ਅੰਤਰਰਾਸ਼ਟਰੀ ਸਮਾਜ ਸੇਵੀ ਅਤੇ ‘ਪੀਸੀਟੀ ਹਿਊਮੈਨਿਟੀ’ ਦੇ ਬਾਨੀ ਡਾ. ਜੋਗਿੰਦਰ ਸਿੰਘ ਸਲਾਰੀਆ ਦੀ ਅਗਵਾਈ ਹੇਠ ਖ਼ਾਲਸਾ ਰਾਜ ਦੇ ਸੰਸਥਾਪਕ ਅਤੇ ਮਹਾਨ ਸਿੱਖ ਸੈਨਾਪਤੀ ਅਮਰ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ (ਬੰਦਾ ਬੈਰਾਗੀ) ਦੇ ਜਨਮ ਸਥਾਨ ਰਾਜੌਰੀ ਲਈ ਤਿੰਨ ਰੋਜ਼ਾ ਧਾਰਮਿਕ ਯਾਤਰਾ ਜੈਕਾਰਿਆਂ ਦੀ ਗੂੰਜ ਨਾਲ ਅੱਜ ਪਠਾਨਕੋਟ ਤੋਂ ਰਵਾਨਾ ਹੋਈ। ਜਿਸ ਵਿਚ ਅਯੁੱਧਿਆ ਦੇ ਰਾਮਾਨੰਦੀ ਸ਼੍ਰੀ ਵੈਸ਼ਣਵ ਸੰਪਰਦਾ ਦੇ ਸੰਤ ਮਹੰਤ ਆਸ਼ੀਸ਼ ਦਾਸ ਨੇ ਵਿਸ਼ੇਸ਼ ਸ਼ਮੂਲੀਅਤ ਕੀਤੀ। ਇਹ ਯਾਤਰਾ ਕਈ ਇਤਿਹਾਸਕ ਗੁਰਦੁਆਰਿਆਂ ਤੋਂ ਲੰਘਦਿਆਂ ਸ਼ਾਮ ਤੱਕ ਰਾਜੌਰੀ ਪਹੁੰਚੇਗੀ, ਜਿੱਥੇ 27 ਸਤੰਬਰ ਨੂੰ ਗੁਰਦੁਆਰਾ ਜਨਮ ਸਥਾਨ ਵਿਖੇ ਮੁਫ਼ਤ ਮੈਡੀਕਲ ਕੈਂਪ ਲਗਾਇਆ ਜਾਵੇਗਾ ਅਤੇ 28 ਸਤੰਬਰ ਨੂੰ ਇਹ ਯਾਤਰਾ ਪਠਾਨਕੋਟ ਦੀ ਵਾਪਸੀ ਨਾਲ ਸੰਪੂਰਨ ਹੋਵੇਗੀ।
ਯਾਤਰਾ ਦੇ ਪ੍ਰਬੰਧਕ ਗੁਰਮਿੰਦਰ ਸਿੰਘ ਚਾਵਲਾ ਨੇ ਦੱਸਿਆ ਕਿ ਗੁਰਬਾਣੀ ਅਤੇ ਸ਼ਬਦ ਕੀਰਤਨ ਦੁਆਰਾ ਨਾਮ ਨਾਲ ਰੰਗੀ ਹੋਈ ਜਗਿਆਸੂ ਸੰਗਤ ਦਾ ਜੰਮੂ ਦੇ ਕਠੂਆ ਵਿਖੇ ਜ਼ਿਲ੍ਹਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਚਰਨਜੀਤ ਸਿੰਘ ਅਤੇ ਸਥਾਨਕ ਸੰਗਤ ਨੇ ਭਰਵਾਂ ਸਵਾਗਤ ਕੀਤਾ। ਡਾ. ਜੋਗਿੰਦਰ ਸਿੰਘ ਸਲਾਰੀਆ ਨੇ ਕਿਹਾ ਕਿ, ਬਾਬਾ ਬੰਦਾ ਸਿੰਘ ਬਹਾਦਰ ਕੇਵਲ ਸਿੱਖ ਕੌਮ ਦੇ ਹੀ ਨਾਇਕ ਨਹੀਂ ਬਲਕਿ ਸਮੁੱਚੀ ਮਾਨਵਤਾ ਲਈ ਪ੍ਰੇਰਣਾ ਸਰੋਤ ਹਨ। ਉਨ੍ਹਾਂ ਲੋਕਾਂ ਨੂੰ ਆਪਣੀਆਂ ਵਿਰਾਸਤੀ ਜੜ੍ਹਾਂ ਨੂੰ ਹੋਰ ਮਜ਼ਬੂਤ ਕਰਨ ਦੀ ਅਪੀਲ ਕੀਤੀ। ਉਨ੍ਹਾਂ ਜ਼ੋਰ ਦਿੰਦਿਆਂ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਨੂੰ ਕਦੇ ਵੀ ਨਹੀਂ ਭੁੱਲਣਾ ਚਾਹੀਦਾ, ਜਿਹੜੇ ਆਪਣੇ ਧਰਮ ਤੇ ਮਨੁੱਖਤਾ ਲਈ ਸ਼ਹੀਦ ਹੋਏ।