ਮੀਂਹ ਨੇ ਗਰਮੀ ਤੋਂ ਰਾਹਤ ਦਿਵਾਈ
ਹਤਿੰਦਰ ਮਹਿਤਾ
ਜਲੰਧਰ , 21 ਮਈ
ਇੱਥੇ ਅੱਜ ਸ਼ਾਮ ਸਮੇਂ ਹਨੇਰਾ ਛਾ ਗਿਆ। ਇਸ ਦੇ ਨਾਲ ਹੀ ਹਨੇਰੀ ਅਤੇ ਗਰਜ ਨਾਲ ਪਏ ਤੇਜ਼ ਮੀਂਹ ਨੇ ਮੌਸਮ ਖੁਸ਼ਗਵਾਰ ਕਰ ਦਿੱਤਾ। ਮੀਂਹ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਵੀ ਮਿਲੀ ਹੈ। ਅੱਜ ਸਵੇਰ ਤੋਂ ਕਾਫ਼ੀ ਗਰਮੀ ਪੈ ਰਹੀ ਸੀ ਪਰ ਸ਼ਾਮ ਪੰਜ ਵਜੇ ਦੇ ਕਰੀਬ ਅਚਾਨਕ ਮੌਸਮ ਤਬਦੀਲ ਹੋ ਗਿਆ ਅਤੇ ਬੱਦਲਵਾਈ ਹੋ ਗਈ। ਇਸ ਤੋਂ ਬਾਅਦ ਹਨੇਰਾ ਛਾ ਗਿਆ ਅਤੇ ਹਨੇਰੀ ਚੱਲ ਪਈ। ਹਨੇਰੀ ਤੋਂ ਬਾਅਦ ਪਏ ਤੇਜ਼ ਮੀਂਹ ਅਤੇ ਗੜੇਮਾਰੀ ਨੇ ਲੋਕਾਂ ਨੂੰ ਅਤਿ ਦੀ ਗਰਮੀ ਤੋਂ ਰਾਹਤ ਦਿਵਾਈ। ਜਾਣਕਾਰੀ ਮੁਤਾਬਕ ਨਕੋਦਰ, ਆਦਮਪੁਰ, ਕਠਾਰ, ਅਲਾਵਲਪੁਰ, ਜਮਸ਼ੇਰ ਸਮੇਤ ਹੋਰ ਕਈ ਥਾਵਾਂ ’ਤੇ ਵੀ ਮੀਂਹ ਪੈਣ ਨਾਲ ਤਾਪਮਾਨ ਵਿੱਚ ਕਮੀ ਆਈ ਹੈ। ਤੇਜ਼ ਹਨੇਰੀ ਕਾਰਨ ਕਈ ਥਾਵਾਂ ’ਤੇ ਬਿਜਲੀ ਸਪਲਾਈ ਬੰਦ ਹੋ ਗਈ ਤੇ ਆਵਾਜਾਈ ਵਿੱਚ ਵੀ ਵਿਘਨ ਪਿਆ। ਤੇਜ਼ ਹਨੇਰੀ ਕਾਰਨ ਅੰਬ ਅਤੇ ਅਮਰੂਦਾਂ ਦੇ ਬਾਗਾਂ ਨੂੰ ਕਾਫ਼ੀ ਨੁਕਸਾਨ ਹੋਇਆ। ਬਾਗ਼ ਠੇਕੇ ’ਤੇ ਲੈਣ ਵਾਲੇ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਅੱਜ ਤੇਜ਼ ਹਨੇਰੀ ਕਾਰਨ ਬੂਟਿਆਂ ਨੂੰ ਲੱਗਾ ਫ਼ਲ ਝੜ ਗਿਆ ਜਿਸ ਕਾਰਨ ਉਸ ਨੂੰ ਕਾਫੀ ਨੁਕਸਾਨ ਹੋਇਆ ਹੈ। ਇਸੇ ਤਰ੍ਹਾਂ ਕਾਲਾ ਸੰਘਿਆਂ ਇਲਾਕੇ ਵਿੱਚ ਤਰਬੂਜ਼ ਤੇ ਖਰਬੂਜੇ ਦੀ ਫ਼ਸਲ ਵੀ ਨੁਕਸਾਨੀ ਗਈ। ਅਸ਼ੋਕ ਜੋਸ਼ੀ ਨੇ ਦੱਸਿਆ ਕਿ ਇਸ ਸਾਲ ਉਸ ਨੇ 5 ਏਕੜ ਵਿੱਚ ਤਰਬੂਜ਼ ਖਰਬੂਜੇ ਦੀ ਖੇਤੀ ਕੀਤੀ ਸੀ ਤੇ ਫ਼ਸਲ ਦਾ ਰੇਟ ਵੀ ਠੀਕ ਮਿਲ ਰਿਹਾ ਸੀ ਪਰ ਅੱਜ ਪਏ ਮੀਂਹ ਨੇ ਉਸ ਦੀ ਫ਼ਸਲ ਖਰਾਬ ਕਰ ਦਿੱਤੀ।