ਛੱਪੜਾਂ ਤੇ ਨਾਲਿਆਂ ਉਪਰ ਕੀਤੇ ਨਾਜਾਇਜ਼ ਕਬਜ਼ਿਆਂ ਦਾ ਜਾਇਜ਼ਾ
ਸੁੱਚਾ ਸਿੰਘ ਪਸਨਾਵਾਲ
ਕਾਦੀਆਂ, 11 ਜੁਲਾਈ
ਵਧੀਕ ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ. ਹਰਜਿੰਦਰ ਸਿੰਘ ਬੇਦੀ ਵੱਲੋਂ ਕਾਦੀਆਂ ਸ਼ਹਿਰ ਦਾ ਦੌਰਾ ਕਰਕੇ ਗੰਦੇ ਪਾਣੀ ਦੀ ਨਿਕਾਸੀ ਨੂੰ ਲੈ ਕੇ ਛੱਪੜ ਅਤੇ ਨਾਲਿਆਂ ਉਪਰ ਕੀਤੇ ਨਾਜਾਇਜ਼ ਕਬਜ਼ਿਆਂ ਦਾ ਜਾਇਜ਼ਾ ਲਿਆ। ਉਨ੍ਹਾਂ ਨਾਲ ਨਗਰ ਕੌਂਸਲ ਕਾਦੀਆਂ ਦੇ ਕਾਰਜਸਾਧਕ ਅਫਸਰ ਭੁਪਿੰਦਰ ਸਿੰਘ, ਸੈਨੇਟਰੀ ਇੰਸਪੈਕਟਰ ਸੰਜੀਵ ਸੋਨੀ, ਸੈਨੇਟਰੀ ਸੁਪਰਵਾਈਜ਼ਰ ਕਮਲਪ੍ਰੀਤ ਸਿੰਘ ਆਦਿ ਮੌਜੂਦ ਸਨ। ਉਨ੍ਹਾਂ ਨੇ ਹਦਾਇਤ ਕੀਤੀ ਕਿ ਛੱਪੜ ਅਤੇ ਨਾਲਿਆਂ ਉਪਰ ਨਾਜਾਇਜ਼ ਕਬਜ਼ੇ ਕਰਨ ਵਾਲੇ ਖੁਦ ਹੀ ਨਾਜਾਇਜ਼ ਕਬਜ਼ੇ ਹਟਾ ਲੈਣ ਨਹੀਂ ਤਾਂ ਜਲਦ ਹੀ ਪ੍ਰਸ਼ਾਸਨ ਵੱਲੋਂ ਕਾਰਵਾਈ ਕਰਕੇ ਇਹ ਕਬਜ਼ੇ ਹਟਾਏ ਜਾਣਗੇ। ਏਡੀਸੀ ਡਾ. ਹਰਜਿੰਦਰ ਸਿੰਘ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਉਹ ਫਾਲਤੂ ਲਿਫ਼ਾਫੇ ਅਤੇ ਹੋਰ ਵਸਤਾਂ ਨਾਲਿਆਂ ਅਤੇ ਸੜਕਾਂ ਵਿੱਚ ਨਾ ਸੁੱਟਣ। ਇਸ ਕਾਰਨ ਸਫਾਈ ਕਰਮਚਾਰੀਆਂ ਨੂੰ ਮੁਸ਼ਕਿਲ ਆਉਂਦੀ ਹੈ। ਉਨ੍ਹਾਂ ਕਿਹਾ ਕਿ ਪਲਾਸਟਿਕ ਦੇ ਲਿਫਾਫਿਆਂ ਦੀ ਥਾਂ ਕੱਪੜੇ ਜਾਂ ਹੋਰ ਬੈਗਾਂ ਦੀ ਵਰਤੋਂ ਕੀਤੀ ਜਾਵੇ। ਉਨ੍ਹਾਂ ਕਿਹਾ ਛੱਪੜ ਨੂੰ ਹੋਰ ਡੂੰਘਾ ਕੀਤਾ ਜਾਵੇਗਾ ਅਤੇ ਇਸ ਦੀ ਚਾਰਦੀਵਾਰੀ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਛੱਪੜ ਉਪਰ ਨਾਜਾਇਜ਼ ਉਸਾਰੀ ਕਰਨ ਵਾਲਿਆਂ ਨੂੰ ਨਗਰ ਕੌਂਸਲ ਵੱਲੋਂ ਨੋਟਿਸ ਭੇਜ ਦਿੱਤੇ ਹਨ। ਜੇ ਉਨ੍ਹਾਂ ਖੁਦ ਕਬਜ਼ੇ ਨਾ ਹਟਾਏ ਤਾਂ ਜਲਦ ਹੀ ਨਾਜਾਇਜ਼ ਉਸਾਰਆਂ ਢਾਹ ਦਿੱਤੀਆਂ ਜਾਣਗੀਆਂ।