DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਆਦਿਵਾਸੀਆਂ ’ਤੇ ਹਮਲੇ ਬੰਦ ਕਰਨ ਲਈ ਮੁਜ਼ਾਹਰਾ

‘ਗ਼ਦਰੀ ਵਿਰਾਸਤ ਦੀ ਨਜ਼ਰ ’ਚ: ਜਮਹੂਰੀ ਹੱਕਾਂ ਉਪਰ ਕਾਰਪੋਰੇਟ ਅਤੇ ਫਾਸ਼ੀ ਹੱਲਾ’ ਵਿਸ਼ੇ ’ਤੇ ਚਰਚਾ
  • fb
  • twitter
  • whatsapp
  • whatsapp
featured-img featured-img
ਦੇਸ਼ ਭਗਤ ਯਾਦਗਾਰ ਹਾਲ ਤੋਂ ਪ੍ਰੈੱਸ ਕਲੱਬ ਤੱਕ ਰੋਸ ਮੁਜ਼ਾਹਰਾ ਕਰਦੇ ਹੋਏ ਆਗੂ।
Advertisement

ਹਤਿੰਦਰ ਮਹਿਤਾ

ਜਲੰਧਰ, 26 ਫਰਵਰੀ

Advertisement

ਆਦਿਵਾਸੀ ਖੇਤਰ ਦੇ ਲੋਕਾਂ ਉਪਰ ਵਿੱਢੇ ਚੌਤਰਫ਼ੇ ਹੱਲੇ ਦੇ ਸੰਦਰਭ ’ਚ ‘ਗ਼ਦਰੀ ਵਿਰਾਸਤ ਦੀ ਨਜ਼ਰ ’ਚ: ਜਮਹੂਰੀ ਹੱਕਾਂ ਉਪਰ ਕਾਰਪੋਰੇਟ ਅਤੇ ਫਾਸ਼ੀ ਹੱਲਾ’ ਵਿਸ਼ੇ ਉਪਰ ਗੰਭੀਰ ਵਿਚਾਰ-ਚਰਚਾ ਉਪਰੰਤ ਦੇਸ਼ ਭਗਤ ਯਾਦਗਾਰ ਹਾਲ ਤੋਂ ਪ੍ਰੈੱਸ ਕਲੱਬ ਤੱਕ ਰੋਸ ਮੁਜ਼ਾਹਰਾ ਕਰ ਕੇ ਆਦਿਵਾਸੀ ਖੇਤਰ ’ਚ ਕਤਲੋਗਾਰਦ, ਉਜਾੜਾ, ਜਬਰ ਜ਼ੁਲਮ ਅਤੇ ਜੰਗਲ, ਜਲ, ਜ਼ਮੀਨ ਦੇਸੀ ਬਦੇਸ਼ੀ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਨਾ ਬੰਦ ਕਰਨ ਲਈ ਆਵਾਜ਼ ਬੁਲੰਦ ਕੀਤੀ ਗਈ। ਮੁਜ਼ਾਹਰਾਕਾਰੀਆਂ ਨੇ ਨਾਅਰੇ ਲਾਉਂਦਿਆਂ ਮੰਗ ਕੀਤੀ ਕਿ ਆਦਿਵਾਸੀ ਖੇਤਰ ਵਿੱਚ ਕਤਲੇਆਮ ਫੌਰੀ ਬੰਦ ਕੀਤਾ ਜਾਏ, ਨੀਮ ਫੌਜੀ ਦਲਾਂ ਨੂੰ ਜੰਗਲ ’ਚੋਂ ਬਾਹਰ ਕੱਢਿਆ ਜਾਵੇ, ਅਪਰੇਸ਼ਨ ਕਗਾਰ ਤਹਿਤ ਆਦਿਵਾਸੀਆਂ ’ਤੇ ਜ਼ੁਲਮ ਬੰਦ ਕੀਤੇ ਜਾਣ। ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਪ੍ਰਿਥੀਪਾਲ ਸਿੰਘ ਮਾੜੀਮੇਘਾ, ਵਿੱਤ ਸਕੱਤਰ ਸ਼ੀਤਲ ਸਿੰਘ ਸੰਘਾ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਦੀ ਪ੍ਰਧਾਨਗੀ ’ਚ ਹੋਈ ਵਿਚਾਰ-ਚਰਚਾ ਦਾ ਆਗਾਜ਼ ਫਰਵਰੀ ਮਹੀਨੇ ਦੇ ਆਜ਼ਾਦੀ ਸੰਗਰਾਮ ’ਚ 1926-27 ਦੇ ਬੱਬਰ ਅਕਾਲੀ ਲਹਿਰ ਦੇ ਸ਼ਹੀਦਾਂ, ਸ਼ਹੀਦ ਚੰਦਰ ਸ਼ੇਖ਼ਰ ਆਜ਼ਾਦ, ਸ਼ਹੀਦ ਜਤਿੰਦਰ ਨਾਥ ਸਨਿਆਲ, ਸ਼ਹੀਦ ਸੋਹਣ ਲਾਲ ਪਾਠਕ, ਸ਼ਹੀਦ ਰੂੜ ਸਿੰਘ ਚੂਹੜਚੱਕ, ਸੂਫ਼ੀ ਅੰਬਾ ਪ੍ਰਸ਼ਾਦ, ਸਾਕਾ ਨਨਕਾਣਾ ਸਾਹਿਬ ਅਤੇ ਜੈਤੋ ਦਾ ਮੋਰਚਾ ਦੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਟ ਕਰਨ ਨਾਲ ਹੋਇਆ। ਕਮੇਟੀ ਦੇ ਜਨਰਲ ਸਕੱਤਰ ਪ੍ਰਿਥੀਪਾਲ ਸਿੰਘ ਮਾੜੀਮੇਘਾ ਨੇ ਇਨ੍ਹਾਂ ਇਤਿਹਾਸਕ ਘਟਨਾਵਾਂ ਅਤੇ ਆਜ਼ਾਦੀ ਸੰਗਰਾਮ ਦੇ ਨਾਇਕਾਂ ਦੀ ਅਮਿੱਟ ਦੇਣ ਤੋਂ ਰੋਸ਼ਨੀ ਲੈ ਕੇ ਉਨ੍ਹਾਂ ਦੇ ਅਧੂਰੇ ਕਾਰਜ ਪੂਰੇ ਕਰਨ ਲਈ ਆਪਣੇ ਫ਼ਰਜ਼ ਪਛਾਣਨ ਦੀ ਅਪੀਲ ਕੀਤੀ।

ਚਰਚਾ ਵਿੱਚ ਦੇਸ਼ ਭਗਤ ਯਾਦਗਾਰ ਕਮੇਟੀ ਦੇ ਮੈਂਬਰ ਮੰਗਤ ਰਾਮ ਪਾਸਲਾ, ਸੁਖਵਿੰਦਰ ਸਿੰਘ ਸੇਖ਼ੋਂ ਅਤੇ ਡਾ. ਪਰਮਿੰਦਰ ਸਿੰਘ ਨੇ ਮੁੱਖ ਤੌਰ ’ਤੇ ਹਿੱਸਾ ਲਿਆ। ਚਰਚਾ ਵਿੱਚ ਨਰਿੰਦਰ ਜੰਡਿਆਲਾ, ਸੁਰਿੰਦਰ ਕੁਮਾਰੀ ਕੋਛੜ, ਡਾ. ਸੈਲੇਸ਼, ਸੀਤਲ ਸਿੰਘ ਸੰਘਾ, ਮਾਸਟਰ ਮਦਨ ਬੁੱਲੋਵਾਲ ਅਤੇ ਜਸਵਿੰਦਰ ਫਗਵਾੜਾ ਨੇ ਵੀ ਭਾਗ ਲਿਆ। ਇਸ ਮੌਕੇ ’ਤੇ ਕੈਨੇਡਾ ਤੋਂ ਆਏ ਕਮੇਟੀ ਮੈਂਬਰ ਪ੍ਰੋ. ਵਰਿਆਮ ਸਿੰਘ ਸੰਧੂ, ਗੁਰਮੀਤ ਸਿੰਘ ਤੋਂ ਇਲਾਵਾ ਕਮੇਟੀ ਮੈਂਬਰ ਹਰਮੇਸ਼ ਮਾਲੜੀ, ਪ੍ਰਗਟ ਸਿੰਘ ਜਾਮਾਰਾਏ, ਚਰੰਜੀ ਲਾਲ ਕੰਗਣੀਵਾਲ, ਵਿਜੈ ਬੰਬੇਲੀ ਅਤੇ ਦੇਸ਼ ਭਗਤ ਯਾਦਗਾਰ ਹਾਲ ਦੇ ਪਰਿਵਾਰ ਨਾਲ ਜੁੜੀਆਂ ਸ਼ਖਸੀਅਤਾਂ ਡਾ. ਹਰਜੀਤ, ਡਾ. ਹਰਜਿੰਦਰ ਸਿੰਘ ਅਟਵਾਲ, ਸੁਮਨ ਲਤਾ, ਸੁਖਦੇਵ ਫਗਵਾੜਾ, ਬੂਟਾ ਸਿੰਘ ਮਹਿਮੂਦਪੁਰ, ਪਾਵੇਲ ਕੁੱਸਾ, ਪਰਮਜੀਤ ਆਦਮਪੁਰਾ, ਰਾਜਿੰਦਰ ਹੁਸ਼ਿਆਰਪੁਰ, ਮੋਹਣ ਬੱਲ, ਸੁਖਵਿੰਦਰ ਬਾਗਪੁਰ, ਕੇਸਰ, ਪਰਮਜੀਤ ਕਲਸੀ, ਪਰਸ਼ੋਤਮ ਬਿਲਗਾ ਸਮੇਤ ਜਥੇਬੰਦੀਆਂ ਦੇ ਆਗੂਆਂ ਨੇ ਸ਼ਿਰਕਤ ਕੀਤੀ।

