ਚੱਕੀ ਦਰਿਆ ’ਚ ਹੜ੍ਹ ਕਾਰਨ ਰੇਲਵੇ ਪੁਲ ਨੁਕਸਾਨੇ ਜਾਣ ਦਾ ਖ਼ਦਸ਼ਾ
ਐੱਨਪੀ ਧਵਨ
ਪਠਾਨਕੋਟ, 21 ਜੁਲਾਈ
ਹਿਮਾਚਲ ਪ੍ਰਦੇਸ਼ ਦੇ ਖੇਤਰ ਵਿੱਚ ਹੋਈ ਮੂਸਲਾਧਾਰ ਬਾਰਸ਼ ਕਾਰਨ ਪਠਾਨਕੋਟ ਕੋਲੋਂ ਲੰਘਦੇ ਚੱਕੀ ਦਰਿਆ ਵਿੱਚ ਅਚਾਨਕ ਆਏ ਹੜ੍ਹ ਦੇ ਪਾਣੀ ਨਾਲ ਇੱਥੇ ਦਰਿਆ ’ਤੇ ਬਣੇ ਜੰਮੂ-ਜਲੰਧਰ ਰੇਲਵੇ ਟਰੈਕ ਵਾਲੇ ਸਟੀਲ ਪੁਲ ਦੇ ਹੇਠੋਂ ਜ਼ਮੀਨ ਨੂੰ ਖੋਰਾ ਲੱਗ ਗਿਆ ਹੈ। ਇਸ ਨਾਲ ਪੁਲ ਨੂੰ ਨੁਕਸਾਨ ਪੁੱਜਣ ਦਾ ਖਦਸ਼ਾ ਪੈਦਾ ਹੋ ਗਿਆ ਹੈ। ਇਸ ਦੇ ਨਾਲ ਹੀ ਪੁਲ ਦੇ ਅੱਗੇ ਜਾ ਕੇ ਪਠਾਨਕੋਟ ਸਿਵਲ ਹਵਾਈ ਅੱਡੇ ਨੂੰ ਜਾਣ ਵਾਲੇ ਰਸਤਾ ਵੀ ਹੜ੍ਹ ਦੇ ਪਾਣੀ ਦੀ ਚਪੇਟ ਵਿੱਚ ਆਉਣ ਦਾ ਖ਼ਤਰਾ ਹੈ। ਜਿਸ ਕਰਕੇ ਇਸ ਰਸਤੇ ਉਪਰੋਂ ਟਰੈਫਿਕ ਲੰਘਣਾ ਬੰਦ ਕਰ ਦਿੱਤਾ ਗਿਆ ਹੈ।
ਇਸ ਤਰ੍ਹਾਂ ਇਸ ਰਸਤੇ ਤੋਂ ਹਿਮਾਚਲ ਦੇ ਕਰੀਬ ਅੱਧੀ ਦਰਜਨ ਪੈਂਦੇ ਪਿੰਡਾਂ ਮਾਜਰਾ ਵਗੈਰਾ ਦਾ ਪਠਾਨਕੋਟ ਨਾਲ ਲਿੰਕ ਟੁੱਟ ਗਿਆ। ਇਸ ਤੋਂ ਇਲਾਵਾ ਜਿਸ ਤਰ੍ਹਾਂ ਹੜ੍ਹ ਦੇ ਪਾਣੀ ਨਾਲ ਕਟਾਵ ਹੋ ਰਿਹਾ ਹੈ, ਉਸ ਨਾਲ ਪੁਲ ਦੇ ਅੱਪ-ਸਟਰੀਮ ਵਾਲੇ ਪਾਸੇ ਸੈਲੀ ਕੁੱਲੀਆਂ ਅਤੇ ਬੇਦੀ ਬੱਜਰੀ ਕੰਪਨੀ ਦੀ ਆਬਾਦੀ ਅੰਦਰ ਵੀ ਲੋਕ ਸਹਿਮ ਗਏ ਹਨ। ਉਨ੍ਹਾਂ ਨੂੰ ਚਿੰਤਾ ਸਤਾਉਣ ਲੱਗੀ ਹੈ ਕਿ ਕਿਧਰੇ ਹੜ੍ਹ ਦਾ ਪਾਣੀ ਸੜਕ ਨੂੰ ਤੋੜ ਕੇ ਉਨ੍ਹਾਂ ਦੇ ਘਰਾਂ ਤੱਕ ਨਾ ਆ ਜਾਵੇ। ਲੋਕਾਂ ਦਾ ਕਹਿਣਾ ਹੈ ਕਿ ਦਰਿਆ ਅੰਦਰ ਹੋ ਰਹੀ ਨਾਜਾਇਜ਼ ਮਾਈਨਿੰਗ ਕਾਰਨ ਪਾਣੀ ਦਾ ਤੇਜ਼ ਵਹਾਅ ਵਧ ਗਿਆ ਹੈ ਜੋ ਕਟਾਵ ਦਾ ਕਾਰਨ ਬਣਿਆ ਹੈ।
ਨਾਜਾਇਜ਼ ਮਾਈਨਿੰਗ ਨੂੰ ਅਜੇ ਤੱਕ ਨਾ ਤਾਂ ਪੰਜਾਬ ਸਰਕਾਰ ਹੀ ਅਤੇ ਨਾ ਹੀ ਹਿਮਾਚਲ ਸਰਕਾਰ ਰੋਕ ਸਕੀਆਂ ਹਨ। ਲੋਕਾਂ ਨੇ ਇਸ ਗੱਲ ’ਤੇ ਵੀ ਸਵਾਲ ਕੀਤਾ ਕਿ ਡਰੇਨੇਜ ਵਿਭਾਗ ਖੋਰੇ ਨੂੰ ਬਚਾਉਣ ਲਈ ਕੀਤੇ ਜਾਣ ਵਾਲੇ ਪ੍ਰੋਟੈਕਸ਼ਨ ਵਰਕਸ (ਪੱਥਰਾਂ ਦੇ ਕਰੇਟ, ਰਿਟੇਨਿੰਗ ਦੀਵਾਰ ਵਗੈਰਾ) ਮੌਨਸੂਨ ਦੇ ਐਨ ਮੌਕੇ ’ਤੇ ਆਉਣ ਨੇੜੇ ਸ਼ੁਰੂ ਕਰਦਾ ਹੈ। ਜਦਕਿ ਬਾਕੀ ਸਾਰਾ ਸਾਲ ਕੋਈ ਕੰਮ ਨਹੀਂ ਕੀਤਾ ਜਾਂਦਾ।