰੇ ਲਿਖਣ ਦੇ ਮੁਕਾਬਲੇ ਕਰਵਾਏ ਗਏ। ਪ੍ਰਿੰਸੀਪਲ ਨੇ ਵਿਦਿਆਰਥੀਆਂ ਨੂੰ ਚਿੱਤਰ ਕਲਾ ਦੀ ਮਹੱਤਤਾ ਬਾਰੇ ਦੱਸਦਿਆਂ ਉਨ੍ਹਾਂ ਨੂੰ ਅਜਿਹੇ ਮੁਕਾਬਲਿਆਂ ਵਿੱਚ ਵੱਧ ਤੋਂ ਭਾਗ ਲੈਣ ਲਈ ਪ੍ਰੇਰਿਤ ਕੀਤਾ। -ਪੱਤਰ ਪ੍ਰੇਰਕ
ਵੁੱਡਸਟਾਕ ਸਕੂਲ ਦੇ ਬੱਚਿਆਂ ਦੀ ਝੰਡੀ
ਬਟਾਲਾ: ਵੁੱਡਸਟਾਕ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਯੋਗ ਮੁਕਾਬਲੇ ’ਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਸਥਾਨਕ ਆਰਡੀ ਖੋਸਲਾ ਸਕੂਲ ਵਿੱਚ ਹੋਏ ਮੁਕਾਬਲੇ ਦੇ ਜੇਤੂਆਂ ਦਾ ਸਨਮਾਨ ਕਰਨ ਦੀ ਰਸਮ ਸਕੂਲ ਚੇਅਰਮੈਨ ਡਾ. ਸਤਨਾਮ ਸਿੰਘ ਨਿੱਝਰ, ਚੇਅਰਪਰਸਨ ਡਾ. ਸਤਿੰਦਰਜੀਤ ਕੌਰ ਨਿੱਝਰ, ਵਿਦਿਅਕ ਡਾਇਰੈਕਟਰ ਵਸ਼ੂਧਾ ਸ਼ਰਮਾ ਨੇ ਨਿਭਾਈ। ਕੁੜੀਆਂ ਦੇ ਅੰਡਰ-17 ਮੁਕਾਬਲੇ ’ਚ ਸ਼ਰੂਤੀ ਨੇ ਪਹਿਲਾ ਜਦੋਂਕਿ ਅੰਡਰ-14 ’ਚ ਤਨਵੀਰ ਕੌਰ ਨੇ ਦੂਜਾ ਸਥਾਨ ਲਿਆ। ਇਸੇ ਵਰਗ ਵਿੱਚ ਲੜਕੇ ਭਾਵਿਕ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਸ਼੍ਰੇਆ, ਤਨਵੀਰ ਕੌਰ, ਹਰਸਿਮਰਨ ਕੌਰ, ਸਤੂਤੀ, ਮਨਸੀਰਤ, ਸੀਰਤ, ਜਸਪ੍ਰੀਤ ਕੌਰ ਤੇ ਭਾਵਿਕ ਅਤੇ ਬਿਲਾਵਲ ਸਿੰਘ ਜ਼ਿਲ੍ਹਾ ਪੱਧਰੀ ਮੁਕਾਬਲੇ ਲਈ ਚੁਣੇ ਗਏ। -ਨਿੱਜੀ ਪੱਤਰ ਪ੍ਰੇਰਕ
ਸ਼ਹੀਦ ਊਧਮ ਸਿੰਘ ਤੇ ਰਫ਼ੀ ਦੀ ਯਾਦ ’ਚ ਸਮਾਗਮ
ਅੰਮ੍ਰਿਤਸਰ: ਗਲੋਅ ਬੱਲ ਆਰਟ ਕ੍ਰੀਏਸ਼ਨਜ਼ ਵੱਲੋਂ ਜਨਵਾਦੀ ਲੇਖਕ ਸੰਘ ਦੇ ਸਹਿਯੋਗ ਨਾਲ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਨ ਅਤੇ ਮੁਹੰਮਦ ਰਫ਼ੀ ਦੀ ਬਰਸੀ ’ਤੇ ਸਾਹਿਤਕ ਅਤੇ ਸੰਗੀਤਕ ਸਮਾਗਮ ਕੀਤਾ ਗਿਆ। ਜਸਪਾਲ ਸਿੰਘ ਬੱਲ ਦੀ ਰਿਹਾਇਸ਼ ’ਤੇ ਹੋਏ ਸਮਾਗਮ ਦਾ ਆਗਾਜ਼ ਆਰਟ ਕ੍ਰੀਏਸ਼ਨਜ਼ ਦੇ ਪ੍ਰਧਾਨ ਡਾ. ਮਨਜੀਤ ਸਿੰਘ ਬੱਲ ਨੇ ਕੀਤਾ। ਕਹਾਣੀਕਾਰ ਦੀਪ ਦੇਵਿੰਦਰ ਸਿੰਘ ਨੇ ਸ਼ਹੀਦ ਊਧਮ ਸਿੰਘ ਬਾਰੇ ਵਿਚਾਰ ਰੱਖੇ। ਮੁਹੰਮਦ ਰਫ਼ੀ ਦੀ ਯਾਦ ਵਿਚ ਹੋਏ ਸੰਗੀਤਕ ਪ੍ਰੋਗਰਾਮ ਵਿੱਚ ਮਨਜੀਤ ਸਿੰਘ ਬੱਲ, ਜਸਪਾਲ ਸਿੰਘ, ਜ਼ੋਰਾ ਬੱਲ, ਮੋਹਨ ਬਿਆਲਾ, ਅਨਿਲ ਮਹਿਰਾ, ਰਜਵੰਤ ਸਿੰਘ, ਜਗੀਰ ਸਿੰਘ, ਇੰਦਰਜੀਤ ਕੌਰ, ਮਨਜਿੰਦਰ ਸਿੰਘ ਅਤੇ ਉਮੀਦ ਕੌਰ ਨੇ ਰਫ਼ੀ ਦੇ ਗਾਏ ਗੀਤ ਗਾਏ। ਇਸ ਮੌਕੇ ਡਾ. ਬਲਜੀਤ ਸਿੰਘ ਢਿੱਲੋਂ ਦੀ ਕਥਾ ਪੁਸਤਕ ਯੱਖ਼ ਰਾਤ ਦੀ ਮੌਤ ਵੀ ਲੋਕ ਅਰਪਿਤ ਕੀਤੀ ਗਈ। -ਪੱਤਰ ਪ੍ਰੇਰਕ
ਦਸੂਹਾ ਵਿੱਚ ਮੈਗਾ ਖੂਨਦਾਨ ਕੈਂਪ ਅੱਜ
ਦਸੂਹਾ: ਬਲੱਡ ਡੋਨਰ ਐਂਡ ਵੈੱਲਫੇਅਰ ਸੁਸਾਇਟੀ ਦਸੂਹਾ ਤੇ ਰੋਟਰੀ ਕਲੱਬ ਦਸੂਹਾ ਗ੍ਰੇਟਰ ਵੱਲੋਂ ਤਿੰਨ ਅਗਸਤ ਨੂੰ ਸਾਲਾਨਾ ਮੈਗਾ ਖੂਨਦਾਨ ਕੈਂਪ ਲਗਾਇਆ ਜਾਵੇਗਾ। ਕਲੱਬ ਦੇ ਚੇਅਰਮੈਨ ਬਿੱਲਾ ਅਰੋੜਾ, ਰੋਟਰੀ ਕਲੱਬ ਦੇ ਪ੍ਰਧਾਨ ਵਿਕਾਸ ਖੁੱਲਰ ਤੇ ਸੈਕਟਰੀ ਵਿਜੇ ਤੁਲੀ ਨੇ ਦੱਸਿਆ ਕਿ ਕੈਂਪ ਸੁਸਾਇਟੀ ਦੇ ਸੰਸਥਾਪਕ ਮੁਨੀਸ਼ ਕਾਲੀਆ (ਯੂਐੱਸਏ) ਦੇ ਜਨਮ ਦਿਨ ਨੂੰ ਸਮਰਪਿਤ ਹੋਵੇਗਾ। ਕੈਂਪ ਵਿਜੇ ਸਿਟੀ ਸੈਂਟਰ ਮਾਲ ਦਸੂਹਾ ਵਿੱਚ ਸਵੇਰੇ 9 ਤੋਂ ਸ਼ਾਮ 4 ਵਜੇ ਤੱਕ ਲਗੇਗਾ। -ਪੱਤਰ ਪ੍ਰੇਰਕ