ਜ਼ਿਲ੍ਹਾ ਪੱਧਰੀ ਮੁਜ਼ਾਹਰਿਆਂ ਲਈ ਤਿਆਰੀਆਂ ਮੁਕੰਮਲ

ਜਲੰਧਰ: ਭਾਰਤੀ ਕਮਿਊਨਿਸਟ ਪਾਰਟੀ, ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ-ਲੈਨਿਨਵਾਦੀ) ਨਿਊ ਡੈਮੋਕ੍ਰੇਸੀ, ਇਨਕਲਾਬੀ ਕੇਂਦਰ ਪੰਜਾਬ ਅਤੇ ਆਰ.ਐੱਮ.ਪੀ.ਆਈ. ਵੱਲੋਂ ਸਾਂਝੇ ਤੌਰ ਉੱਤੇ 27 ਫਰਵਰੀ ਨੂੰ ਕਰਵਾਏ ਜਾ ਰਹੇ ਜ਼ਿਲ੍ਹਾ ਪੱਧਰੀ ਪ੍ਰਦਰਸ਼ਨਾਂ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਨ੍ਹਾਂ ਮੁਜ਼ਾਹਰਿਆਂ ਉਪਰੰਤ ਡੀਸੀ ਰਾਹੀਂ ਰਾਸ਼ਟਰਪਤੀ ਨੂੰ ਮੰਗ ਪੱਤਰ ਭੇਜਿਆ ਜਾਵੇਗਾ। ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ-ਲੈਨਿਨਵਾਦੀ) ਨਿਊ ਡੈਮੋਕ੍ਰੇਸੀ ਦੇ ਸੀਨੀਅਰ ਸੂਬਾਈ ਆਗੂ ਕਾਮਰੇਡ ਅਜਮੇਰ ਸਿੰਘ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਹ ਮੁਜ਼ਾਹਰੇ ਛੱਤੀਸਗੜ੍ਹ ਅਤੇ ਦੇਸ਼ ਦੇ ਵੱਖ-ਵੱਖ ਹਿੱਸਿਆਂ ’ਚ ਜੀਵਨ ਦੀ ਸੁਰੱਖਿਆ, ਜਲ, ਜੰਗਲ ਅਤੇ ਜ਼ਮੀਨ ਨੂੰ ਦੇਸੀ-ਵਿਦੇਸ਼ੀ ਲੁੱਟ ਤੋਂ ਬਚਾਉਣ ਲਈ ਸੰਘਰਸ਼ ਕਰ ਰਹੇ ਆਦਿਵਾਸੀਆਂ ਅਤੇ ਹੋਰ ਲੋਕਾਂ ਦੇ ਪੁਲੀਸ ਮੁਕਾਬਲਿਆਂ ਦੇ ਨਾਂ ਹੇਠ ਕੀਤੇ ਜਾ ਰਹੇ ਕਤਲ ਅਤੇ ਜਬਰ ਦੇ ਵਿਰੋਧ ਵਜੋਂ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਜਬਰ ਦਾ ਵਿਰੋਧ ਕਰ ਰਹੀਆਂ ਜਥੇਬੰਦੀਆਂ, ਪਾਰਟੀਆਂ, ਸਿਆਸੀ ਅਤੇ ਜਮਹੂਰੀ ਕਾਰਕੁਨਾਂ, ਪੱਤਰਕਾਰਾਂ ਤੇ ਲੇਖਕਾਂ ਨੂੰ ਵੀ ‘ਸ਼ਹਿਰੀ ਨਕਸਲੀ’ ਕਹਿ ਕੇ ਇਸ ਜਬਰ ਦਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਦੇਸ਼ ਦੇ ਹਰ ਹਿੱਸੇ ਵਿੱਚ ਵਿਰੋਧ ਦੀ ਆਵਾਜ਼ ਉਠਾਉਣ ਅਤੇ ਸੰਘਰਸ਼ ਕਰ ਰਹੇ ਲੋਕਾਂ ਉੱਤੇ ਵੱਖ-ਵੱਖ ਢੰਗਾਂ ਰਾਹੀਂ ਦਬਾਉਣ ਦਾ ਹਰ ਹੀਲਾ ਵਰਤਿਆ ਜਾ ਰਿਹਾ ਹੈ। ਉਨ੍ਹਾਂ ਇਨਕਲਾਬੀ ਅਤੇ ਜਮਹੂਰੀ ਪਾਰਟੀਆਂ, ਜਥੇਬੰਦੀਆਂ ਅਤੇ ਵਿਅਕਤੀਆਂ ਨੂੰ ਪੰਜਾਬ ਭਰ ’ਚ 27 ਫਰਵਰੀ ਨੂੰ ਵਿਰੋਧ ਪ੍ਰਦਰਸ਼ਨ ਵਿੱਚ ਵਧ-ਚੜ੍ਹ ਕੇ ਹਿੱਸਾ ਲੈਣ ਦੀ ਅਪੀਲ ਕੀਤੀ। -ਪੱਤਰ ਪ੍ਰੇਰਕ

Advertisement
×