ਮੀਂਹ ਦੀ ਪੇਸ਼ੀਨਗੋਈ: ਡੀਸੀ ਤੇ ਵਿਧਾਇਕ ਵੱਲੋਂ ਰਾਵੀ ਨਾਲ ਲੱਗਦੇ ਇਲਾਕਿਆਂ ਦਾ ਦੌਰਾ
ਡੀਸੀ ਵੱਲੋਂ ਲੋਕਾਂ ਨੂੰ ਸੁਚੇਤ ਰਹਿਣ ਦੀ ਅਪੀਲ; ਦਰਿਆਵਾਂ ਦੇ ਕੰਢੇ ਨਾ ਜਾਣ ਦੀ ਹਦਾਇਤ
ਸੂਬੇ ਦੇ ਕੁੱਝ ਹਿੱਸਿਆਂ ਵਿੱਚ ਮੌਸਮ ਵਿਭਾਗ ਵੱਲੋਂ ਕੀਤੀ ਗਈ ਭਾਰੀ ਮੀਂਹ ਦੀ ਪੇਸ਼ਨੀਗੋਈ ਦੇ ਮੱਦੇਨਜ਼ਰ ਇੱਥੇ ਰਾਵੀ ਦਰਿਆ ਨੇੜਲੇ ਇਲਾਕਿਆਂ ਵਿੱਚ ਚੱਲ ਰਹੇ ਬੰਨਾਂ ਨੂੰ ਪੂਰਨ ਦੇ ਕੰਮ ’ਚ ਤੇਜ਼ੀ ਲਿਆਂਦੀ ਗਈ ਹੈ।
ਭਾਵੇਂ ਕਾਫੀ ਬੰਨ ਪੂਰੇ ਜਾ ਚੁੱਕੇ ਹਨ ਪਰ ਬਾਕੀ ਰਹਿੰਦੇ ਕੰਮ ਨੂੰ ਪੂਰਾ ਕਰਨ ਵਾਸਤੇ ਤੇਜ਼ੀ ਲਿਆਂਦੀ ਗਈ ਹੈ। ਇਸ ਦੌਰਾਨ ਅੱਜ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਅਤੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਰਾਵੀ ਦਰਿਆ ਦੇ ਨੇੜਲੇ ਇਲਾਕਿਆਂ ਦਾ ਦੌਰਾ ਕੀਤਾ। ਦੱਸਣਯੋਗ ਹੈ ਕਿ ਇਹ ਖੇਤਰ ਪਹਿਲਾਂ ਆਏ ਹੜ੍ਹਾਂ ਤੋਂ ਅਜੇ ਉਭਰ ਨਹੀਂ ਸਕਿਆ ਕਿ ਮੁੜ ਨਵੀ ਸੰਭਾਵਨਾ ਨੇ ਲੋਕਾਂ ਨੂੰ ਚਿੰਤਾ ਵਿੱਚ ਪਾ ਦਿੱਤਾ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮੀਂਹ ਦੌਰਾਨ ਡੈਮਾਂ ਤੋਂ ਪਾਣੀ ਛੱਡਣ ਕਾਰਨ ਰਾਵੀ ਅਤੇ ਬਿਆਸ ਦਰਿਆ ਦੇ ਪਾਣੀ ਦੇ ਪੱਧਰ ਵਿੱਚ ਕੁੱਝ ਉਤਾਰ-ਚੜਾਅ ਹੋ ਸਕਦਾ ਹੈ। ਉਨ੍ਹਾਂ ਦੱਸਿਆ ਕਿ ਫਿਲਹਾਲ ਰਾਵੀ ਤੇ ਬਿਆਸ ਵਿੱਚ ਪਾਣੀ ਬਿਲਕੁਲ ਕੰਟਰੋਲ ਵਿੱਚ ਚੱਲ ਰਿਹਾ ਹੈ ਪਰ ਪਹਾੜਾਂ ਵਿੱਚ ਮੀਂਹ ਪੈਣ ਦੀਆਂ ਸੰਭਾਵਨਾਵਾਂ ਕਾਰਨ ਡੈਮਾਂ ਤੋਂ ਪਾਣੀ ਛੱਡਿਆ ਗਿਆ ਹੈ, ਜਿਸ ਕਾਰਨ ਪਾਣੀ ਦਾ ਪੱਧਰ ਵੱਧ ਸਕਦਾ ਹੈ, ਇਸ ਲਈ ਦਰਿਆ ਪਾਰ ਜਾਣ ਤੋਂ ਸੰਕੋਚ ਕੀਤਾ ਜਾਵੇ। ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਵੀ ਸਮੂਹ ਵਸਨੀਕਾਂ ਨੂੰ ਬੇਨਤੀ ਕੀਤੀ ਕਿ ਇਸ ਸਮੇਂ ਦੌਰਾਨ ਦਰਿਆ ਪਾਰ ਕਰਨ ਦੀ ਕੋਸ਼ਿਸ਼ ਨਾ ਕੀਤੀ ਜਾਵੇ ਅਤੇ ਕਿਸਾਨ ਤੇ ਪਸ਼ੂ ਪਾਲਕ ਆਪਣੇ ਪਸ਼ੂਆਂ ਨੂੰ ਦਰਿਆ ਦੇ ਕੰਢੇ ਜਾਂ ਦਰਿਆ ਦੇ ਅੰਦਰ ਨਾ ਜਾਣ ਦੇਣ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਰਾਵੀ ਵਿੱਚ 21 ਚੋਅ, ਖੱਡਾਂ ਅਤੇ ਨਾਲਿਆਂ ਦੇ ਨਾਲ-ਨਾਲ ਉੱਝ ਨਦੀ ਤੋਂ ਪਾਣੀ ਆ ਕੇ ਪੈਂਦਾ ਹੈ, ਇਸ ਲਈ ਘੋਨੇਵਾਲ ਵਿੱਚ ਪਾਣੀ ਦੇ ਸਹੀ ਪੱਧਰ ਦੀ ਜਾਂਚ ਕਰਨ ਲਈ ਇੱਕ ਗੇਜ ਲਗਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਵਿਭਾਗ ਨੂੰ ਵੱਖ-ਵੱਖ ਚੋਅ ਥਾਵਾਂ ’ਤੇ ਗੇਜ ਸਥਾਪਤ ਕਰਨ ਲਈ ਹਦਾਇਤ ਕੀਤੀ ਹੈ। ਦੱਸਣਯੋਗ ਹੈ ਕਿ ਮੌਸਮ ਵਿਭਾਗ ਦੀ ਪੇਸ਼ੀਨਗੋਈ ਕਠੂਆ, ਗੁਰਦਾਸਪੁਰ, ਸਾਂਭਾ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਦਿਖਾ ਰਹੀ ਹੈ, ਜੋ ਰਾਵੀ ਨਦੀ ਦੇ ਚੋਅ ਅਤੇ ਖੱਡਾਂ ਵਿੱਚ ਪਾਣੀ ਭਰਦੀ ਹੈ।