ਹੁਸ਼ਿਆਰਪੁਰ ਵਿੱਚ ਇੱਕ ਪਰਵਾਸੀ ਵੱਲੋਂ ਪੰਜ ਸਾਲਾਂ ਬੱਚੇ ਹਰਵੀਰ ਦੇ ਕਤਲ ਦੇ ਰੋਸ ਵਜੋਂ ਦਸੂਹਾ ਵਿੱਚ ਗੈਰ-ਕਾਨੂੰਨੀ ਪਰਵਾਸੀਆਂ ਖਿਲਾਫ਼ ਸਥਾਨਕ ਬਾਬਾ ਬਰਫਾਨੀ ਚੌਕ ਤੋਂ ਭਾਜਪਾ ਆਗੂ ਅੰਕਿਤ ਰਾਣਾ ਦੀ ਅਗਵਾਈ ਹੇਠ ਰੋਸ ਮਾਰਚ ਕੱਢਿਆ ਗਿਆ ਜਿਸ ਵਿੱਚ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਤੇ ਨੌਜਵਾਨ ਕਾਰਕੁਨਾਂ ਨੇ ਹਿੱਸਾ ਲਿਆ। ਰੋਸ ਮਾਰਚ ਜੀਟੀ ਰੋਡ ਤੋਂ ਹੁੰਦਾ ਹੋਇਆ ਡੀਐੱਸਪੀ ਦਸੂਹਾ ਦੇ ਦਫ਼ਤਰ ਪੁੱਜਾ ਜਿੱਥੇ ਥਾਣਾ ਮੁਖੀ ਬਲਜਿੰਦਰ ਸਿੰਘ ਮੱਲੀ ਨੂੰ ਮੰਗ ਪੱਤਰ ਦਿੱਤਾ ਗਿਆ। ਇਸ ਰਾਹੀਂ ਇਲਾਕੇ ਅੰਦਰ ਰਹਿ ਰਹੇ ਗੈਰ-ਕਾਨੂੰਨੀ ਪਰਵਾਸੀਆਂ ਖਿਲਾਫ਼ 10 ਦਿਨਾਂ ਅੰਦਰ ਕਾਰਵਾਈ ਕਰਨ ਦੀ ਮੰਗ ਕੀਤੀ ਗਈ। ਅੰਕਿਤ ਰਾਣਾ ਨੇ ਕਿਹਾ ਕਿ ਕੁਝ ਅਪਰਾਧਿਕ ਪਿਛੋਕੜ ਵਾਲੇ ਪਰਵਾਸੀ ਸਮਾਜ ਵਿਰੋਧੀ ਗਤੀਵਿਧੀਆਂ ਨੂੰ ਅੰਜਾਮ ਦੇ ਕੇ ਇਲਾਕੇ ਦਾ ਮਾਹੌਲ ਖਰਾਬ ਕਰ ਰਹੇ ਹਨ।
ਬਲਾਚੌਰ (ਪੱਤਰ ਪ੍ਰੇਰਕ): ਥਾਣਾ ਕਾਠਗੜ੍ਹ ਦੇ ਐੱਸਐੱਚਓ ਅਭਿਸ਼ੇਕ ਸ਼ਰਮਾ ਨੇ ਕਸਬਾ ਕਾਠਗੜ੍ਹ ਦੇ ਨਾਲ ਲੱਗਦੇ ਪਿੰਡਾਂ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਉਹ ਕਿਸੇ ਬਾਹਰੀ ਵਿਅਕਤੀ ਨੂੰ ਕਮਰਾ ਕਿਰਾਏ ’ਤੇ ਦਿੰਦੇ ਹਨ ਤਾਂ ਉਹ ਇਸਦੀ ਪੂਰੀ ਵੈਰੀਫਿਕੇਸ਼ਨ ਥਾਣਾ ਕਾਠਗੜ੍ਹ ਵਿੱਚ ਜ਼ਰੂਰ ਕਰਵਾਉਣ। ਥਾਣਾ ਮੁਖੀ ਨੇ ਮੀਡਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਈ ਵਾਰ ਲੋਕ ਕਿਰਾਏਦਾਰਾਂ ਦੀ ਵੈਰੀਫਿਕੇਸ਼ਨ ਨਹੀਂ ਕਰਵਾਉਂਦੇ ਅਤੇ ਕਈ ਵਾਰ ਪਰਵਾਸੀ ਅਪਰਾਧ ਕਰਕੇ ਭੱਜ ਜਾਂਦੇ ਹਨ ਜਿਸ ਕਾਰਨ ਉਨ੍ਹਾਂ ਨੂੰ ਫੜਨਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ। ਉਨ੍ਹਾਂ ਇਲਾਕੇ ਦੇ ਲੋਕਾਂ ਨੂੰ ਦੁਬਾਰਾ ਅਪੀਲ ਕੀਤੀ ਕਿ ਉਨ੍ਹਾਂ ਦੇ ਘਰਾਂ ਵਿੱਚ ਰਹਿਣ ਵਾਲੇ ਪਰਵਾਸੀਆਂ ਅਤੇ ਹੋਰ ਬਾਹਰੀ ਲੋਕਾਂ ਦੀ ਥਾਣਾ ਕਾਠਗੜ੍ਹ ਵਿੱਚ ਆ ਕੇ ਵੈਰੀਫਿਕੇਸ਼ਨ ਕਰਵਾਉਣ।
ਚੱਬੇਵਾਲ ਵੱਲੋਂ ਮ੍ਰਿਤਕ ਦੇ ਪਰਿਵਾਰ ਨੂੰ ਚੈੱਕ ਭੇਟ
ਫਗਵਾੜਾ (ਜਸਬੀਰ ਸਿੰਘ ਚਾਨਾ): ਲੋਕ ਸਭਾ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ ਨੇ ਪਿੰਡ ਭਾਣੌਕੀ ਪੁੱਜ ਕੇ ਕਤਲ ਹੋਏ ਪੰਜ ਸਾਲਾ ਦੇ ਬੱਚੇ ਦੇ ਪਰਿਵਾਰਕ ਮੈਂਬਰਾ ਨੂੰ ਦੋ ਲੱਖ ਰੁਪਏ ਦਾ ਚੈੱਕ ਭੇਟ ਕੀਤਾ। ਡਾ. ਚੱਬੇਵਾਲ ਤੇ ‘ਆਪ’ ਆਗੂ ਜੋਗਿੰਦਰ ਸਿੰਘ ਮਾਨ ਨੇ ਪਰਿਵਾਰ ਨਾਲ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਪਰਵਾਸੀ ਮਜ਼ਦੂਰ ਵੱਲੋਂ ਕੀਤੀ ਇਸ ਘਿਨੌਣੀ ਘਟਨਾ ਦੀ ਹਰ ਵਰਗ ਵੱਲੋਂ ਨਿੰਦਾ ਕੀਤੀ ਜਾ ਰਹੀ ਹੈ। ਉਨ੍ਹਾਂ ਪਰਿਵਾਰ ਨੂੰ ਭਰੋਸਾ ਦਿੱਤਾ ਕਿ ਪੂਰਾ ਸਮਾਜ ਤੁਹਾਡੇ ਨਾਲ ਇਸ ਦੁੱਖ ਦੀ ਘੜ੍ਹੀ ’ਚ ਖੜ੍ਹਾ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਉਨ੍ਹਾਂ ਦਾ ਮਕਾਨ ਸਰਕਾਰੀ ਪੱਧਰ ’ਤੇ ਬਣਾਇਆ ਜਾਵੇਗਾ ਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਨਗਰ ਨਿਗਮ ’ਚ ਨੌਕਰੀ ਦਿੱਤੀ ਜਾਵੇਗੀ। ਇਸ ਮੌਕੇ ਜਸਪਾਲ ਸਿੰਘ ਤੇ ਹਰਦਾਸ ਸਿੰਘ ਗੋਰਾ ਯੂਥ ਪ੍ਰਧਾਨ ਵੀ ਹਾਜ਼ਰ ਸਨ। ਇਸ ਦੌਰਾਨ ਕਾਂਗਰਸੀ ਵਿਧਾਇਕ ਸੁਖਵਿੰਦਰ ਸਿੰਘ ਖਹਿਰਾ ਨੇ ਵੀ ਪਿੰਡ ਪੁੱਜ ਕੇ ਮ੍ਰਿਤਕ ਪਰਿਵਾਰ ਨਾਲ ਦੁੱਖ ਪ੍ਰਗਟਾਇਆ।