ਇੱਥੋਂ ਦੇ ਲਾਜਵੰਤੀ ਮਲਟੀਪਰਪਜ਼ ਸਟੇਡੀਅਮ ਵਿੱਚ ਪੰਜਾਬ ਸਕੂਲ ਸਿੱਖਿਆ ਦੇ ਜ਼ਿਲ੍ਹਾ ਪੱਧਰੀ ਪ੍ਰਾਇਮਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ ਮੁੱਖ ਮਹਿਮਾਨ ਵਿਧਾਇਕ ਬ੍ਰਮ ਸ਼ੰਕਰ ਜਿੰਪਾ ਵੱਲੋਂ ਉਦਘਾਟਨ ਕਰਨ ਨਾਲ ਹੋਈ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਨਿਕਾਸ ਕੁਮਾਰ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ।
ਬੱਚਿਆਂ ਨੂੰ ਸੰਬੋਧਨ ਕਰਦਿਆਂ ਵਿਧਾਇਕ ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਯਤਨਸ਼ੀਲ ਹੈ। ਉਨ੍ਹਾਂ ਕਿਹਾ ਕਿ ਇਹ ਛੋਟੇ ਬੱਚੇ ਹਨ ਜੋ ਖੇਡਾਂ ਦੇ ਮੈਦਾਨ ਵਿੱਚ ਆਪਣਾ ਪਸੀਨਾ ਵਹਾਉਂਦੇ ਹਨ ਜੋ ਬਾਅਦ ਵਿੱਚ ਅੰਤਰਰਾਸ਼ਟਰੀ ਪੱਧਰ ’ਤੇ ਸੂਬੇ ਅਤੇ ਦੇਸ਼ ਦਾ ਨਾਮ ਰੌਸ਼ਨ ਕਰਦੇ ਹਨ। ਇਹ ਬੱਚੇ ਕੇਂਦਰ ਅਤੇ ਬਲਾਕ ਪੱਧਰ ਦੇ ਮੁਕਾਬਲੇ ਜਿੱਤਣ ਤੋਂ ਬਾਅਦ ਹੁਣ ਜ਼ਿਲ੍ਹਾ ਪੱਧਰ ’ਤੇ ਪਹੁੰਚ ਗਏ ਹਨ, ਜੋ ਉਨ੍ਹਾਂ ਦੀ ਸਖ਼ਤ ਮਿਹਨਤ ਅਤੇ ਲਗਨ ਦਾ ਪ੍ਰਤੀਕ ਹੈ।
ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਅਮਨਦੀਪ ਸ਼ਰਮਾ ਨੇ ਮੁੱਖ ਮਹਿਮਾਨ ਦਾ ਸਵਾਗਤ ਕਰਦਿਆਂ ਕਿਹਾ ਕਿ ਇਹ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਅੱਜ ਦੇਸ਼ ਦੀਆਂ ਕ੍ਰਿਕਟ ਅਤੇ ਹਾਕੀ ਟੀਮਾਂ ਦੇ ਕਪਤਾਨ ਪੰਜਾਬ ਤੋਂ ਹਨ, ਜੋ ਇਸ ਗੱਲ ਦਾ ਸਬੂਤ ਹੈ ਕਿ ਸੂਬੇ ਵਿੱਚ ਖੇਡ ਪ੍ਰਤਿਭਾ ਦੀ ਕੋਈ ਕਮੀ ਨਹੀਂ ਹੈ। ਸਟੇਜ ਦਾ ਸੰਚਾਲਨ ਦੀਪਕ ਵਸ਼ਿਸ਼ਠ ਨੇ ਕੁਸ਼ਲਤਾ ਨਾਲ ਕੀਤਾ। ਇਸ ਮੌਕੇ ਜ਼ਿਲ੍ਹਾ ਖੇਡ ਅਫ਼ਸਰ ਗੁਰਪ੍ਰੀਤ ਸਿੰਘ, ਸਹਾਇਕ ਲੋਕ ਸੰਪਰਕ ਅਫ਼ਸਰ ਲੋਕੇਸ਼ ਚੌਬੇ, ਮਨੀ ਗੋਗੀਆ, ਪ੍ਰਿੰਸੀਪਲ ਸ਼ੈਲੇਂਦਰ ਠਾਕੁਰ, ਪ੍ਰਿੰਸੀਪਲ ਤ੍ਰਿਲੋਚਨ ਸਿੰਘ, ਲੈਕਚਰਾਰ ਸੰਦੀਪ ਸੂਦ, ਚੰਦਰ ਪ੍ਰਕਾਸ਼ ਸਿੰਘ ਸੈਣੀ, ਜ਼ਿਲ੍ਹਾ ਕੋਆਰਡੀਨੇਟਰ ਰਜਨੀਸ਼ ਗੁਲਿਆਨੀ, ਬੀ.ਪੀ.ਈ.ਓ ਜਸਵਿੰਦਰ ਪਾਲ ਬਾਂਸਲ, ਚਰਨਜੀਤ ਸਿੰਘ ਸਿੱਧੂ, ਰਾਜ ਕੁਮਾਰ, ਹੈਡ ਟੀਚਰ ਰਮਨ ਕੁਮਾਰ, ਰਮਨ ਕੁਮਾਰ ਐਰੀ, ਉਂਕਾਰ ਸਿੰਘ ਸੂਸ, ਮਨਜੀਤ ਸਿੰਘ ਲਲੀਆ, ਹਰਪ੍ਰੀਤ ਕੌਰ, ਪੂਨਮ ਰਾਜਪੂਤ, ਜਸਵੀਰ ਸਿੰਘ, ਨਿਤਿਨ ਸੂਮਨ, ਮੂਨੀਤ ਖੰਨਾ ਆਦਿ ਵੀ ਮੌਜੂਦ ਸਨ।

