ਰੈੱਡ ਕਰਾਸ ਸੁਸਾਇਟੀ ਨੂੰ ਲੋਕ ਭਲਾਈ ਗਤੀਵਿਧੀਆਂ ਹੋਰ ਤੇਜ਼ ਕਰਨ ਦੇ ਹੁਕਮ
ਜਸਬੀਰ ਸਿੰਘ ਚਾਨਾ
ਕਪੂਰਥਲਾ, 23 ਜੂਨ
ਡਿਪਟੀ ਕਮਿਸ਼ਨਰ ਤੇ ਰੈੱਡ ਕਰਾਸ ਸੁਸਾਇਟੀ ਕਪੂਰਥਲਾ ਦੇ ਪ੍ਰਧਾਨ ਅਮਿਤ ਕੁਮਾਰ ਪੰਚਾਲ ਨੇ ਰੈੱਡ ਕਰਾਸ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਲੋਕ ਭਲਾਈ ਦੇ ਖੇਤਰ ਵਿੱਚ ਆਪਣੀਆਂ ਗਤੀਵਿਧੀਆਂ ਨੂੰ ਹੋਰ ਤੇਜ਼ ਕਰਨ।
ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਰੈੱਡ ਕਰਾਸ ਸੁਸਾਇਟੀ ਦੀ ਕਾਰਜਕਾਰੀ ਕਮੇਟੀ ਦੀ ਮੀਟਿੰਗ ਦੌਰਾਨ ਰੈੱਡ ਕਰਾਸ ਦੀਆਂ ਗਤੀਵਿਧੀਆਂ ਦੀ ਸਮੀਖਿਆ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਲੋੜਵੰਦਾਂ ਦੀ ਮਦਦ ਲਈ ਰੈੱਡ ਕਰਾਸ ਸੁਸਾਇਟੀ ਹੋਰ ਤਨਦੇਹੀ ਨਾਲ ਕੰਮ ਕਰੇ।
ਉੁਨ੍ਹਾਂ ਕਿਹਾ ਕਿ ਲੜਕੀਆਂ ਨੂੰ ਕਿੱਤਾਮੁਖੀ ਸਿਖਲਾਈ ਜਿਸ ’ਚ ਬਿਊਟੀ ਪਾਰਲਰ, ਸਿਲਾਈ- ਕਢਾਈ, ਕੁਕਿੰਗ, ਕੰਪਿਊਟਰ ਸਿੱਖਿਆ ਆਦਿ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ ਤਾਂ ਜੋ ਲੋੜਵੰਦ ਲੜਕੀਆਂ ਸਿਖਲਾਈ ਲੈ ਕੇ ਆਪਣਾ ਰੁਜ਼ਗਾਰ ਸ਼ੁਰੂ ਕਰ ਸਕਣ। ਪੰਚਾਲ ਨੇ ਕਿਹਾ ਕਿ ਰੈਡ ਕਰਾਸ ਰਾਹੀਂ ਲੋੜਵੰਦਾਂ ਨੂੰ ਸਿੱਖਿਆ ਤੇ ਇਲਾਜ ਲਈ ਵੱਧ ਤੋਂ ਵੱਧ ਸਹਾਇਤਾ ਪ੍ਰਦਾਨ ਕੀਤੀ ਜਾਣੀ ਯਕੀਨੀ ਬਣਾਈ ਜਾਵੇ। ਇਸ ਤੋਂ ਇਲਾਵਾ ਅੰਗਹੀਣਾਂ ਨੂੰ ਟ੍ਰਾਈਸਾਈਕਲ ਵੰਡਣ ਦਾ ਕੰਮ ਲਗਾਤਾਰ ਕੀਤਾ ਜਾਵੇ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਨਵਨੀਤ ਕੌਰ ਬੱਲ, ਵਧੀਕ ਡਿਪਟੀ ਕਮਿਸ਼ਨਰ ਵਿਕਾਸ ਵਰਿੰਦਰਪਾਲ ਸਿੰਘ ਬਾਜਵਾ, ਐਸਡੀਐਮ ਡੈਵੀ ਗੋਇਲ ਭੁਲੱਥ, ਅਲਕਾ ਕਾਲੀਆ ਸੁਲਤਾਨਪੁਰ ਲੋਧੀ, ਮੇਜਰ ਇਰਵਿਨ ਕੌਰ ਕਪੂਰਥਲਾ ਤੇ ਸੁਸਾਇਟੀ ਦੇ ਗੈਰ ਸਰਕਾਰੀ ਮੈਂਬਰ ਵੀ ਹਾਜ਼ਰ ਸਨ।