ਮਨਰੇਗਾ ਕਾਮਿਆਂ ਵੱਲੋਂ ਮੰਗਾਂ ਮੰਨਵਾਉਣ ਲਈ ਰੋਸ ਮਾਰਚ
ਦੀਪਕ ਠਾਕੁਰ
ਤਲਵਾੜਾ, 10 ਜੁਲਾਈ
ਮਨਰੇਗਾ ਵਰਕਰਜ਼ ਯੂਨੀਅਨ ਬਲਾਕ ਹਾਜੀਪੁਰ ਵੱਲੋਂ ਅੱਜ ਵਰਕਰਾਂ ਅਤੇ ਮੇਟਾਂ ਦੀਆਂ ਮੰਗਾਂ ਨੂੰ ਲੈ ਕੇ ਬੀਡੀਪੀਓ ਦਫ਼ਤਰ ਮੂਹਰੇ ਮੁਜ਼ਾਹਰਾ ਕੀਤਾ ਗਿਆ। ਯੂਨੀਅਨ ਨੇ ਆਪਣੀਆਂ ਸਮਸਿਆਵਾਂ ਦੇ ਹੱਲ ਲਈ ਬੀਡੀਪੀਓ ਹਾਜੀਪੁਰ ਨੂੰ ਮੰਗ ਪੱਤਰ ਸੌਂਪਿਆ। ਉਪਰੰਤ ਸ਼ਹਿਰ ’ਚ ਮਾਰਚ ਕੱਢਿਆ ਅਤੇ ਮਨਰੇਗਾ ਬਜਟ ਵਿਚ ਕਟੌਤੀ ਖ਼ਿਲਾਫ਼ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਮੰਗਾਂ ਹੱਲ ਨਾ ਹੋਣ ਦੀ ਸੂਰਤ ’ਚ 24 ਨੂੰ ਵੱਡੇ ਪੱਧਰ ’ਤੇ ਇਕੱਤਰਤਾ ਕਰਨ ਦਾ ਐਲਾਨ ਕੀਤਾ ਹੈ।ਬਲਾਕ ਪ੍ਰਧਾਨ ਬਲਵਿੰਦਰ ਕੌਰ, ਜ਼ਿਲ੍ਹਾ ਪ੍ਰਧਾਨ ਪਰਮਜੀਤ ਕੌਰ ਆਸਫ਼ਪੁਰ, ਸਕੱਤਰ ਅਨੀਤਾ, ਸੋਹਣ ਲਾਲ ਅਤੇ ਬਲਕਾਰ ਸਿੰਘ ਦੀ ਅਗਵਾਈ ਹੇਠ ਰੋਸ ਮੁਜ਼ਾਹਰਾ ਕੀਤਾ ਗਿਆ। ਇਸ ਮੌਕੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ, ਪੰਜਾਬ ਦੇ ਜਨ ਸਕੱਤਰ ਧਰਮਿੰਦਰ ਸਿੰਘ ਅਤੇ ਮਨਰੇਗਾ ਵਰਕਰਜ਼ ਯੂਨੀਅਨ ਪੰਜਾਬ ਦੇ ਕਨਵੀਨਰ ਦੀਪਕ ਹੁਸ਼ਿਆਰਪੁਰ ਵੀ ਸ਼ਾਮਲ ਹੋਏ।
ਇਸ ਮੌਕੇ ਮਨਰੇਗਾ ਵਰਕਰ ਸੁਰਿੰਦਰ ਸਿੰਘ, ਵਿਜੈ ਕੁਮਾਰ, ਊਸ਼ਾ ਰਾਣੀ, ਰਕਸ਼ਾ ਦੇਵੀ, ਕਮਲਾ ਦੇਵੀ, ਸੁਸ਼ਮਾ ਦੇਵੀ ਨੇ ਦਸਿਆ ਕਿ ਪੰਚਾਇਤੀ ਚੋਣਾਂ ਉਪਰੰਤ ਪਿੰਡਾਂ ’ਚ ਪੈਦਾ ਹੋਈ ਧੜੇਬੰਦੀ ਦਾ ਸ਼ਿਕਾਰ ਮਨਰੇਗਾ ਮੇਟਾਂ ਨੂੰ ਬਣਾਇਆ ਜਾ ਰਿਹਾ ਹੈ। ਸਿਆਸੀ ਰੰਜਿਸ਼ ਤਹਿਤ ਉਨ੍ਹਾਂ ਨੂੰ ਕੰਮ ਤੋਂ ਹਟਾਇਆ ਜਾ ਰਿਹਾ ਹੈ। ਉਨ੍ਹਾਂ ਸਰਕਾਰ ਅਤੇ ਪ੍ਰਸ਼ਾਸਨ ਤੋਂ ਸਿਆਸੀ ਰੰਜਿਸ਼ ਤਹਿਤ ਹਟਾਏ ਮੇਟ ਤੁਰੰਤ ਬਹਾਲ ਕਰਨ, ਤਾਨਾਸ਼ਾਹੀ ਰੱਵਈਆ ਅਖ਼ਤਿਆਰ ਕਰ ਚੁੱਕੇ ਸਰਪੰਚਾਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ, ਕੀਤੇ ਕੰਮ ਦੇ ਬਕਾਏ ਤੁਰੰਤ ਜਾਰੀ ਆਦਿ ਕਰਨ ਦੀ ਮੰਗ ਕੀਤੀ ਹੈ। ਯੂਨੀਅਨ ਨੇ ਦੋ ਹਫ਼ਤਿਆਂ ਅੰਦਰ ਉਕਤ ਮੰਗਾਂ ਨਾ ਮੰਨਣ ’ਤੇ 24 ਤਾਰੀਕ ਨੂੰ ਮੁੜ ਬੀਡੀਪੀਓ ਦਫ਼ਤਰ ਹਾਜੀਪੁਰ ਵਿਖੇ ਰੋਸ ਧਰਨਾ ਦੇਣ ਦੀ ਚੇਤਾਵਨੀ ਦਿੱਤੀ। ਉਪਰੰਤ ਏਡੀਸੀ ਦਫ਼ਤਰ ਹੁਸ਼ਿਆਰਪੁਰ ਵਿਖੇ ਜ਼ਿਲ੍ਹਾ ਪੱਧਰੀ ਧਰਨਾ ਦੇਣ ਦਾ ਵੀ ਐਲਾਨ ਕੀਤਾ। ਇਸ ਮੌਕੇ ਯੂਨੀਅਨ ਦੇ ਵਫ਼ਦ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਇੱਕ ਮੰਗ ਪੱਤਰ ਬੀਡੀਪੀਓ ਹਾਜੀਪੁਰ ਸੁਖਪ੍ਰੀਤ ਸਿੰਘ ਨੂੰ ਸੌਂਪਿਆ।