ਜੰਗਲਾਤ ਵਰਕਰਜ਼ ਯੂਨੀਅਨ ਵੱਲੋਂ ਮੁਜ਼ਾਹਰਾ
ਜੋਗਿੰਦਰ ਕੁੱਲੇਵਾਲ
ਗੜ੍ਹਸ਼ੰਕਰ, 14 ਜੁਲਾਈ
ਜੰਗਲਾਤ ਵਰਕਰਜ਼ ਯੂਨੀਅਨ ਵੱਲੋਂ ਆਪਣੀਆਂ ਮੰਗਾਂ ਮਨਵਾਉਣ ਸਈ ਵਣ ਮੰਡਲ ਅਫਸਰ ਦੇ ਦਫਤਰ ਅੱਗੇ ਯੂਨੀਅਨ ਦੇ ਸੂਬਾਈ ਪ੍ਰਧਾਨ ਅਮਰੀਕ ਸਿੰਘ ਦੀ ਅਗਵਾਈ ਹੇਠ ਰੋਹ ਭਰਪੂਰ ਧਰਨਾ ਦਿੱਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਸੂਬਾਈ ਪ੍ਰਧਾਨ ਅਮਰੀਕ ਸਿੰਘ, ਮੰਡਲ ਪ੍ਰਧਾਨ ਕੇਵਲ ਕ੍ਰਿਸ਼ਨ, ਪਵਨ ਕੁਮਾਰ ਤੇ ਹੋਰ ਬੁਲਾਰਿਆਂ ਕਿਹਾ ਕਿ ਵਣ ਅਤੇ ਜੰਗਲੀ ਜੀਵ ਵਿਭਾਗ ਵਿੱਚ ਸੇਵਾਵਾਂ ਨਿਭਾਅ ਰਹੇ ਕੱਚੇ ਮੁਲਾਜ਼ਮਾ ਦੀਆਂ ਮੰਗਾਂ ਸਬੰਧੀ ਵਣ ਮੰਤਰੀ ਪੰਜਾਬ ਅਤੇ ਵਿੱਤ ਮੰਤਰੀ ਪੰਜਾਬ ਨਾਲ ਕਈ ਮੀਟਿੰਗਾਂ ਦੇ ਬਾਵਜੂਦ ਕੋਈ ਹੱਲ ਨਹੀਂ ਨਿਕਲਿਆ। ਬੁਲਾਰਿਆਂ ਨੇ ਕਿਹਾ ਕਿ ਮਾਨਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਜੰਗਲਾਤ ਕਾਮਿਆਂ ਦੇ ਹੱਕ ’ਚ ਆਏ ਹੁਕਮਾਂ ਨੂੰ ਲਾਗੂ ਕਰਨ ਦੀ ਬਜਾਏ ਸਰਕਾਰ ਬਿਨਾ ਕਿਸੇ ਲਾਭ ਦੇ ਫਿਕਸ ਤਨਖਾਹਾਂ ਦੇ ਕੇ ਕਾਮਿਆਂ ਨਾਲ ਕੋਝਾ ਮਜਾਕ ਕਰ ਰਹੀ ਹੈ। ਜਿਸ ਕਾਰਨ ਮੁਲਾਜ਼ਮਾ ’ਚ ਭਾਰੀ ਰੋਸ ਹੈ। ਆਗੂਆਂ ਨੇ ਕਿਹਾ ਕਿ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੇ ਨਿਯੁਕਤੀ ਪੱਤਰ ਦੇਣ ਤੇ ਵਰਕਰਾਂ ਦੀਆਂ ਹੋਰ ਭਖਦੀਆਂ ਮੰਗਾਂ ਨੂੰ ਲੈ ਕੇ 14 ਤੋਂ 19 ਜੁਲਾਈ ਤੱਕ ਮੰਡਲ ਦੇ ਵਣ ਰੇਂਜ ਦਫਤਰਾਂ ਅੱਗੇ ਵੀ ਪੱਕੇ ਧਰਨੇ ਲਗਾਏ ਜਾਣਗੇ। ਉਨ੍ਹਾਂ ਜੰਗਲਾਤ ਵਰਕਰਾਂ ਨੂੰ 19 ਜੁਲਾਈ ਨੂੰ ਦਿੜ੍ਹਬਾ ਵਿੱਚ ਸੂਬਾ ਪੱਧਰੀ ਰੈਲੀ ’ਚ ਵੱਡੀ ਗਿਣਤੀ ’ਚ ਸ਼ਾਮਲ ਹੋਣ ਦੀ ਅਪੀਲ ਕੀਤੀ। ਇਸ ਮੌਕੇ ਅਜਮੇਰ ਸਿੰਘ, ਗੋਪੀ ਰਾਮ, ਇੰਦਰਜੀਤ, ਕਸ਼ਮੀਰੀ ਲਾਲ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ।