ਦੀਪਕ ਠਾਕੁਰ
ਤਲਵਾੜਾ, 19 ਮਈ
ਬਰਿੰਗਲੀ ਖੱਡ ਵਿਚ ਖਣਨ ਰੋਕੋ ਜ਼ਮੀਨ ਬਚਾਓ ਸੰਘਰਸ਼ ਕਮੇਟੀ ਤਲਵਾੜਾ ਦੇ ਆਗੂ ਮਨੋਜ ਕੁਮਾਰ ਉਤੇ ਅੱਜ ਰਾਤ ਅਣਪਛਾਤੇ ਨਕਾਬਪੋਸ਼ ਵਿਅਕਤੀਆਂ ਨੇ ਹਮਲਾ ਕਰ ਕੇ ਜ਼ਖਮੀ ਕਰ ਦਿੱਤਾ ਹੈ।
ਸਥਾਨਕ ਬੀਬੀਐਮਬੀ ਹਸਪਤਾਲ ਵਿਚ ਜ਼ੇਰੇ ਇਲਾਜ ਮਨੋਜ ਕੁਮਾਰ ਨੇ ਦੱਸਿਆ ਕਿ ਉਹ ਰਾਤ ਕਰੀਬ 8.10 ਵਜੇ ਆਪਣੀ ਮਹੂ ਦੀ ਹੱਟੀ ਵਿਚ ਦੁਕਾਨ ਤੋਂ ਘਰ ਪਲਾਹੜ ਜਾ ਰਹੇ ਸਨ ਤਾਂ ਰਸਤੇ ਵਿੱਚ ਸੰਜੂ ਦੇ ਢਾਬੇ ਕੋਲ ਇੱਕ ਚਿੱਟੇ ਰੰਗ ਦੀ ਗੱਡੀ ਖੜ੍ਹੀ ਸੀ, ਜਿਵੇਂ ਹੀ ਉਸ ਨੇ ਗੱਡੀ ਨੂੰ ਕਰਾਸ ਕੀਤਾ ਤਾਂ ਗੱਡੀ ਚਾਲਕ ਨੇ ਉਸਦੀ ਸਕੂਟੀ ਨੂੰ ਦੋ ਵਾਰ ਹਿੱਟ ਕਰਨ ਦੀ ਕੋਸ਼ਿਸ਼ ਕੀਤੀ, ਉਸ ਨੇ ਹਨੇਰੇ ਦਾ ਲਾਭ ਉਠਾਉਂਦਿਆਂ ਖੱਡ ਵਿਚ ਛਾਲ ਮਾਰ ਦਿੱਤੀ। ਇਸ ਉਪਰੰਤ ਗੱਡੀ ਵਿਚੋਂ ਨਿਕਲੇ ਨਕਾਬਪੋਸ਼ ਚਾਰ ਵਿਅਕਤੀਆਂ ਨੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਮਨੋਜ ਕੁਮਾਰ ਨੇ ਦੱਸਿਆ ਕਿ ਉਹ ਦੌੜ ਕੇ ਘਰ ਪਹੁੰਚਿਆ ਅਤੇ ਆਪਣੀ ਜਾਨ ਬਚਾਈ। ਮੀਡੀਆ ਨਾਲ ਗੱਲਬਾਤ ਕਰਦਿਆਂ ਉਸ ਨੇ ਦੱਸਿਆ ਕਿ ਉਸ ਨੂੰ ਪਿਛਲੇ ਦੋ ਕੁ ਦਿਨਾਂ ਤੋਂ ਆਪਣੇ ਉਤੇ ਹਮਲੇ ਦਾ ਅੰਦੇਸ਼ਾ ਸੀ ਕਿਉਂਕਿ ਸਥਾਨਕ ਕਰੱਸ਼ਰ ਮਾਲਕ ਤੇ ਗੈਰ ਕਾਨੂੰਨੀ ਖਣਨ ਵਿਚ ਸ਼ਾਮਲ ਵਿਅਕਤੀ ਉਸ ਨੂੰ ਵਟਸਐਪ ਰਾਹੀਂ ਧਮਕੀਆਂ ਦੇ ਰਹੇ ਸਨ। ਉਨ੍ਹਾਂ ਪੁਲੀਸ ਤੋਂ ਇਸ ਮਾਮਲੇ ’ਤੇ ਕਾਰਵਾਈ ਦੀ ਮੰਗ ਕੀਤੀ ਹੈ।