ਜਨਤਕ ਜਥੇਬੰਦੀਆਂ ਤੇ ਸਿਆਸੀ ਧਿਰਾਂ ਵੱਲੋਂ ਲਾਂਬੜਾ ਥਾਣੇ ਅੱਗੇ ਧਰਨਾ
ਗੁਰਨੇਕ ਸਿੰਘ ਵਿਰਦੀ
ਕਰਤਾਰਪੁਰ 6 ਜੁਲਾਈ
ਜਨਤਕ ਜਥੇਬੰਦੀਆਂ ਅਤੇ ਸਿਆਸੀ ਧਿਰਾਂ ਵੱਲੋਂ ਸਾਂਝੇ ਤੌਰ ’ਤੇ ਥਾਣਾ ਲਾਂਬੜਾ ਅੱਗੇ ਤਿੰਨ ਘੰਟਿਆਂ ਤੋਂ ਵੱਧ ਸਮਾਂ ਧਰਨਾ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਵਿਰੋਧੀਆਂ ਦੀ ਆਵਾਜ਼ ਕੁਚਲਣ ਲਈ ਸੱਤਾਧਾਰੀ ਧਿਰ ਦੇ ਕਥਿਤ ਇਸ਼ਾਰੇ ਉੱਤੇ ਲਾਂਬੜਾ ਪੁਲੀਸ ਵੱਲੋਂ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਮੰਗ ਕੀਤੀ ਕਿ ਪੁਲੀਸ ਇਹ ਕੇਸ ਤੁਰੰਤ ਰੱਦ ਕਰੇ। ਇਸ ਦੌਰਾਨ ਕਪਤਾਨ ਪੁਲੀਸ (ਡਿਟੈਕਟਿਵ) ਸਰਬਜੀਤ ਰਾਏ ਅਤੇ ਡੀਐੱਸਪੀ ਕਰਤਾਰਪੁਰ ਵਿਜੈ ਕੁੰਵਰ ਪਾਲ ਨੇ ਧਰਨਾਕਾਰੀਆਂ ਵਿੱਚ ਆ ਕੇ ਆਗੂਆਂ ਨੇ ਗੱਲਬਾਤ ਕਰ ਕੇ ਇੱਕ ਹਫ਼ਤੇ ਤੱਕ ਮਸਲਿਆਂ ਦਾ ਨਿਬੇੜਾ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇ ਮਿੱਥੇ ਸਮੇਂ ਤੱਕ ਨਿਬੇੜਾ ਨਾ ਕੀਤਾ ਗਿਆ ਤਾਂ ਮਜਬੂਰਨ ਸੰਘਰਸ਼ ਨੂੰ ਤੇਜ਼ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਦਿੱਤੀਆਂ ਗਾਰੰਟੀਆਂ ਨੂੰ ਅਮਲ ਵਿੱਚ ਲਾਗੂ ਨਹੀਂ ਕੀਤਾ ਗਿਆ ਅਤੇ ਸਮਾਜ ਦੇ ਹਰ ਵਰਗ ਵਿੱਚ ਬੇਚੈਨੀ ਅਤੇ ਗੁੱਸਾ ਪਾਇਆ ਜਾ ਰਿਹਾ ਹੈ। ਧਰਨਾਕਾਰੀਆਂ ਨੇ ਕਿਹਾ ਕਿ ਲੋਕ ਆਵਾਜ਼ ਨੂੰ ਝੂਠੇ ਕੇਸਾਂ, ਜੇਲ੍ਹਾਂ ’ਚ ਡੱਕ ਕੇ ਦਬਾਉਣ ਲਈ ਸੂਬੇ ਨੂੰ ਪੁਲੀਸ ਰਾਜ ਵਿੱਚ ਤਬਦੀਲ ਕੀਤਾ ਜਾ ਰਿਹਾ ਹੈ। ਆਗੂਆਂ ਨੇ ਕਿਹਾ ਕਿ ਨੇੜਲੇ ਪਿੰਡ ਅਲੀਚੱਕ ਵਿੱਚ ਪੰਚਾਇਤ ਵੱਲੋਂ ਅੱਗ ਲਗਾਉਣ ਦਾ ਮਸਲਾ ਧਿਆਨ ਵਿੱਚ ਲਿਆਉਣ ’ਤੇ ਸਥਾਨਕ ਪੁਲੀਸ ਨੇ ਸੱਤਾਧਾਰੀ ਧਿਰ ਦੇ ਇਸ਼ਾਰੇ ਉੱਤੇ ਦਰਖ਼ਾਸਤ ਕਰਤਾਵਾਂ ਪੰਚ ਤੇ ਸਾਬਕਾ ਸਰਪੰਚ ਮੋਤਾ ਸਿੰਘ ਤੇ ਹੋਰਨਾਂ ਖ਼ਿਲਾਫ਼ ਹੀ ਝੂਠਾ ਕੇਸ ਦਰਜ ਕਰ ਦਿੱਤਾ, ਧਾਲੀਵਾਲ ਕਾਦੀਆਂ ਦੇ ਸਰਪੰਚ ਮਨਦੀਪ ਕੁਮਾਰ ਅਤੇ ਉਸ ਦੀ ਧਿਰ ਖਿਲਾਫ਼ ਝੂਠਾ ਚੋਰੀ ਦਾ ਕੇਸ ਦਰਜ ਕਰ ਦਿੱਤਾ। ਇਸੇ ਤਰ੍ਹਾਂ ਪਿੰਡ ਕਲਿਆਣਪੁਰ ਦੇ ਸਾਬਕਾ ਸਰਪੰਚ ਆਦਿ ਖ਼ਿਲਾਫ਼ ਕਤਲ ਅਤੇ ਹੋਰ ਸੰਗੀਨ ਧਾਰਾਵਾਂ ਤਹਿਤ ਝੂਠੇ ਕੇਸ ਦਰਜ ਕੀਤੇ ਗਏ। ਉਨ੍ਹਾਂ ਕਿਹਾ ਕਿ ਸਥਾਨਕ ਪੁਲੀਸ ਸੱਤਾਧਾਰੀ ਧਿਰ ਦੀ ਕਠਪੁਤਲੀ ਬਣ ਕੇ ਵਿਚਰ ਰਹੀ ਹੈ। ਇਸ ਕਾਰਨ ਪੁਲੀਸ ਪ੍ਰਸ਼ਾਸਨ ਅਤੇ ਕਾਨੂੰਨ ਤੋਂ ਲੋਕਾਂ ਦਾ ਭਰੋਸਾ ਉੱਠਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇ ਪ੍ਰਸ਼ਾਸਨ ਸੱਤਾਧਾਰੀ ਧਿਰ ਦੇ ਇਸ਼ਾਰੇ ਉੱਤੇ ਲੋਕਾਂ ਨਾਲ ਵਧੀਕੀਆਂ ਕਰਨ ਤੋਂ ਨਾ ਹਟਿਆ ਅਤੇ ਲੋਕਾਂ ਨੂੰ ਨਿਆਂ ਨਾ ਦਿੱਤਾ ਤਾਂ ਸੰਘਰਸ਼ ਨੂੰ ਤੇਜ਼ ਕੀਤਾ ਜਾਵੇਗਾ।
ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਪੱਪੂ ਗਾਖ਼ਲ, ਤੇਜਿੰਦਰ ਨਿੱਝਰ, ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਆਗੂ ਸੰਤੋਖ ਸਿੰਘ ਸੰਧੂ, ਬਸਪਾ ਦੇ ਆਗੂ ਐਡਵੋਕੇਟ ਬਲਵਿੰਦਰ ਕੁਮਾਰ, ਕਾਂਗਰਸ ਦੇ ਹਲਕਾ ਇੰਚਾਰਜ ਰਾਜਿੰਦਰ ਸਿੰਘ, ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾਈ ਪ੍ਰੈੱਸ ਸਕੱਤਰ ਕਸ਼ਮੀਰ ਸਿੰਘ ਘੁੱਗਸ਼ੋਰ ਤੇ ਜ਼ਿਲ੍ਹਾ ਪ੍ਰਧਾਨ ਸਰਪੰਚ ਹੰਸ ਰਾਜ ਪੱਬਵਾਂ, ਨੌਜਵਾਨ ਭਾਰਤ ਸਭਾ ਦੇ ਸੋਨੂੰ ਅਰੋੜਾ, ਨਵਜੋਤ ਸਿਆਣੀਵਾਲ, ਭਾਜਪਾ ਆਗੂ ਮਨਦੀਪ ਬਖਸ਼ੀ, ਬਾਬਾ ਬਲਦੇਵ ਕਿਸ਼ਨ ਗਿੱਲਾਂ ਵਾਲੇ, ਸਾਬਕਾ ਸਰਪੰਚ ਮੋਤਾ ਸਿੰਘ, ਸਰਪੰਚ ਮਨਦੀਪ ਕੁਮਾਰ, ਬਾਬਾ ਗਿੱਲ, ਕੁਲਵਿੰਦਰ ਅਲੀਚੱਕ, ਸਾਬਕਾ ਸਰਪੰਚ ਕਲਿਆਣਪੁਰ ਰਜਨੀ ਮੌਜੂਦ ਸਨ।