ਕਿੰਗਰਾ ਚੋ ਵਾਲਾ ਵਾਸੀ ਨਸ਼ਾ ਤਸਕਰਾਂ ਤੋਂ ਪ੍ਰੇਸ਼ਾਨ
ਥਾਣਾ ਭੋਗਪੁਰ ਅਧੀਨ ਪੈਂਦੇ ਪਿੰਡ ਕਿੰਗਰਾ ਚੋ ਵਾਲਾ ਦੇ ਸਰਪੰਚ ਅਮਰਜੀਤ ਸਿੰਘ, ਨੰਬਰਦਾਰ ਵਿਜੇ ਸਿੰਘ ਢਿੱਲੋਂ ਅਤੇ ਨੰਬਰਦਾਰ ਅਵਤਾਰ ਸਿੰਘ ਢਿੱਲੋਂ ਅਤੇ ਮਨਜੀਤ ਸਿੰਘ ਦੀ ਅਗਵਾਈ ਵਿੱਚ ਪਿੰਡ ਵਾਸੀਆਂ ਨੇ ਥਾਣਾ ਭੋਗਪੁਰ ਮੁਖੀ ਇੰਸਪੈਕਟਰ ਰਜੇਸ਼ ਕੁਮਾਰ ਨੂੰ ਮੰਗ ਪੱਤਰ ਦਿੱਤਾ। ਉਨ੍ਹਾਂ ਦੱਸਿਆ ਕਿ ਪਿੰਡ ਵਿੱਚ ਨਸ਼ਾ ਤਸਕਰ ਸ਼ਰ੍ਹੇਆਮ ਨਸ਼ਾ ਵੇਚ ਰਹੇ ਹਨ ਪਰ ਪੁਲੀਸ ਕੋਈ ਕਾਰਵਾਈ ਨਹੀਂ ਕਰ ਰਹੀ। ਉਨ੍ਹਾਂ ਮੰਗ ਕੀਤੀ ਕਿ ਪਿੰਡ ਵਿੱਚ ਪਿਛਲੇ ਕਈ ਸਾਲਾਂ ਤੋਂ ਨਸ਼ਿਆਂ ਦੀ ਤਸਕਰੀ ਚੱਲ ਰਹੀ ਹੈ। ਪਰ ਪੁਲੀਸ ਵੱਲੋਂ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾਂਦਾ।
ਉਨ੍ਹਾਂ ਦੱਸਿਆ ਕਿ ਪਿੰਡ ਦੇ ਸ਼ਮਸ਼ਾਨਘਾਟ ਵਿੱਚ ਬੈਠ ਕੇ ਨਸ਼ੇੜੀ ਨਸ਼ੇ ਦਾ ਸੇਵਨ ਕਰ ਕੇ ਰਾਹਗੀਰਾਂ ਨੂੰ ਕੁੱਟਦੇ ਅਤੇ ਲੁੱਟਦੇ ਹਨ। ਇਸ ਦੀ ਤਾਜ਼ਾ ਮਿਸਾਲ ਪਿੰਡ ਦੇ ਸਾਬਕਾ ਸਰਪੰਚ ਮੋਤੀ ਰਾਮ ਨੂੰ ਨਸ਼ੇੜੀਆਂ ਨੇ ਕੁੱਟਿਆ ਅਤੇ ਲੁੱਟਿਆ। ਇੰਨਾ ਹੀ ਨਹੀਂ ਨਸ਼ਾ ਤਸਕਰ ਲੁੱਟਣ ਤੋਂ ਬਾਅਦ ਪੀੜਤ ਨੂੰ ਧਮਕੀਆਂ ਵੀ ਦਿੰਦੇ ਹਨ। ਪਿੰਡ ਵਾਸੀਆਂ ਨੇ ਮੰਗ ਕੀਤੀ ਕਿ ਨਸ਼ਾ ਤਸਕਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।
ਥਾਣਾ ਭੋਗਪੁਰ ਮੁਖੀ ਇੰਸਪੈਕਟਰ ਰਜੇਸ਼ ਕੁਮਾਰ ਨੇ ਕਿਹਾ ਕਿ ਪਿੰਡ ਕਿੰਗਰਾ ਚੋ ਵਾਲਾ ਦੇ ਵਾਸੀਆਂ ਦਾ ਮੰਗ ਪੱਤਰ ਨੂੰ ਅਮਲੀ ਰੂਪ ਦੇ ਕੇ ਪੁਲੀਸ ਵਿਭਾਗ ਦੇ ਉੱਚ ਅਧਿਕਾਰੀਆਂ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਨਸ਼ਿਆਂ ਦੇ ਤਸਕਰਾਂ ਨੂੰ ਕਾਬੂ ਕਰ ਲਿਆ ਜਾਵੇਗਾ।