PUNJAB FLOODS: ਬੁਰਜੀ ਨੰਬਰ 96 ਦੀ ਨੋਚ ਨੂੰ ਦਰਿਆ ਸਤਲੁਜ ਵੱਲੋਂ ਲਗਾਈ ਢਾਹ
ਸਤਲੁਜ ਦਰਿਆ ਵਿੱਚ ਪਾਣੀ ਦੇ ਤੇਜ਼ ਵਹਾਅ ਨੇ ਪਿੰਡ ਥੰਮੂਵਾਲ ਦੇ ਕੋਲ ਧੁੱਸੀ ਬੰਨ੍ਹ ਦੀ ਬੁਰਜੀ ਨੰਬਰ 96 ਦੀ ਨੋਚ ਨੂੰ ਜ਼ਬਰਦਸਤ ਢਾਹ ਲਗਾਉਣੀ ਸ਼ੁਰੂ ਕਰ ਦਿਤੀ ਹੈ। ਸੰਭਾਵੀ ਖ਼ਤਰੇ ਨੂੰ ਦੇਖਦਿਆ ਕਈ ਪਿੰਡਾਂ ਦੇ ਲੋਕਾਂ ਨੇ ਉੱਚੀਆਂ ਥਾਵਾਂ ’ਤੇ ਜਾਣਾ ਸ਼ੁਰੂ ਕਰ ਦਿਤਾ ਹੈ।
ਪ੍ਰਸ਼ਾਸਨ ਵੱਲੋਂ ਦਰੱਖਤਾਂ ਤੇ ਮਿੱਟੀ ਦੇ ਬੋਰਿਆਂ ਨੂੰ ਬੰਨ੍ਹ ਨੂੰ ਬਚਾਉਣ ਦੀ ਕੋਸ਼ਿਸ ਕੀਤੀ ਜਾ ਰਹੀ ਹੈ ਹਲਕਾ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨੇ ਨੋਚ ਨੂੰ ਲੱਗਣ ਵਾਲੀ ਢਾਹ ’ਤੇ ਜਾ ਕੇ ਤਹਿਸੀਲਦਾਰ ਸ਼ਾਹਕੋਟ ਜਸਪਾਲ ਸਿੰਘ ਬਾਜਵਾ, ਡਰੇਨੇਜ਼ ਵਿਭਾਗ ਦੇ ਅਧਿਕਾਰੀਆਂ ਅਤੇ ਹੜ੍ਹ ਪ੍ਰਭਾਵਿਤ ਲੋਕਾਂ ਨਾਲ ਵਿਸਥਾਰ ਨਾਲ ਗੰਭੀਰ ਬਣੀ ਸਥਿਤੀ ’ਤੇ ਚਰਚਾ ਕੀਤੀ।
ਪੀੜਤਾਂ ਨੇ ਦੱਸਿਆ ਕਿ ਜੇਕਰ ਪ੍ਰਸ਼ਾਸਨ ਨੇ ਸਮੇਂ ਸਿਰ ਕੋਈ ਕਾਰਵਾਈ ਕੀਤੀ ਹੁੰਦੀ ਤਾਂ ਉਨ੍ਹਾਂ ਨੂੰ ਇਹ ਦੇਖਣ ਨੂੰ ਨਾ ਮਿਲਦੇ। ਲੋਕਾਂ ਦੇ ਮਕਾਨ ਢਹਿ ਰਹੇ ਹਨ। ਮਕਾਨਾਂ ਦੀਆਂ ਛੱਤਾਂ ਚੋਅ ਰਹੀਆਂ ਹਨ। ਪਸ਼ੂਆਂ ਦਾ ਚਾਰਾ ਪਾਣੀ ਵਿਚ ਡੁੱਬ ਗਿਆ ਹੈ।
ਉੱਧਰ ਭਾਖੜਾ ਡੈਮ ਤੋਂ ਦਰਿਆ ਸਤਲੁਜ ਵਿਚ ਵੱਡੇ ਪੱਧਰ ’ਤੇ ਅੱਜ ਛੱਡੇ ਜਾ ਰਹੇ ਪਾਣੀ ਦੇ ਖਤਰੇ ਨੂੰ ਭਾਂਪਦਿਆ ਡੀ.ਸੀ ਜਲੰਧਰ ਹਿਮਾਂਸ਼ੂ ਅਗਰਵਾਲ ਨੇ ਦਰਿਆ ਕਿਨਾਰੇ ਰਹਿੰਦੇ ਲੋਕਾਂ ਨੂੰ ਚੌਕਸ ਕਰਦਿਆ ਉਨ੍ਹਾਂ ਨੂੰ ਸੁਰੱਖਿਅਤ ਥਾਵਾਂ ’ਤੇ ਜਾਣ ਦੀ ਅਪੀਲ ਕੀਤੀ ਹੈ।